ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/179

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਦੇ ਹੁਣ ਇਹ ਖ਼ਿਆਲ ਨਹੀਂ ਸੀ ਕੀਤਾ ਕਿ ਉਹਦੇ ਪੁੱਤ ਖੇਤਾਂ ਵਿੱਚ ਦੱਬ ਕੇ ਕਮਾਈ ਕਰਨ। ਉਹ ਤਾਂ ਚਾਹੁੰਦੀ ਸੀ ਕਿ ਮੱਘਰ ਦੀ ਲੋਥ ਨੂੰ ਹੀ ਉਹ ਇੱਕ ਦਿਨ ਦੇਖ ਲਵੇ ਤੇ ਉਸ ਦੇ ਕਾਲਜੇ ਠੰਡ ਪੈ ਜਾਵੇ।

ਮੱਘਰ ਹੁਣ ਤਾਂ ਦਿਨੇ ਵੀ ਸ਼ਰਾਬ ਨਾਲ ਰੱਜਿਆ ਰਹਿੰਦਾ। ਉਹਦੇ ਭਰਾ ਵੀ ਉਸ ਨੂੰ ਮੂੰਹ ਨਹੀਂ ਸਨ ਲਾਉਂਦੇ। ਉਹਦੀ ਤੀਵੀਂ ਬੁੜ੍ਹੀਆਂ ਕੋਲ ਸੇਰ-ਸੇਰ ਪਾਣੀ ਰੋਂਦੀ। ਮੱਘਰ ਦੀ ਪੱਗ ਵੀਹੀ ਦੇ ਗਾਰੇ ਵਿੱਚ ਰੁਲਦੀ ਰਹਿੰਦੀ ਤੇ ਉਹ ਸਿਰੋਂ ਨੰਗਾ ਕਦੇ ਐਧਰ ਕੌਲੇ ਨਾਲ ਵੱਜਿਆ, ਕਦੇ ਔਧਰ ਕੌਲੇ ਨਾਲ ਵੱਜਿਆ। ਚਾਦਰਾ ਤੇੜੋਂ ਲਾਹ ਕੇ ਮੋਢਿਆਂ ਉੱਤੇ ਧਰ ਲੈਂਦਾ। ਲੋਹੜੀ ਵਾਲੀ ਰਾਤ ਤਾਂ ਉਸ ਨੇ ਬਹੁਤੀ ਹੀ ਪੀ ਲਈ ਸੀ। ਅਗਵਾੜ ਦੀ ਸੱਥ ਵਿੱਚ ਪਾਈ ਧੂਈਂ ਕੋਲ ਦੀ ਜਦ ਉਹ ਲੰਘਣ ਲੱਗਿਆ ਤਾਂ ਉਸ ਨੇ ਉੱਚੀ ਲਲਕਾਰਾ ਮਾਰਿਆ ਤੇ ਕਿਹਾ- ‘ਜਦੋਂ ਦੇਖ ਲਿਆ ਰੰਡੀ ਦੇ ਘਰ ਵੜਦਾ.. ’ ਧੂਈਂ ਉੱਤੇ ਬੈਠੇ ਇੱਕ ਅਲੇਲ ਮੁੰਡੇ ਨੇ ਸੁਭਾਇਕੀ ਲਾਚੜ ਕੇ ਉਸ ਨੂੰ ਪੁੱਛ ਲਿਆ-‘ਰੰਡੀ ਕਿਹੜੀ ਓਏ ਮੱਘਰਾ?’ ਮੱਘਰ ਜੀਭ ਜਿਹੀ ਮਲ਼ ਕੇ ਕਹਿੰਦਾ- “ਬਿਸ਼ਨੀ ਰੰਡੀ!’ ਬਿਸ਼ਨੀ ਦਾ ਛੋਟਾ ਮੁੰਡਾ ਵੀ ਧੂਈਂ ਸੇਕ ਰਿਹਾ ਸੀ। ਮੱਘਰ ਨੇ ਐਨੀ ਗੱਲ ਕਹੀ ਤੇ ਉਸ ਨੇ ਜਚਾ ਕੇ ਕਸੀਆ ਸਿੱਧੇ ਪਾਸਿਉਂ ਮੱਘਰ ਦੇ ਸਿਰ ਵਿੱਚ ਗੱਡ ਦਿੱਤਾ। ਨਾਲ ਦੀ ਨਾਲ ਦੋ ਕਸੀਏ ਹੋਰ ਉਸ ਦੀ ਗਰਦਨ ਉੱਤੇ ਮਾਰ ਕੇ ਉਸ ਦੀ ਘੰਡੀ ਵੱਢ ਦਿੱਤੀ। ਧੂਈਂ ਉੱਤੇ ਬੈਠੇ ਸਾਰੇ ਲੋਕ ਚੁੱਪ ਕਰਕੇ ਆਪੋ-ਆਪਣੇ ਘਰਾਂ ਨੂੰ ਤੁਰ ਗਏ।

ਬਿਸ਼ਨੀ ਨੂੰ ਜਦ ਪਤਾ ਲੱਗਿਆ, ਉਹ ਦੂਜੇ ਮੁੰਡੇ ਨੂੰ ਵੀ ਬਾਹਰਲੇ ਘਰੋਂ ਫਟਾਫਟ ਬੁਲਾ ਲਿਆਈ। ਮੱਘਰ ਦੀ ਸੁੰਧਕਦੀ ਲੋਥ ਨੂੰ ਘੜੀਸ ਕੇ ਉਹਨਾਂ ਤਿੰਨੇ ਮਾਂ-ਪੁੱਤਾਂ ਨੇ ਆਪਣੇ ਵਿਹੜੇ ਵਿੱਚ ਲਿਆ ਸੁੱਟਿਆ। ਦੋਵੇਂ ਮੁੰਡਿਆਂ ਨੂੰ ਫਿਰ ਉਸ ਨੇ ਖੇਤਾਂ ਨੂੰ ਡੱਕਰ ਦਿੱਤਾ। ਆਪ ਨਿਧੜਕ ਹੋ ਕੇ ਸਬਾਤ ਵਿੱਚ ਪੈ ਗਈ।

ਧੂਈਂ ਵਾਲੇ ਥਾਂ ਤੋਂ ਮੱਘਰ ਦਾ ਤੇ ਮੱਘਰ ਦੇ ਭਾਈਆਂ ਦਾ ਘਰ ਖ਼ਾਸੀ ਦੂਰ ਸੀ। ਇਸ ਲਈ ਉਹਨਾਂ ਨੂੰ ਕੁਝ ਠਹਿਰ ਕੇ ਇਸ ਵਾਕੇ ਦਾ ਪਤਾ ਲੱਗਿਆ। ਉਹ ਗੰਡਾਸੇ ਭੱਲੇ ਲੈ ਕੇ ਬਿਸ਼ਨੀ ਦੇ ਘਰ ਆਏ। ਬਿਸ਼ਨੀ ਸਬਾਤ ਵਿੱਚੋਂ ਨਿੱਕਲ ਕੇ ਕੋਠੇ ਉੱਤੇ ਜਾ ਛਾਪਲੀ ਸੀ। ਵਿਹੜੇ ਵਿੱਚ ਮੱਘਰ ਦੀ ਲੋਥ ਪਈ ਦੇਖ ਕੇ ਉਹਦੇ ਭਰਾ ਵਾਪਸ ਮੁੜ ਗਏ। ਉਹਦੇ ਵਿੱਚ ਸਾਹ ਹੁੰਦੇ, ਤਦ ਹੀ ਉਸ ਨੂੰ ਘਰ ਚੁੱਕ ਕੇ ਲਿਜਾਂਦੇ, ਲੋਥ ਨੂੰ ਉਹ ਕੀ ਚੁੱਕਦੇ? ਤੜਕੇ ਨੂੰ ਉਹਨਾਂ ਨੇ ਪੁਲਸ ਚੜਾ ਲਿਆਂਦੀ।

ਪੁਲਸ ਨੇ ਆ ਕੇ ਦੇਖਿਆ, ਬਿਸ਼ਨੀ ਮੌਜਾਂ ਵਿੱਚ ਆਈ ਦੁੱਧ ਰਿੜਕ ਰਹੀ ਸੀ ਤੇ ਕੁਝ ਗਾ ਰਹੀ ਸੀ। ਮੱਘਰ ਦੀ ਲੋਥ ਅੜ੍ਹੋਕਣ ਬਣਾ ਕੇ ਉਸ ਨੇ ਰਿੜਕਣੇ ਨਾਲ ਲਾਈ ਹੋਈ ਸੀ। ਥਾਣੇਦਾਰ ਨੇ ਉਸ ਨੂੰ ਗੁੱਤੋਂ ਫੜ ਲਿਆ- “ਦੱਸ ਬੁੜ੍ਹੀਏ, ਤੇਰੇ ਪੁੱਤ ਕਿੱਥੇ ਨੇ?

ਬਿਸ਼ਨੀ ਚੜੇਲ ਬਣੀ ਹੋਈ ਸੀ। ਉਹ ਥਾਣੇਦਾਰ ਨੂੰ ਕਹਿੰਦੀ- ‘ਜੇ ਬੰਦੇ ਦਾ ਪੁੱਤ ਐਂ ਤਾਂ ਪਹਿਲਾਂ ਗੁੱਤ ਛੱਡ ਮੇਰੀ।’ ਥਾਣੇਦਾਰ ਨੇ ਉਹਦੀ ਗੁੱਤ ਛੱਡ ਦਿੱਤੀ।

ਉਹ ਕਹਿੰਦੀ- ‘ਅੱਜ ਮੈਂ ਆਵਦੇ ਮਾਲਕ ਦਾ ਬਦਲਾ ਲੈ ਲਿਐ। ਮੇਰਾ ਕਾਲਜਾ ਠਰ ਗਿਐ। ਮੁੰਡੇ ਮੇਰੇ ਟਾਹਲੀ ਆਲੇ ਖੇਤ ਝੂੰਬੀ ’ਚ ਬੈਠੇ ਨੇ। ਜਾ ਕੇ ਫੜ ਲੋ।’ ਤੇ ਉਹ ਹੌਲ਼ੀ ਦੇ ਕੇ ਥਾਣੇਦਾਰ ਨੂੰ ਕਹਿੰਦੀ- ‘ਪਰ ਦੇਖ, ਉਹਨਾਂ ਦੇ ਪਿੰਡੇ ਨੂੰ ਛਮਕ ਨਾ ਲਾਈਂ।’

ਅਸ਼ਕੇ ਬੁੜ੍ਹੀਏ ਤੇਰੇ

179