ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/183

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਉਸ ਨੇ ਹੋਰ ਮੁੰਡੇ ‘ਖੱਡੂ’, ‘ਚੂਨੀਆਂ’ ਤੇ ‘ਮੁੰਦਰੀ’ ਵੀ ਆਪਣੇ ਨਾਲ ਰਲ਼ਾ ਲਏ। ਜਦੋਂ ਵੀ ਮੈਂ ਟੱਕਰਦਾ, ਉਹ ਚਾਰੇ ਇਕੱਠੇ ਹੀ ਬੋਲ ਕੇ ‘ਛੀ ਪੰਨਿਆਂ ਵਾਲੀ ਪੋਥੀ’ ਦੀ ‘ਵਾਲੀ’ ਮੇਰੇ ਉੱਤੇ ਕਰ ਦਿੰਦੇ।

ਸਾਵਣ ਦੀ ਰੁੱਤ ਆ ਗਈ ਤੇ ਮੀਂਹ ਬਹੁਤੇ ਸ਼ੁਰੂ ਹੋ ਗਏ। ਜਿੱਥੇ ਬਾਜ਼ੀਗਿਰਾਂ ਦੀਆਂ ਸਿਰਕੀਆਂ ਲੱਗੀਆਂ ਹੋਈਆਂ ਸਨ, ਉਹ ਥਾਂ ਪਿੰਡ ਨਾਲੋਂ ਨੀਵਾਂ ਸੀ। ਹੌਲ਼ੀ-ਹੌਲ਼ੀ ਉਥੇ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਗਿਆ। ਇੱਕ ਦਿਨ ਤਾਂ ਓਪਰਾ ਪਾਣੀ ਆ ਕੇ ਉਹਨਾਂ ਦੀਆਂ ਸਿਰਕੀਆਂ ਦੇ ਅੰਦਰ ਹੀ ਆ ਵੜਿਆ। ਮਜ਼ਬੂਰ ਹੋ ਕੇ ਉਹਨਾਂ ਨੇ ਸਿਰਕੀਆਂ ਉੱਥੋਂ ਪੁੱਟ ਲਈਆਂ ਤੇ ਹੋਰ ਸੁੱਕੇ ਥਾਂ ਜਾ ਗੱਡੀਆਂ। ਲੋਕ ਵੀ ਹੁਣ ਉਹਨਾਂ ਉੱਤੇ ਦੰਦ ਪੀਂਹਦੇ ਸਨ। ਕਹਿੰਦੇ ਸਨ, ਜਿੱਦਣ ਦੇ ਬਾਜ਼ੀਗਿਰ ਆਏ ਨੇ, ਲੋਕਾਂ ਦੇ ਚੈੜੇ ਬਹੁਤੇ ਉੱਜੜਦੇ ਨੇ। ਕਿਸੇ ਦੇ ਖੇਤ 'ਚ ਜੇ ਇਹ ਜਾ ਵੜਨ ਤਾਂ ਡਾਲ ਨੀਂ ਰਹਿਣ ਦੇਂਦੇ।’

ਇੱਕ ਦਿਨ ਤੜਕੇ ਸਦੇਹਾਂ ਹੀ ਮੈਂ ਦੇਖਿਆ, ਛਿੱਛ-ਪੱਤ ਨਾਲ ਉਹਨਾਂ ਨੇ ਦੋ ਟਰੱਕ ਭਰੇ ਹੋਏ ਸਨ। ਟਰੱਕਾਂ ਦੇ ਉੱਤੇ ਸਭ ਜਵਾਕ-ਜੱਲੇ ਲੱਦੇ ਹੋਏ ਸਨ, ਬੁੱਢੀਆਂ ਤੇ ਬੁੱਢੇ ਵੀ। ਥੋੜ੍ਹੇ ਚਿਰ ’ਚ ਹੀ ਘੂੰ-ਘੂੰ ਕਰਕੇ ਟਰੱਕ ਚੱਲ ਪਏ। ਇਸ ਪਿੰਡ ਨੂੰ ਛੱਡ ਕੇ ਬਾਜ਼ੀਗਿਰ ਹੋਰ ਕਿਸੇ ਥਾਂ ਜਾ ਰਹੇ ਸਨ।

ਮੈਨੂੰ ਦੂਰੋਂ ਆਉਂਦਾ ਦੇਖ ਕੇ ਇੱਕ ਟੁੰਡੀ ਬਾਂਹ ਟਰੱਕ ਦੇ ਸਿਖਰੋਂ ਉੱਭਰੀ। ਟਰੱਕ ਦੀ ਘਰਰ-ਘਰਰ ਵਿੱਚ ਕੜਛੀ ਦੀ ਆਵਾਜ਼ ਮੇਰੇ ਕੰਨਾਂ ਤੀਕ ਪਹੁੰਚ ਨਾ ਸਕੀ। ‘ਛੀ ਪੱਤਿਆਂ ਵਾਲੀ ਪੋਥੀ’ ਆਵਾਜ਼ ਜਿਹੜੀ ਮੇਰੇ ਦਿਲ ਨੇ ਸੁਣੀ।

ਆਵਾਜ਼, ਜਿਹੜੀ ਲੱਖਾਂ ਟੱਪਰੀਵਾਸ ਮੁੰਡਿਆਂ ਦੀ ਪੁਕਾਰ ਸੀ।♦

ਛੀ ਪੱਤਿਆਂ ਵਾਲੀ ਪੋਥੀ
183