ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/184

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅੰਨ੍ਹੀ ਮਾਂ ਦਾ ਪੁੱਤ

ਰੋਜ਼ ਵਾਂਗ ਅੱਜ ਦੀ ਆਥਣ ਵੀ ਮੁੰਡੇ-ਕੁੜੀਆਂ ਸੱਥ ਵਿੱਚ ਪੱਕੀ ਚੌਕੜੀ ਉੱਤੇ ਖੇਡਣ ਆ ਜੁੜੇ। ਕੋਈ ਤਾਸ਼ ਖੇਡਦਾ ਸੀ, ਕੋਈ ਰੋੜੇ ਤੇ ਕੋਈ ਪੀਚ੍ਹੋ-ਬੱਕਰੀ। ਦੀਪਾ ਪੀਚ੍ਹੋ-ਬੱਕਰੀ ਖੇਡ ਰਿਹਾ ਸੀ। ਉਹਦੇ ਨਾਲ ਦੋ ਕੁੜੀਆਂ ਤੇ ਇੱਕ ਮੁੰਡਾ ਹੋਰ ਵੀ ਇਹੀ ਖੇਡ ਖੇਡਦੇ ਸਨ। ਹੁਣ ਦੀਪਾ ਆਪਣੀ ਵਾਰੀ ਭੁਗਤਾ ਰਿਹਾ ਸੀ। ਉਹਦਾ ਪੈਰ ਲਕੀਰ ਉੱਤੇ ਟਿਕ ਗਿਆ, ਪਰ ਉਹ ਦਬਾਸਟ ਸਾਰੇ ਘਰ ਟੱਪ ਕੇ ਪਾਰ ਕਰ ਗਿਆ, ਜਿਵੇਂ ਲਕੀਰ ਉੱਤੇ ਟਿਕੀ ਉਹਦੀ ਪੈੜ ਦਾ ਕਿਸੇ ਨੂੰ ਪਤਾ ਹੀ ਨਾ ਲੱਗਿਆ ਹੋਵੇ, ਪਰ ਨਾਲ ਖੇਡਦੀ ਇੱਕ ਕੁੜੀ ਨੇ ਝੱਟ ਚਾਂਗਾਰੌਲੀ ਪਾ ਦਿੱਤੀ- ‘ਲੀਖਰ ਵੱਢ ’ਤੀ, ਲੀਖਰ ਵੱਢ ’ਤੀ।’

ਦੀਪੇ ਨੇ ਕਿਹਾ- ‘ਤੂੰ ਐਵੇਂ ਕਹਿਨੀ ਐਂ।’

‘ਅੰਨ੍ਹਾ ਹੋਇਐਂ? ਮੇਰੇ ਕੀ ਅੱਖਾਂ ਨਹੀਂ?’ ਦੀਪਾ ਮੁਕਰਦਾ ਲੱਗਦਾ ਸੀ।

‘ਅੱਖਾਂ ਤੇਰੀਆਂ ਈ ਫੁੱਟੀਆਂ ਹੋਣਗੀਆਂ? ਅੰਨ੍ਹੀ ਮਾਂ ਦਾ ਪੁੱਤ ਨਾ ਹੋਵੇ, ਜਾਵੱਢਾ।’ ਕੁੜੀ ਪੂਰੀ ਤਰ੍ਹਾਂ ਲਾਚੜ ਗਈ ਸੀ।

‘ਤੇਰੀ ਮਾਂ ਨਾ ਅੰਨ੍ਹੀ।’ ਦੀਪੇ ਨੇ ਕੱਚਾ ਜਿਹਾ ਹੋ ਕੇ ਕਿਹਾ।

‘ਜਾਹ, ਨਹੀਂ ਖੇਡਣਾ ਤਾਂ ਨਾ ਖੇਡ।’ ਕੁੜੀ ਨੇ ਇਹ ਆਖ ਕੇ ਖੇਡ ਬੰਦ ਕਰ ਦਿੱਤੀ। ਦੀਪਾ ਤਾਸ਼ ਵਾਲਿਆਂ ਕੋਲ ਜਾ ਬੈਠਾ।

ਉਹ ਘਰ ਆਇਆ ਤਾਂ ਉਹਦੀ ਮਾਂ ਆਪਣੇ ਪੈਰ ਉੱਤੇ ਲੀਰ ਬੰਨ੍ਹ ਰਹੀ ਸੀ।

‘ਮਾਂ ਇਹ ਕੀ ਹੋ ਗਿਆ?’ ਦੀਪੇ ਨੇ ਪੁੱਛਿਆ।

‘ਵੇ ਹਾਰੇ ’ਚੋਂ ਦਾਲ ਆਲਾ ਤਪਲਾ ਕੱਢਣ ਲੱਗੀ ਸੀ। ਹੱਥਾਂ ’ਚ ਤਪਲਾ ਸੀ, ਦਿਸਿਆ ਨਾ, ਪੀੜ੍ਹੀ ’ਚ ਅੜਕ ਕੇ ਡਿੱਗ ਪੀ। ਸੱਟ ਲੱਗੀ ਪੈਰ ’ਤੇ। ਦੀਂਹਦਾ ਕੀ ਸੁਆਹ ਐ, ਸੱਤਾਂ ਚੁੱਲ੍ਹਿਆਂ ਦੀ ਅੱਗ ਮੈਨੂੰ?’ ਮਾਂ ਨੇ ਸਰਸਰੀ ਨਾਲ ਦੱਸ ਦਿੱਤਾ।

ਦੀਪਾ ਜਿਵੇਂ ਸੁੰਨ ਹੀ ਹੋ ਗਿਆ। ਪੀਚ੍ਹੋ-ਬੱਕਰੀ ਖੇਡਣ ਵਾਲੀ ਕੁੜੀ ਦੀ ਗੱਲ ਉਹਦੇ ਹੱਡ ’ਤੇ ਲੱਗੀ- ‘ਅੰਨ੍ਹੀ ਮਾਂ ਦਾ ਪੁੱਤ।’

ਖੇਤੋਂ ਉਹਦਾ ਪਿਓ ਆਇਆ ਨ੍ਹਾ ਧੋ ਕੇ ਰੋਟੀ ਖਾਣ ਬੈਠਾ ਤੇ ਦੀਪੇ ਨੂੰ ਹਾਕ ਮਾਰੀ-ਪਾਣੀ ਦਾ ਗਲਾਸ ਭਰ ਕੇ ਲਿਆਈਂ ਓਏ ਤੌੜੇ ’ਚੋਂ।’

ਪਹਿੰਡੀ ਉੱਤੇ ਪਏ ਤੌੜੇ ਨੂੰ ਟੇਢਾ ਕਰਕੇ ਦੀਪਾ ਪਾਣੀ ਦੀ ਗੜਵੀ ਭਰਨ ਲੱਗਿਆ। ਤੌੜੇ ਵਿੱਚ ਪਾਣੀ ਥੋੜ੍ਹਾ ਸੀ। ਉਹਦਾ ਧਿਆਨ ਪਾਣੀ ਤੇ ਗੜ੍ਹਵੀ ਵੱਲ

184

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ