ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/173

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇੱਕ ਵਾਰੀ ਪਿੰਡ ਮੈਂ ਬੇਬੇ ਤੋਂ ਘਿਓ ਲੈਣ ਗਿਆ। ਮੇਰੀ ਘਰ ਵਾਲੀ ਨੇ ਜ਼ਹਿਮਤ ਡਿੱਗਣਾ ਸੀ। ਬੇਬੇ ਨੇ ਦੱਸਿਆ ਕਿ ‘ਦੁੜੂ ਇੱਕ ਛੱਜ ਦੇ ਗਿਐ। ਛੱਜ ਬੜਾ ਵਧੀਐ। ਪੈਸੇ ਵੀ ਲੈ ਕੇ ਨੀ ਗਿਆ।’ ਬੇਬੇ ਦੀ ਗੱਲ ਸੁਣ ਕੇ ਮੈਂ ਮੁਸਕਰਾਇਆ ਕਿ ਦੁੜੂ ਤਾਂ ਸੌ ਰੰਗ ਬਦਲਦਾ ਹੈ। ਕਦੇ ਗਧੀਆਂ ਚਾਰਦਾ ਹੁੰਦਾ ਸੀ। ਕਦੇ ਬਾਘੀਆਂ ਪਾ ਪਾ ਮੰਗਦਾ ਹੁੰਦਾ ਸੀ। ਫੇਰ ਸੂਰ ਚਾਰਨ ਲੱਗ ਪਿਆ। ਫੇਰ ਕਾਗ਼ਜ਼ ਦੀਆਂ ਭੰਬੀਰੀਆਂ ਤੇ ਡੌਰੂ ਅਤੇ ਹੁਣ ਪਿੜਾਂ ਦਾ ਮੌਕਾ ਹੈ ਤਾਂ ਛੱਜ-ਛਜਲੀਆਂ ਵੇਚਦਾ ਫਿਰਦਾ ਹੈ।

ਇੱਕ ਵਾਰੀ ਉਹ ਮੈਨੂੰ ਸਾਡੇ ਪਿੰਡ ਦੇ ਨੇੜੇ ਸੜਕ ਉੱਤੇ ਹੀ ਟੱਕਰ ਪਿਆ। ਮੈਂ ਚਾਰ ਪੰਜ ਦਿਨਾਂ ਲਈ ਪਿੰਡ ਨੂੰ ਆ ਰਿਹਾ ਸਾਂ। ਉਸ ਦਿਨ ਉਹ ਮੇਰੇ ਕੋਲ ਦੀ ਸਾਇਕਲ ਲੰਘਾ ਕੇ ਲੈ ਗਿਆ ਤੇ ਮੈਨੂੰ ਉਸ ਨੇ ਬੁਲਾਇਆ ਤਕ ਨਾ। ਮੈਂ ਹੈਰਾਨ ਕਿ ਦੁੜੁ ਬੋਲਿਆ ਕਿਉਂ ਨਹੀਂ। ਸ਼ਾਇਦ ਮੈਂ ਸਿਆਣ ਵਿੱਚ ਨਾ ਆਇਆ ਹੋਵਾਂ। ਜਾਂ ਸ਼ਾਇਦ ਉਹ ਐਵੇਂ ਹੀ ਸੰਗ ਗਿਆ ਹੋਵੇ। ਪਰ ਉਹ ਸੰਗਣ ਵਾਲਾ ਤਾਂ ਬੰਦਾ ਨਹੀਂ ਸੀ। ਉਸ ਨੇ ਆਪਣੇ ਸਾਇਕਲ ਦੇ ਮਗਰ ਡੰਗਰਾਂ ਦੇ ਹੱਡ ਲੱਦੇ ਹੋਏ ਸਨ। ਘਰ ਜਾ ਕੇ ਮੈਂ ਆਪਣੇ ਮਨ ਵਿੱਚ ਉਹਦੇ ਉੱਤੇ ਬਹੁਤ ਖਿਝਦਾ ਰਿਹਾ।

ਪਿੰਡੋਂ ਜਿਸ ਦਿਨ ਮੈਂ ਮੁੜ ਕੇ ਜਾਣਾ ਸੀ, ਉਸ ਦਿਨ ਠੰਡ ਬੜੀ ਸੀ। ਤੜਕੇ-ਤੜਕੇ ਧੁੰਦ ਬੜੀ ਸੀ ਤੇ ਫਿਰ ਐਨੀ ਤੇਜ਼ ਹਵਾ ਵਗ ਪਈ ਕਿ ਸਾਰੀ ਧੁੰਦ ਚੁੱਕੀ ਗਈ। ਹਵਾ ਨੇ ਪਾਲਾ ਐਨਾ ਕਰ ਦਿੱਤਾ ਸੀ ਕਿ ਨੰਗਾ ਹੱਥ ਬਾਹਰ ਕੱਢਣ ਨੂੰ ਜੀਅ ਨਹੀਂ ਸੀ ਕਰਦਾ।ਪਿੰਡੋਂ ਚੱਲ ਕੇ ਇੱਕ ਮੀਲ ਸਾਇਕਲ ਚਲਾਇਆ ਹੋਵੇਗਾ ਕਿ ਮੇਰੀ ਤਾਂ ਬਸ ਹੋ ਗਈ। ਹੱਥ ਗੜੇ ਵਾਗੂੰ ਠਰ ਗਏ। ਉਗਲਾਂ ਮੁੜਦੀਆਂ ਨਹੀਂ ਸਨ। ਪੈਰ ਵਿੱਚ ਜੁੱਤੀ ਪਾਈ ਹੋਈ ਹੈ ਜਾਂ ਨਹੀਂ। ਥੋੜੀ ਦੂਰ ਹੋਰ ਅੱਗੇ ਜਾ ਕੇ ਮੈਂ ਦੇਖਿਆ, ਦੁੜੂ ਝਾਫਿਆਂ ਦੀ ਅੱਗ ਮਚਾਈ ਬੈਠਾ ਸੀ ਤੇ ਸੇਕ ਰਿਹਾ ਸੀ। ਉਸ ਨੂੰ ਦੇਖ ਕੇ ਮੈਂ ਉਸ ਦੇ ਕੋਲ ਜਾ ਕੇ ਸਾਇਕਲ ਉੱਤੋਂ ਉੱਤਰ ਗਿਆ। ਉਹ ਭੱਜ ਕੇ ਮਿਲਿਆ। ਧੂਣੀ ਕੋਲ ਖੜ੍ਹਨਸਾਰ ਮੈਂ ਉਸ ਨੂੰ ਪੁੱਛਿਆ- ‘ਚੌਥੇ ਬੋਲਿਆ ਨੀ ਓਏ, ਜਾਤੇ?” ਉਹ ਨਰਮ ਜਿਹਾ ਹੋ ਕੇ ਕਹਿੰਦਾ-‘ਸੱਚੀ ਗੱਲ ਦੱਸਾਂ ਮਾਸ਼ਟਰ ਜੀ?’ ਮੈਂ ਕਿਹਾ- 'ਦੱਸ।’ ਉਹ ਕਹਿੰਦਾ- ‘ਬਈ ਮੇਰੇ ਸੈਕਲ ‘ਤੇ ਹੱਡ ਲੱਦੇ ਸੀ। ਮੈਂ ਆਖਿਆ ਜੇ ਖੜਾ ਤਾਂ ਮੁਸ਼ਕ ਆਊ ਮਾਸ਼ਟਰ ਨੂੰ। ਸਾਡਾ ਤਾਂ ਭਲਾ ਕਿੱਤਾ ਈ ਐ।’ ਮੈਂ ਉਸ ਦੀ ਵੱਖੀ ਉੱਤੇ ਪੋਲੀ ਜਿਹੀ ਮੁੱਕੀ ਧਰ ਦਿੱਤੀ ਤੇ ਕਿਹਾ-‘ਸਾਇਕਲ ਨੂੰ ਪਰ੍ਹੇ ਕਰਕੇ ਖੜ੍ਹਾ ਦਿੰਦਾ ਤੇ ਤੂੰ ਖੜ੍ਹ ਕੇ ਕੋਈ ਗੱਲ ਤਾਂ ਕਰ ਜਾਂਦਾ।’ ਉਹ ਨਿਮੋਝੂਣਾ ਜਿਹਾ ਹੋ ਕੇ ਮੁਸਕਰਾਇਆ। ਅਸੀਂ ਹੋਰ ਕੋਈ ਗੱਲਾਂ ਕਰਦੇ ਰਹੇ। ਅੱਗ ਬੁਝਦੀ ਜਾਂਦੀ ਸੀ। ਉਹ ਭੱਜ ਕੇ ਨੇੜੇ ਦੇ ਖੇਤ ਵਿੱਚੋਂ ਦੋ ਪੂਲੀਆਂ ਕੜਬ ਦੀਆਂ ਚੁੱਕ ਲਿਆਇਆ ਤੇ ਧੂਣੀ ਉੱਤੇ ਧਰ ਦਿੱਤੀਆਂ। ਉਸ ਨੇ ਆਪਣੀ ਜੇਬ ਵਿੱਚੋਂ ਸਿਗਰਟਾਂ ਦੀ ਡੱਬੀ ਕੱਢੀ ਤੇ ਇੱਕ ਸਿਗਰਟ ਧੂਣੀ ਉੱਤੋਂ ਸੁਲਘਾ ਕੇ ਖਿੱਚਵਾਂ ਸੂਟਾ ਲਾਇਆ। ਮੂੰਹ ਵਿੱਚੋਂ ਧੂੰਏਂ ਦਾ ਵਰੋਲਾ ਕੱਢ ਕੇ ਉਹ ਕਹਿੰਦਾ- ‘ਪਾਣੀ ਪੰਪ ਦਾ, ਸਿਗਰਟ ਲੰਪ ਦਾ।’ ਉਸ ਦਾ ਸੋਨੇ ਦਾ ਦੰਦ ਲਿਸ਼ਕਿਆ।

ਹੋਰ ਸੁਣਾ ਫੇਰ, ਜਵਾਕ ਕੈ ਕੁ ਬਣਾ ਲੇ? ਮੈਂ ਉਸ ਤੋਂ ਪੁੱਛਿਆ। ਉਹ ਚੁੱਪ ਜਿਹਾ ਹੋ ਕੇ ਦੱਸਣ ਲੱਗਿਆ- ‘ਜਵਾਕ ਤਾਂ ਇੱਕ ਮੁੰਡੈ, ਇੱਕ ਕੁੜੀ ਐ ਤੇ ਇੱਕ ਅੱਜ ਭਲਕ

ਮੇਰਾ ਯਾਰ ਦੁੜੂ

173