ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਨੇ ਪਈ ਗੜਵੀ ਵਿੱਚ ਹੁਣ ਚੂਲੀ ਕੁ ਦੁੱਧ ਬਾਕੀ ਸੀ। ਦੋਵੇਂ ਜਾਣੇ ਗੜਵੀ ਵੱਲ ਦੇਖਣ ਲੱਗੇ ਤੇ ਫਿਰ ਸੁਖਪਾਲ ਨੇ ਦੇਖਿਆ, ਉਹ ਚੁਬਾਰੇ ਤੋਂ ਬਾਹਰ ਜਾਣ ਲੱਗੀ ਸੀ। ਉਸ ਨੇ ਉਸ ਦਾ ਡੌਲ਼ਾ ਫੜ ਕੇ ਜ਼ਬਰਦਸਤੀ ਉਸ ਨੂੰ ਆਪਣੇ ਵੱਲ ਖਿੱਚ ਲਿਆ। ਸੁਖਪਾਲ ਦੇ ਸਰੀਰ ਵਿੱਚ ਅੰਤਾਂ ਦੀ ਗਰਮੀ ਪਤਾ ਨਹੀਂ ਕਿੱਥੋਂ ਆ ਗਈ ਸੀ। ਉਸ ਨੇ ਆਪਣੇ ਤਪਦੇ ਬੁੱਲ੍ਹ ਪਰਮਿੰਦਰ ਦੇ ਬੁੱਲ੍ਹਾਂ ਨਾਲ ਜੋੜ ਦਿੱਤੇ। ਬਹੁਤ ਕੋਸ਼ਿਸ਼ ਦੇ ਬਾਵਜੂਦ ਵੀ ਉਹ ਉਸ ਦੀਆਂ ਬਾਂਹਾਂ ਵਿੱਚੋਂ ਆਪਣੇ ਆਪ ਨੂੰ ਨਾ ਛੁਡਾ ਸਕੀ। ਸੁਖਪਾਲ ਦੀ ਪਕੜ ਸੀ ਹੀ ਬਹੁਤ ਪੀਡੀ ਤੇ ਫਿਰ ਉਹ ਨਿੱਸਲ ਹੋ ਗਈ ਸੀ। ਇਸ ਵਾਰ ਸੁਖਪਾਲ ਨੇ ਉਸ ਨੂੰ ਪੂਰੀ ਰੀਝ ਨਾਲ ਚੁੰਮਿਆ। -ਪੰਘੂੜੀ ਕਿੱਥੇ ਐ? ਪਰਮਿੰਦਰ ਨੂੰ ਛੱਡ ਕੇ ਸੁਖਪਾਲ ਨੇ ਕਿਹਾ। ਜਿਵੇਂ ਆਪਣੇ ਆਪ ਨੂੰ ਹੀ ਪੁੱਛਿਆ ਹੋਵੇ। ਪੰਘੂੜੀ ਤਾਂ ਸਾਹਮਣੇ ਹੀ ਕੰਧ ਨਾਲ ਖੜ੍ਹੀ ਕੀਤੀ ਹੋਈ ਸੀ, ਪਰ ਘਬਰਾਹਟ ਦੇ ਹਨੇਰੇ ਵਿੱਚ ਸੁਖਪਾਲ ਨੂੰ ਕੁਝ ਵੀ ਨਹੀਂ ਸੀ ਦਿਸ ਰਿਹਾ। ਇੱਕ ਬਿੰਦ ਉਹ ਭੰਵਤਰਿਆ ਜਿਹਾ ਖੜ੍ਹਾ ਰਿਹਾ ਤੇ ਫਿਰ ਪੰਘੂੜੀ ਚੁੱਕ ਕੇ ਪੌੜੀਆਂ ਉੱਤਰ ਆਇਆ। ਉਸ ਨੇ ਚੁਬਾਰੇ ਵਿੱਚੋਂ ਨਿਕਲਦਿਆਂ ਦੇਖਿਆ, ਪਰਮਿੰਦਰ ਚੁਬਾਰੇ ਮੂਹਰੇ ਵਿਛੇ ਹੋਏ ਮੰਜੇ ਉੱਤੇ ਅੱਖਾਂ 'ਤੇ ਹਥੇਲੀਆਂ ਧਰੀ ਨੀਵੀਂ ਪਾਈ ਬੈਠੀ ਸੀ।

ਗੁੱਡੀ ਪੈਂਟੂ ਨੂੰ ਲੈ ਕੇ ਆਈ। ਟੀਟੂ ਵੀ ਨਾਲ ਸੀ।

-ਘਰ ਜਾਦ ਆ ਗਿਆ ਹੁਣ, ਹਰਾਮੜੇ? ਗੁੱਡੀ ਦੀ ਗੋਦੀਓਂ ਮੁੰਡਾ ਫੜਦਿਆਂ ਨਛੱਤਰ ਕੌਰ ਨੇ ਵੱਢ-ਖਾਣੀ ਨਜ਼ਰ ਝਾਕ ਕੇ ਕਿਹਾ।

-ਮਾਂ, ਗੁੱਡੀ ਪੂਹਤੀ ਨਾਲ ਲੜ 'ਪੀ। ਪੂਹਤੀ ਨੇ ਵਾਲ਼ ਪੱਟ 'ਤੇ ਏਹਦੇ। ਪੈਂਟੂ ਬਲਾਈਂ ਰੋਇਆ। ਟੀਟੂ ਨੇ ਇੱਕੋ ਸਾਹ ਦੱਸਿਆ।

-ਦਿੰਦੀ ਖਾਂ ਧਨੇਸੜੀ ਰੰਨ ਮੇਰੇ ਪਿਓ ਦੀ ਨੂੰ। ਕੁੱਟ ਖਾ ਕੇ ਆ 'ਗੀ ਵਹਿਚ੍ਹਰੇ। ਨਛੱਤਰ ਕੌਰ ਮੁੰਡੇ ਨੂੰ ਦੁੱਧ ਚੰਘਾਉਣ ਪੀਹੜੀ ਉੱਤੇ ਬੈਠ ਗਈ ਸੀ। ਕਹਿਣ ਲੱਗੀ-ਦੋਵੇਂ ਜਾਣੇ ਰੋਟੀਆਂ ਛਾਬੇ 'ਚੋਂ ਚੱਕੋ ਤੇ ਪਤੀਲੇ 'ਚੋਂ ਸਬਜ਼ੀ ਪਾ ਕੇ ਖਾ ਲੌ, ਨਬੇੜੋ ਪਰ੍ਹੇ।

ਕਿਉਂ ਅੱਕੀ ਪਈ ਐਂ। ਸੁਈ ਕੁੱਤੀ ਵਾਂਗੂੰ ਪੈਨੀ ਐਂ ਜਵਾਕਾਂ ਨੂੰ। ਲਿਆ, ਰੋਟੀ ਪਾ ਕੇ ਲਿਆ, ਖਾਈਏ। ਪੰਘੂੜੀ ਉੱਤੇ ਪਏ ਸੁਖਪਾਲ ਨੇ ਕਿਹਾ ਤੇ ਬਾਹਾਂ ਦੀ ਅਗਵਾੜੀ ਭੰਨੀ।

-ਜਰਾਂਦ ਕਰਕੇ ਬੈਠ ਹੁਣ ਬਿੰਦ-ਝੱਟ। ਦੁੱਧ ਦੇ ਦਿਆਂ ਮੁੰਡੇ ਨੂੰ। ਕਦੋਂ ਦਾ ਬਾਹਰ ਗਿਆ ਹੋਇਐ। ਹੁਣ ਮੁੜਿਐ ਵਿਚਾਰਾ। ਕਿੰਨੇ ਚਿਰ ਦੀ ਉੱਜੜੀ, ਹੁਣ ਘਰ ਵੜੀ ਐ- ਵਰ੍ਹੇ ਊਤ ਗਏ ਏਸ ਕੁੜੀ ਦੇ ਤਾਂ।

ਸਾਰੇ ਟੱਬਰ ਨੇ ਰੋਟੀ ਖਾ ਲਈ ਸੀ। ਵਿਹੜੇ ਵਿੱਚ ਮੰਜੇ ਵਿਛ ਗਏ ਸਨ। ਟੀਟੂ ਦੀ ਪੰਘੂੜੀ ਅੱਜ ਅੱਡ ਡਾਹੀ ਗਈ ਸੀ। ਉਹ ਹਿੰਡ ਕਰ ਰਿਹਾ ਸੀ, ਬਾਪੂ ਨਾਲ ਹੀ ਪੈਣਾ ਹੈ। ਸੁਖਪਾਲ ਕਹਿ ਰਿਹਾ ਸੀ-ਨਹੀਂ ਪਾਉਂਦਾ ਤੈਨੂੰ।

-ਹਾਲੇ ਪਾ ਲੈ ਆਪਣੇ ਨਾਲ ਈ। ਸੌਂ ਗਿਆ ਤਾਂ ਚੱਕ ਕੇ ਪੰਘੂੜੀ 'ਤੇ ਸਿੱਟ ਦੂੰ 'ਗੀ ਆਪੇ ਮੈਂ। ਕਿਉਂ ਰੌਲਾ ਪਾਇਐ। ਭਾਂਡੇ ਮਾਂਜਦੀ ਨਛੱਤਰ ਕੌਰ ਨੇ ਰਸੋਈ ਵਿੱਚੋਂ ਹੀ ਉੱਚੀ ਆਵਾਜ਼ ਵਿੱਚ ਕਿਹਾ।

ਕੱਟੇ ਖੰਭਾਂ ਵਾਲਾ ਉਕਾਬ

17