ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/181

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਛੀ ਪੱਤਿਆਂ ਵਾਲੀ ਪੋਥੀ

ਜੇਠ-ਹਾੜ੍ਹ ਦੀ ਰੁੱਤ ਸੀ। ਮੀਂਹ ਉਸ ਦਿਨ ਖਾਸਾ ਪੈ ਰਿਹਾ ਸੀ। ਜਿਸ ਥਾਂ ਮੈਂ ਰਹਿੰਦਾ ਸੀ, ਉਸ ਦੇ ਬਿਲਕੁਲ ਨੇੜੇ ਹੀ ਬਾਜ਼ੀਗਰਾਂ ਦੀਆਂ ਪੰਦਰਾਂ ਵੀਹ ਸਿਰਕੀਆਂ ਲੱਗੀਆਂ ਹੋਈਆਂ ਸਨ। ਦੁਪਹਿਰ ਵੇਲੇ ਬਾਜ਼ੀਗਿਰਾਂ ਦੇ ਛੋਟੇ-ਛੋਟੇ ਮੁੰਡੇ ਮੇਰੇ ਕੋਲ ਹੀ ਦਰਖ਼ਤਾਂ ਹੇਠ ਖੇਡਦੇ ਰਹਿੰਦੇ। ਤੱਤੀ-ਤੱਤੀ ਲੋਅ ਵਗਦੀ। ਕਦੇ-ਕਦੇ ਅੰਨ੍ਹੀ ਬੋਲ਼ੀ ਹਨੇਰੀ ਵੀ ਆ ਜਾਂਦੀ। ਵਾਵਰੋਲੇ ਤਾਂ ਦੂਰ ਅਸਮਾਨ ਵਿੱਚ ਚੜ੍ਹਦੇ ਹੀ ਰਹਿੰਦੇ ਤੇ ਫਿਰ ਕਦੇ-ਕਦੇ ਬੱਦਲ ਪੈ ਜਾਂਦਾ। ਰੇਤਾ ਦਬ ਜਾਂਦਾ। ਹਨੇਰੀਆਂ ਹਟ ਜਾਂਦੀਆਂ। ਹਵਾ ਦੀ ਤਪਸ਼ ਘੱਟ ਹੋ ਜਾਂਦੀ। ਜਦ ਕਦੇ ਮੀਂਹ ਦੇ ਛੜਾਕੇ ਉਤਰਦੇ, ਬਾਜ਼ੀਗਿਰ ਮੁੰਡੇ ਖੇਡਦੇ ਖੇਡਦੇ ਭੱਜ ਕੇ ਮੇਰੇ ਅੰਦਰ ਆ ਵੜਦੇ।

ਹਾਂ! ਉਸ ਦਿਨ ਮੀਂਹ ਖਾਸਾ ਪੈ ਰਿਹਾ ਰਿਹਾ ਸੀ। ਬਾਜ਼ੀਗਿਰ ਮੁੰਡੇ ਭੱਜ ਕੇ ਮੇਰੇ ਕੋਲ ਆਏ ਤੇ ਆਪਣੇ-ਆਪਣੇ ਝੱਗੇ ਲਾਹ ਕੇ ਫੇਰ ਪੈਂਦੇ ਮੀਂਹ ਵਿੱਚ ਖੇਡਣ ਨੱਸ ਗਏ। ਇੱਕ ਮੁੰਡਾ ਮੇਰੇ ਕੋਲ ਹੀ ਖੜ੍ਹਾ ਰਿਹਾ।

“ਤੂੰ ਨੀਂ ਨ੍ਹੌਂਦਾ ਮੀਂਹ 'ਚ ਬਈ?” ਮੈਂ ਉਸਨੂੰ ਪੁੱਛਿਆ।

“ਮੇਰੇ ਕੋਲ ਆਹ ਤਾਸ਼ ਐ। ਜੇ ਮੈਂ ਕੁੜਤੇ ਸਣੇ ਮੀਂਹ 'ਚ ਗਿਆ ਤਾਂ ਇਹ ਭਿੱਜ ਜੂ ਕਣੀਆਂ ਨਾਲ। ਜੇ ਕੁੜਤਾ ਲਾਹ ਕੇ ਏਥੇ ਰੱਖਿਆ ਤਾਂ ਤਾਸ਼ ਕੋਈ ਕੱਢ ਕੇ ਲੈ ਜੂ ਜੇਬ ’ਚੋਂ।” ਇਹ ਗੱਲ ਸਿਆਣਿਆਂ ਵਾਂਗ ਸਮਝਾ ਕੇ ਉਸ ਨੇ ਮੈਨੂੰ ਦੱਸੀ ਤੇ ਜੇਬ ਵਿੱਚੋਂ ਦੁਆਨੀ ਵਾਲੀ ਨਿੱਕੀ ਜਿਹੀ ਤਾਸ਼ ਦੀ ਡੱਬੀ ਕੱਢ ਕੇ ਮੈਨੂੰ ਦਿਖਾਈ।

“ਆਹ ਦੇਖ ਮਾਸਟਰ ਜੀ, ਐਹੀ ਜੀ ਤਾਸ਼ ਕਿਸੇ ਮੁੰਡੇ ਕੋਲ ਨੀਂ। ਮੈਂ ਏਸ ਨਾਲ ਖੇਡਦਾ ਵੀ ਨੀਂ ਕਿਸੇ ਮੁੰਡੇ ਨਾਲ, ਨਜਾਣੀਏ ਕੋਈ ਪੱਤਾ ਈ ਲਕੋ ਲੇ।” ਉਹ ਮੁੰਡਾ ਆਪ ਮੁਹਾਰਾ ਹੀ ਬੋਲ ਰਿਹਾ ਸੀ।

ਦੂਰ ਅਸਮਾਨ ਵਿੱਚ ਹਵਾ ਦੀ ਤੇਜ਼ੀ ਨੇ ਸੂਰਜ ਦੇ ਮੂੰਹ ਉੱਤੋਂ ਬਦਲਾਂ ਦੀ ਚਾਦਰ ਛੱਡ ਦਿੱਤੀ ਸੀ। ਬੱਦਲਾਂ ਦਾ ਮੈਲ਼ਾ ਕੀਤਾ ਚਾਨਣ ਇਕਦਮ ਧੁੱਪ ਦੇ ਕੜਾਕੇ ਨਾਲ ਚਿੱਟਾ-ਚਿੱਟਾ ਹੋ ਗਿਆ। ਕਣੀਆਂ ਅਜੇ ਵੀ ਥੋੜ੍ਹੀਆਂ-ਥੋੜ੍ਹੀਆਂ ਪੈ ਰਹੀਆਂ ਸਨ।‘ਕਾਣੀ ਗਿਦੜੀ ਦਾ ਵਿਆਹ, ਕਾਣੀ ਗਿਦੜੀ ਦਾ ਵਿਆਹ ਬਾਜ਼ੀਗਿਰ ਮੁੰਡੇ ਜ਼ੋਰ ਜ਼ੋਰ ਦੀ ਬਾਹਰ ਰੌਲਾ ਪਾ ਰਹੇ ਸਨ। ਤਾਸ਼ ਵਾਲਾ ਮੁੰਡਾ ਅਜੇ ਵੀ ਮੇਰੇ ਕੋਲ ਹੀ ਖੜ੍ਹਾ ਸੀ। ਮੈਂ ਆਪਣੀ ਅਲਮਾਰੀ ਵਿੱਚ ਕਿਤਾਬਾਂ ਨੂੰ ਤਰਤੀਬ ਦੇ ਰਿਹਾਂ ਸਾਂ। ਬਾਜ਼ੀਗਿਰ ਮੁੰਡਾ ਬੜੀ ਹੈਰਾਨੀ ਨਾਲ ਤੇ ਗਹੁ ਨਾਲ ਮੇਰੇ ਵੱਲ ਦੇਖ ਰਿਹਾ ਸੀ। ਉਸ ਦਾ ਮੇਰੇ ਵੱਲ ਉਚੇਚਾ ਧਿਆਨ ਦੇਖ ਕੇ ਮੈਂ ਉਸ ਨੂੰ ਪੁਛਿਆ-“ਤੇਰਾ ਕੀ ਨਾਂ ਐ ਬਈ?”

“ਕੜਛੀ!” ਉਸ ਨੇ ਇਕਦਮ ਬੋਲ ਦਿੱਤਾ।

ਛੀ ਪੱਤਿਆਂ ਵਾਲੀ ਪੋਥੀ
181