ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/174

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਣ ਵਾਲੈ।’ ਥੋੜ੍ਹਾ ਜਿਹਾ ਰੁਕ ਕੇ ਫਿਰ ਉਹ ਆਪ ਹੀ ਬੋਲਿਆ- “ਸਾਡੇ ਜਵਾਕਾਂ ਦਾ ਕੀਹ ਐ ਮਾਸਟਰ ਜੀ, ਰੁਲ ਖੁਲ ਕੇ ਪਲ ਜਾਂਦੇ ਨੇ। ਤਮ੍ਹਾਤੜਾਂ ਦੇ ਘਰਾਂ ਤੋਂ ਈ ਮੰਗ ਪਿੰਨ ਕੇ ਖਾਣੈ। ਹੋਰ ਕੀ ਉਹਨਾਂ ਨੇ ਜੈਦਾਤਾਂ ਸਾਂਭਣੀਆਂ ਨੇ।’

ਗੱਲਾਂ ਕਰਦੇ ਕਰਦੇ ਅਸੀਂ ਧੂਣੀ ਉੱਤੋਂ ਖੜ੍ਹੇ ਹੋ ਗਏ ਤੇ ਆਪਣੇ-ਆਪਣੇ ਸਾਇਕਲਾਂ ਦੇ ਹੈਂਡਲਾਂ ਨੂੰ ਜਾ ਫੜਿਆ। ਸਾਇਕਲਾਂ ਨੂੰ ਅੱਡੀ ਦੇਣ ਤੋਂ ਪਹਿਲਾਂ ਸੜਕ ਦੇ ਵਿਚਾਲੇ ਖੜ੍ਹੇ ਵੀ ਅਸੀਂ ਨਿੱਕੀਆਂ-ਨਿੱਕੀਆਂ ਗੱਲਾਂ ਅਜੇ ਕਰ ਰਹੇ ਸੀ। ਓਧਰੋਂ ਇੱਕ ਆਦਮੀ ਆਇਆ। ਮੋਟਾ ਢਿੱਡਲ ਆਦਮੀ। ਉਹ ਵੀ ਸਾਇਕਲ ਉੱਤੇ ਸਵਾਰ ਸੀ। ਉਸ ਦੇ ਸਿਰ ਉੱਤੇ ਲੜ-ਛੱਡਵਾਂ ਬਦਾਮੀ ਸਾਫ਼ਾ ਬੰਨ੍ਹਿਆ ਹੋਇਆ ਸੀ। ਦਾੜੀ ਮੁੰਨੀ ਹੋਈ, ਪਰ ਮੁੱਛਾਂ ਪੂਰੀਆਂ ਰੱਖੀਆਂ ਹੋਈਆਂ। ਉਸ ਦੀਆਂ ਮੁੱਛਾਂ ਦੇ ਸਿਰੇ ਥੱਲੇ ਨੂੰ ਖਾਖਾਂ ਕੋਲ ਦੀ ਹੋ ਕੇ ਉਤਾਂਹ ਉੱਠੇ ਹੋਏ ਸਨ। ਮੈਨੂੰ ਹਾਸੀ ਆ ਗਈ ਤੇ ਲੱਗਿਆ ਜਿਵੇਂ ਉਹਦੀਆਂ ਮੁੱਛਾਂ ਸਲੇਟ ਉੱਤੇ ਵਾਹੀ ਤਕਸੀਮ ਹੋਵੇ। ਮੈਂ ਉਸ ਦੀਆਂ ਮੁੱਛਾਂ ਵੱਲ ਵੇਖ ਰਿਹਾ ਸੀ, ਪਰ ਉਹ ਪਾਲੇ ਦਾ ਭੰਨਿਆਂ ਧੁਖਦੀ ਹੋਈ ਧੂਣੀ ਵੱਲ ਝਾਕ ਰਿਹਾ ਸੀ। ਠਰੇ ਹੋਏ ਹੱਥਾਂ ਨਾਲ ਉਸ ਤੋਂ ਆਪਣਾ ਸਾਇਕਲ ਸਾਂਭਿਆ ਨਾ ਗਿਆ ਤੇ ਮੇਰੇ ਸਾਇਕਲ ਦੇ ਵਿੱਚ ਆ ਕੇ ਵੱਜਿਆ। ਸਾਰਾ ਉਸ ਦਾ ਕਸੂਰ ਸੀ ਜਾਂ ਉਸ ਦੀ ਬੇਬਸੀ ਸੀ। ਮੈਂ ਤਾਂ ਖੜ੍ਹਾ ਸੀ। ਪਰ ਉਹ ਢਿੱਡਲ ਮੇਰੇ ਉੱਤੇ ਬੁੜ੍ਹਕ ਪਿਆ- “ਰਾਹ ’ਚ ਖੜ੍ਹੈਂ ਬੇਵਕੂਫ਼ਾ, ਅੱਖਾਂ ਫੁੱਟੀਆਂ ਹੋਈਆਂ ਨੇ।” ਮੈਂ ਭਮੱਤਰ ਗਿਆ ਤੇ ਹੈਰਾਨ ਕਿ ਢਿੱਡਲ ਆਪਣਾ ਕਸੂਰ ਤਾਂ ਮੰਨਦਾ ਨਹੀਂ ਤੇ ਮੈਨੂੰ ਖਾਹ-ਮਖਾਹ ਦੋਸ਼ ਦਿੰਦਾ ਹੈ। ਉਸ ਦੀ ਰੜਕਵੀਂ ਗੱਲ ਕਹਿਣ ਨਾਲ ਮੇਰੇ ਸਰੀਰ ਵਿੱਚ ਸੂਈਆਂ ਚੁਭਣ ਲੱਗ ਪਈਆਂ। ਮੈਂ ਕੁਝ ਕਹਿਣ ਵਾਲਾ ਸੀ ਕਿ ਦੁੜੂ ਨੇ ਆਪਣੇ ਸਾਇਕਲ ਦੇ ਕੈਰੀਅਰ ਵਿੱਚ ਫਸਾਇਆ ਹੱਡ ਬੰਨ੍ਹਣ ਵਾਲਾ ਰੱਸਾ ਖੋਲ੍ਹ ਕੇ ਉਸ ਦੇ ਗਲ ਵਿੱਚ ਪਾ ਲਿਆ ਤੇ ਵੱਟ ਦੇਣਾ ਸ਼ੁਰੂ ਕਰ ਦਿੱਤਾ। ਨਾਲ ਦੀ ਨਾਲ ਕਹੀ ਜਾਵੇਂ- ‘ਮਾਸ਼ਟਰ ਨੂੰ ਬੇਵਕੂਫ ਕਿਮੇਂ ਆਖਿਐ ਓਏ ਕੁੱਪਿਆ?’ ਢਿੱਡਲ ਹੱਫਲ ਗਿਆ। ਉਸ ਤੋਂ ਕੁਝ ਵੀ ਨਹੀਂ ਸੀ ਹੋ ਰਿਹਾ। ਉਸ ਦਾ ਸਾਇਕਲ ਉਸ ਦੇ ਹੱਥਾਂ ਵਿੱਚੋਂ ਨਿਕਲ ਕੇ ਸੜਕ ਉੱਤੇ ਜਾ ਡਿੱਗਿਆ। ਮੈਂ ਦੁੜੂ ਦੇ ਮੌਰਾਂ ਉੱਤੇ ਧੱਫਾ ਮਾਰਿਆ ਤੇ ਆਖਿਆ ਕਿ ਉਹ ਉਸ ਦੇ ਗਲ ਵਿੱਚੋਂ ਰੱਸਾ ਕੱਢ ਲਵੇ। ਉਹ ਪਰ ਹਟਿਆ ਨਾ ਤੇ ਢਿੱਡਲ ਦੀਆਂ ਅੱਖਾਂ ਦੇ ਆਂਡੇ ਬਾਹਰ ਨਿਕਲ ਆਏ। ਮੈਂ ਧੱਕਾ ਦੇ ਕੇ ਦੂੜੂ ਨੂੰ ਪਰ੍ਹੇ ਕਰ ਦਿੱਤਾ ਤੇ ਫੁਰਤੀ ਨਾਲ ਢਿੱਡਲ ਦੇ ਗਲ ਵਿੱਚੋਂ ਰੱਸਾ ਖੋਲ੍ਹ ਦਿੱਤਾ। ਦਬਾ ਸੱਟ ਰੱਸਾ ਚੁੱਕ ਕੇ ਦੁੜੂ ਨੇ ਸਾਇਕਲ ਉੱਤੇ ਪੈਰ ਧਰਿਆ ਤੇ ਔਹ ਗਿਆ। ਜਾਣ ਲੱਗਿਆਂ ਉਹ ਮੇਰੇ ਵੱਲ ਖਚਰੀ ਹਾਸੀ ਹੱਸਿਆ। ਮੈਂ ਦੇਖਿਆ, ਉਸ ਦਾ ਸੋਨੇ ਦਾ ਦੰਦ ਦੂਣ ਸਵਾਇਆ ਲਿਸ਼ਕ ਰਿਹਾ ਸੀ। ਹੱਥ ਬੰਨ੍ਹ ਕੇ ਮੈਂ ਉਸ ਢਿੱਡਲ ਤੋਂ ਮਾਫ਼ੀ ਮੰਗੀ ਤੇ ਮਸਾਂ ਖਹਿੜਾ ਛੁਡਾਇਆ।

ਫਿਰ ਜਦੋਂ ਕਦੇ ਮੈਂ ਪਿੰਡ ਜਾਂਦਾ ਤੇ ਜਦੋਂ ਕਦੇ ਦੁੜੂ ਮੈਨੂੰ ਟੱਕਰਦਾ ਤਾਂ ਉਸ ਢਿੱਡਲ ਦੀ ਗੱਲ ਛੇੜ ਕੇ ਉਹ ਬੜਾ ਲੋਟ-ਪੋਟ ਹੁੰਦਾ।

ਪੰਜ ਛੀ ਮਹੀਨੇ ਫਿਰ ਮੈਂ ਪਿੰਡ ਨਾ ਗਿਆ ਤੇ ਦੁੜੂ ਵੀ ਮੈਨੂੰ ਕਿਤੇ ਨਾ ਮਿਲਿਆ।

ਇੱਕ ਵਾਰੀ ਦੇਰ ਬਾਅਦ ਮੈਂ ਪਿੰਡ ਗਿਆ। ਮੈਨੂੰ ਦੁੜੂ ਦੇ ਪਿੰਡ ਵਾਲੇ ਸਕੂਲ ਵਿੱਚ ਇੱਕ ਖ਼ਾਸ ਕੰਮ ਸੀ। ਮੈਂ ਉਸ ਪਿੰਡ ਵੀ ਕੁਝ ਸਮੇਂ ਲਈ ਚਲਿਆ ਗਿਆ। ਮੇਰੀਆਂ

174

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ