ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/172

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਸੁਕੜੰਜ ਉੱਤੇ ਖਾਸੀ ਸੱਟ ਲੱਗੀ ਸੀ।

ਆਪਣੀ ਜਮਾਤ ਦੇ ਮੁੰਡਿਆਂ ਨਾਲ ਮੈਂ ਉਸਨੂੰ ਗੱਲਬਾਤ ਕਰਨ ਵੀ ਲਾ ਲਿਆ ਸੀ। ਮੁੰਡੇ ਉਸ ਨੂੰ ਚਹੇਡਾਂ ਕਰਦੇ ਰਹਿੰਦੇ ਪਰ ਉਸ ਨੇ ਕਦੇ ਗੁੱਸਾ ਨਹੀਂ ਸੀ ਮੰਨਿਆ। ਇੱਕ ਮੁੰਡਾ ਤਾਂ ਅੱਖ ਬਚਾ ਕੇ ਉਸ ਦੇ ਟਿੰਡ ਵਰਗੇ ਸਿਰ ਉੱਤੇ ਠੋਲਾ ਵੀ ਲਾ ਜਾਂਦਾ, ਪਰ ਦੁੜੂ ਸਿਰਫ਼ ਮੁਸਕਰਾ ਛੱਡਦਾ।

ਫਿਰ ਉਥੋਂ ਮੇਰੀ ਬਦਲੀ ਹੋ ਗਈ।

ਨਵੇਂ ਥਾਂ ਜਾ ਕੇ ਉਹ ਮੇਰੇ ਯਾਦ ਆਉਂਦਾ ਰਹਿੰਦਾ।

ਜਦੋਂ ਕਦੇ ਮੈਂ ਆਪਣੇ ਪਿੰਡ ਜਾਂਦਾ ਤਾਂ ਮਾਂ ਦੱਸਦੀ ਕਿ “ਐਥੇ ਚੌਦਾਂ ਪੰਦਰਾਂ ਸਾਲਾਂ ਦਾ ਇੱਕ ਮੰਗਤਾ ਔਂਦਾ ਹੁੰਦੈ। ਕਹਿੰਦੈ, ਮੈਂ ਮਾਸਟਰ ਜੀ ਨੂੰ ਜਾਣਦਾਂ। ਬਾਘੀ ਬਲਾਂ ਵਧੀਆ ਪੌਂਦੇ। ਰੋਟੀ ਖਾ ਜਾਂਦੈ, ਕਦੇ ਲੱਸੀ ਪੀ ਜਾਂਦੈ।” ਮਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਧਰਵਾਸ ਜਿਹਾ ਆ ਜਾਂਦਾ। ਮੈਂ ਸਮਝਦਾ ਕਿ ਦੁੜੂ ਦਾ ਰਿਸ਼ਤਾ ਅਜੇ ਵੀ ਮੇਰੇ ਨਾਲ ਕਾਇਮ ਹੈ।

ਇੱਕ ਵਾਰੀ ਮੈਂ ਖ਼ਾਸੇ ਚਿਰ ਪਿੱਛੋਂ ਪਿੰਡ ਆਇਆ, ਤਾਂ ਮਾਂ ਨੇ ਦੱਸਿਆ ਕਿ ਹੁਣ ਦੁੜੂ ਕਦੇ ਨਹੀਂ ਆਇਆ। ਪਿੰਡੋਂ ਜਦ ਮੈਂ ਮੁੜ ਕੇ ਗਿਆ ਤਾਂ ਉਹ ਆਪਣੇ ਪਿੰਡ ਦੀ ਸੜਕ ਉੱਤੇ ਮੈਨੂੰ ਚਾਣਚੱਕ ਮਿਲ ਗਿਆ। ਸਾਇਕਲ ਉੱਤੋਂ ਉੱਤਰ ਕੇ ਮੈਂ ਉਸ ਨੂੰ ਬੜੇ ਮੋਹ ਨਾਲ ਮਿਲਿਆ। ਉਹ ਮੈਨੂੰ ਮਿਲ ਕੇ ਬਹੁਤ ਜ਼ਿਆਦਾ ਖ਼ੁਸ਼ ਹੋਇਆ। ਕਾਫ਼ੀ ਦੇਰ ਬਾਅਦ ਮਿਲਿਆ ਸੀ। ਉਹ ਗੱਲਾਂ ਕਰਦਾ ਅੱਧ ਕੁ ਦਾ ਹੋ ਕੇ ਬੋਲਦਾ ਸੀ। ਜਿਵੇਂ ਉਸ ਨੂੰ ਕੁਝ ਲੱਭ ਪਿਆ ਸੀ। ਮੈਂ ਉਸ ਨੂੰ ਪੁੱਛਿਆ-'ਹੁਣ ਤੂੰ ਕੀ ਕਰਦਾ ਹੁੰਨੈ?' ਉਹ ਕਹਿੰਦਾ-'ਹੁਣ ਤਾਂ ਮਾਸ਼ਟਰ ਜੀ ਮੈਂ ਮੰਗਣਾ ਛੱਡ ’ਤਾ। ਹੁਣ ਮੈਂ ਸੂਰ ਚਾਰਦਾ ਹੁੰਨਾ।’ ਤੇ ਉਸ ਨੇ ਮੈਨੂੰ ਆਖਿਆ- "ਤੂੰ, ਮਾਸ਼ਟਰ ਜੀ ਚਾਹ ਪੀ ਕੇ ਜਾਈਂ। ਮੈਂ ਹੁਣੇ ਕੁੱਲੀਆਂ 'ਚੋਂ ਡੋਲੂ ਭਰਵਾ ਲਿਉਨਾਂ। ਮੈਂ ਉਸ ਨੂੰ ਆਖਿਆ ਕਿ ਮੈਂ ਪਿੰਡਾਂ ਸਭ ਠੀਕ ਠਾਕ ਹੋ ਕੇ ਆਇਆ ਹਾਂ ਤੇ ਕਾਸੇ ਚੀਜ਼ ਦੀ ਹੁਣ ਲੋੜ ਨਹੀਂ। ਉਸ ਨੇ ਬਹੁਤ ਜ਼ੋਰ ਲਾਇਆ, ਪਰ ਮੈਂ ਮੰਨਿਆ ਨਾ। ਉਹ ਗੁੱਸੇ ਜਿਹਾ ਹੋ ਕੇ ਕਹਿੰਦਾ- “ਸਾਡੇ ਗ਼ਰੀਬਾਂ ਦਾ ਤੂੰ ਕਾਹਨੂੰ ਮਾਸਟਰ ਜੀ ਕੁਸ ਖਾਨੈਂ। ਚੰਗਾ ਆ ਤਾਂ ਲੈ ਜਾ। ਗਾਹਾਂ ਜਾ ਕੇ ਤੱਤੇ ਕਰ ਲੀਂ।” ਚਾਰ ਅੰਡੇ ਮੁਰਗੀ ਦੇ ਆਪਣੇ ਗੀਝੇ ਵਿਚੋਂ ਕੱਢ ਕੇ ਉਸ ਨੇ ਮੈਨੂੰ ਪੇਸ਼ ਕੀਤੇ। ਮੈਂ ਫੜ ਲਏ। ਉਹ ਬੇਹੱਦ ਪ੍ਰਸੰਨ ਹੋਇਆ। ‘ਕਦੇ ਆਸ਼ਕਾਂ ਦੀਆਂ ਕੁੱਲੀਆਂ 'ਚ ਵੀ ਗੇੜਾਂ ਮਾਰ ਜਿਹਾ ਕਰ।”

ਕਈ ਮਹੀਨੇ ਲੰਘ ਗਏ ਸਨ ਤੇ ਉਹ ਹੁਣ ਕਦੇ ਮੈਨੂੰ ਮਿਲਿਆ ਨਹੀਂ ਸੀ। ਪਰ ਉਹ ਮੇਰੇ ਯਾਦ ਬਹੁਤ ਆਉਂਦਾ ਰਹਿੰਦਾ। ਉਸ ਦਿਨ ਉਸਦੇ ਪਿੰਡ ਕੋਲ ਸੜਕ ਉੱਤੇ ਕੀਤੀਆਂ ਉਹਦੇ ਨਾਲ ਗੱਲਾਂ ਮੇਰੇ ਬਹੁਤ ਯਾਦ ਆਉਂਦੀਆਂ। ਓਦਣ ਹਰ ਗੱਲ ਉਹ ਹੱਸ-ਹੱਸ ਕਰਦਾ ਸੀ। ਜਦੋਂ ਹੱਸਦਾ ਤਾਂ ਉਸ ਦੇ ਮੂੰਹ ਵਿਚਲਾ ਸੋਨੇ ਦਾ ਦੰਦ ਲਿਸ਼ਕਾਂ ਮਾਰਦਾ ਸੀ। ਅੱਖਾਂ ਵਿੱਚ ਉਹ ਨੇ ਉਸ ਦਿਨ ਗੂੜ੍ਹਾ ਧਾਰੀਦਾਰ ਕੱਜਲ ਪਾਇਆ ਸੀ।

ਜਿਸ ਪਿੰਡ ਮੈਂ ਮਾਸਟਰ ਲੱਗਿਆ ਹੋਇਆ ਸੀ, ਉਸ ਦਿਨ ਉਹ ਪਤਾ ਨਹੀਂ ਕਿਥੋਂ ਆ ਠਹਿਕਿਆ। ਉਹ ਰੰਗ-ਬਰੰਗੀਆਂ ਭੰਬੀਰੀਆਂ ਤੇ ਡੌਰੂ ਵੇਚ ਰਿਹਾ ਸੀ। ਮੈਂ ਉਸਨੂੰ ਪੁੱਛਿਆ- “ਦੜੂ, ਐਡੀ ਦੂਰ ਤੂੰ ਕਿਵੇਂ ਆ ਗਿਆ?” ਉਹ ਕਹਿੰਦਾ- “ਢਿੱਡ ਕਰੌਂਦੇ ਮਾਸਟਰ ਜੀ, ਸੂਰ ਬੁੜ੍ਹੇ ਨੇ ਵੇਚ ਤੇ, ਤੇ ਹੁਣ ਮੈਂ ਇਹ ਕਰਨ ਲੱਗ ਪਿਆ। ਉਸ ਦਿਨ ਰਾਤ ਨੂੰ ਉਹ ਮੇਰੇ ਕੋਲ ਹੀ ਰਹਿ ਪਿਆ ਸੀ।

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ