ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/176

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਅਸ਼ਕੇ ਬੁੜ੍ਹੀਏ ਤੇਰੇ

ਬਿਸ਼ਨੀ ਮਰਦਾਂ ਵਰਗੀ ਤੀਵੀਂ ਸੀ। ਬੜੀ ਨਿਧੜਕ, ਬੜੀ ਦਲੇਰ ! ਉਹਨਾਂ ਦੀ ਵਿਹੜਕੀ ਵਿੱਚ ਜੇ ਕਦੇ ਕੋਈ ਉਸ ਨਾਲ ਦੂਰੋ-ਦੂਰੀ ਹੋ ਜਾਂਦਾ ਤਾਂ ਉਹ ਆਦਮੀਆਂ ਵਾਂਗ ਡਾਂਗ ਫੜ ਕੇ ਆਪਣੇ ਵਾਰਗੇ ਖੜ੍ਹੀ ਲਲਕਾਰਾ ਮਾਰਦੀ, ਪਰ ਉਹਦਾ ਮਾਲਕ ਜਮਾਂ ਗਊ ਸੀ। ਬਹੁਤ ਹੀ ਨੇਕ। ਚੁੱਪ ਕੀਤਾ ਜਿਹਾ। ਉਹਦੇ ਮੂੰਹੋਂ ਕਦੇ ਕਿਸੇ ਨੂੰ ਗਾਲ੍ਹ ਨਹੀਂ ਸੀ ਨਿੱਕਲੀ। ਤੀਵੀਂ ਆਦਮੀ ਦੀ ਬਣਦੀ ਬਹੁਤ ਵਧੀਆ ਸੀ। ਉਹ ਖੇਤ ਵਿੱਚ ਕਮਾਈ ਬਹੁਤ ਕਰਦਾ। ਭਾਵੇਂ ਇਕੱਲਾ ਅਕਹਿਰਾ ਬੰਦਾ ਸੀ, ਪਰ ਇੱਕ ਸੀਰੀ ਨੂੰ ਨਾਲ ਰਲਾ ਕੇ ਉਹ ਵਾਹੀ ਦਾ ਕੰਮ ਵਧੀਆ ਤੋਰਦਾ। ਉਹਨਾਂ ਦੇ ਦੋ ਜਵਾਕ ਸਨ, ਛੋਟੇ-ਛੋਟੇ ਬਲੂਰ।

ਉਹਨਾਂ ਦੇ ਅੰਬ ਵਾਲੇ ਖੇਤ ਦੀ ਵੱਟ ਨਾਲ ਮੱਘਰ ਕੀ ਵੱਟ ਲੱਗਦੀ ਸੀ। ਉਸ ਵੱਟ ਉੱਤੇ ਇੱਕ ਸਾਂਝੀ ਕਿੱਕਰ ਖੜ੍ਹੀ ਸੀ। ਬਹੁਤ ਆਲ੍ਹਾ ਕਿੱਕਰ। ਸਿੱਧੀ ਅਸਮਾਨ ਨਾਲ ਗੱਲਾਂ ਕਰਦੀ। ਪੋਰਾ ਉਹਦਾ ਦੋ ਬੰਦਿਆਂ ਦੀ ਜੱਫੀ ਵਿੱਚ ਨਹੀਂ ਸੀ ਆਉਂਦਾ। ਬਹੁਤ ਵੱਡੇ ਆਕਾਰ ਵਾਲੀ। ਮੱਘਰ ਉਸ ਕਿੱਕਰ ਉੱਤੇ ਅੱਖ ਰੱਖਦਾ ਸੀ। ਸਾਂਝੀ ਕਿੱਕਰ ਨੂੰ ਉਹ ਚਾਹੁੰਦਾ ਸੀ ਕਿ ਆਪਣੀ ਇਕੱਲੇ ਦੀ ਹੀ ਬਣਾ ਲਵੇ। ਬਿਸ਼ਨੀ ਦਾ ਮਾਲਕ ਪੰਜਵੇਂ ਸੱਤਵੇਂ ਦਿਨ ਦੇਖਦਾ ਤਾਂ ਕਿੱਕਰ ਦੀਆਂ ਜੜਾਂ ਕੋਲੋਂ ਵੱਟ ਦੀ ਮਿੱਟੀ ਛੇੜੀ ਪਈ ਹੁੰਦੀ। ਕਦੇ ਚੱਪਾ, ਕਦੇ ਗਿੱਠ, ਪਰ ਉਹ ਗੌਗਾ ਨਾ ਕਰਦਾ। ਸੋਚਦਾ, ਦੋ ਸੇਰ ਮਿੱਟੀ ਐਧਰ ਹੋਈ ਕਿ ਔਧਰ। ਕਣਕ ਨੂੰ ਦੂਜਾ ਪਾਣੀ ਲਾ ਕੇ ਉਹ ਪੰਦਰਾਂ ਵੀਹ ਦਿਨ ਖੇਤ ਨਾ ਗਿਆ। ਜਿੱਦਣ ਗਿਆ ਤਾਂ ਦੇਖਿਆ ਕਿ ਮੱਘਰ ਨੇ ਵੱਟ ਕਿੱਕਰ ਦੇ ਉੱਤੋਂ ਦੀ ਕੀਤੀ ਪਈ ਹੈ ਤੇ ਕਿੱਕਰ ਦੀਆਂ ਸਾਰੀਆਂ ਜੜ੍ਹਾਂ ਆਪਣੇ ਵੱਲ ਕਰ ਲਈਆਂ ਹਨ। ਉਸਨੂੰ ਬੜੀ ਹੈਰਾਨੀ ਹੋਈ। ਉਸ ਨੇ ਘਰ ਆ ਕੇ ਮੱਘਰ ਤੋਂ ਪੁੱਛਿਆ ਕਿ ਉਸ ਨੇ ਵੱਟ ਨੂੰ ਕਿੱਕਰ ਦੇ ਉੱਤੇ ਦੀ ਕਿਉਂ ਕਰ ਦਿੱਤਾ ਹੈ। ਮੱਘਰ ਉਸ ਨੂੰ ਚਾਰੇ ਪੈਰ ਚੁੱਕ ਕੇ ਪਿਆ। ਕਹਿੰਦਾ-ਵੱਟ ਜਿੱਥੇ ਪਹਿਲੇ ਦਿਨੋਂ ਐ, ਉੱਥੇ ਈ ਐ, ਕਿਹੜੇ ਕੰਜਰ ਨੇ ਛੇੜੀ ਐ? ਕੱਲ ਨੂੰ ਕਿਤੇ ਹੋਰ ਨਾ ਕੁਝ ਕਹਿ ਦੀਂ?’

ਮੱਘਰ ਆਪਣੇ ਜਾਣੇ ਸਾਰੇ ਅਗਵਾੜ ਉੱਤੇ ਤੜੀ ਰੱਖਦਾ ਸੀ। ਉਹ ਚਾਰ ਭਰਾ ਸਨ। ਮੱਘਰ ਸਭ ਤੋਂ ਛੋਟਾ ਸੀ ਤੇ ਅਜੇ ਛੜਾ ਹੀ ਸੀ। ਆਪਣੀ ਜਵਾਨੀ ਦੇ ਲੋਰ ਵਿੱਚ ਉਹ ਪੂਰਾ ਘੂਕਰਿਆ ਹੋਇਆ ਸੀ। ਅਗਵਾੜ ਦੇ ਹਰ ਨਿੱਕੇ-ਮੋਟੇ ਆਦਮੀ ਉੱਤੇ ਉਹ ਪੂਰੀ ਪੌਂਸ ਜਮਾ ਕੇ ਰੱਖਦਾ। ਬਿਸ਼ਨੀ ਦੇ ਮਾਲਕ ਨੂੰ ਤਾਂ ਉਹ ਤੀਵੀਂ ਦਾ ਗੁਲਾਮ ਸਮਝਦਾ ਸੀ ਤੇ ਉਸ ਨੂੰ ਟਿੱਚ ਕਰਕੇ ਜਾਣਦਾ ਸੀ।

176

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ