ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/185

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬਹੁਤਾ ਹੋ ਗਿਆ। ਤੌੜਾ ਪਹਿੰਡੀ ਉੱਤੋਂ ਐਨਾ ਨਿਉਂ ਗਿਆ ਕਿ ਉਸ ਤੋਂ ਸੰਭਿਆ ਨਾ ਤੇ ਥੱਲੇ ਹੀ ਗਲ ਪਰਨੇ ਡਿੱਗ ਪਿਆ। ਉਸ ਨੇ ਦੰਦਾਂ ਵਿੱਚ ਜੀਭ ਦੀ ਕੁੰਬਲੀ ਦੱਬੀ। ਤੌੜਾ ਕੀਚਰ-ਕੀਚਰ ਹੋ ਗਿਆ।

‘ਪਾਣੀ ਗਲਾਸ ਨਾਲ ਵਿੱਚੋਂ ਨਹੀਂ ਸੀ ਭਰੀਂਦਾ? ਗੜਵੀ ਨਾਲ ਇਉਂ ਪਾਣੀ ਪਾਉਣ ਨੂੰ ਤੈਨੂੰ ਕੀਹਨੇ ਆਖਿਆ ਸੀ? ਦੀਂਹਦਾ ਨੀ ਸੀ ਅੰਨ੍ਹੀ ਮਾਂ ਦਿਆ ਪੁੱਤਾ?’ ਦੀਪੇ ਦਾ ਪਿਓ ਜਿਵੇਂ ਖੇਤੋਂ ਹੀ ਅੱਕ ਕੇ ਆਇਆ ਸੀ।

‘ਤੈਥੋਂ ਆਪ ਨਹੀਂ ਸੀ ਉੱਠ ਕੇ ਲਈਂਦਾ? ਜੇ ਮੇਰੇ ’ਤੇ ਰੱਬ ਨੇ ਭਾਵੀ ਵਰਤਾ ’ਤੀ ਤਾਂ ਜ਼ਰੂਰ ਮੈਨੂੰ ਆਖਣੈ? ਜੇਠ-ਹਾੜ੍ਹ ਦੀਆਂ ਧੁੱਪਾਂ ਵਿੱਚ ਤੇਰਾ ਲੰਗਰ ਢੋਂਦੀ ਰਹੀ ਆਂ- ਉੱਲਾਂ ਉੱਠੀਆਂ ਤੋਂ ਵੀ। ਜੇ ਉਦੋਂ ’ਲਾਜ ਹੋ ਜਾਂਦਾ ਤਾਂ ਇਸ ਮੁਸੀਬਤ ਨੂੰ ਕਾਹਨੂੰ ਪਹੁੰਚਦੀ?’ ਦੀਪੇ ਦੀ ਮਾਂ ਨੇ ਪੁਰੀ ਖਿਝ ਮੰਨੀ।

‘’ਲਾਜ ਨੂੰ ਕੀ ਮੇਰੇ ਕੋਲ ਰੋਕੜੀ ਪਈ ਸੀ?’ ਉਹ ਵੀ ਤਿੜਕ ਪਿਆ।

‘ਜੇ ਨਾ ਰੋਕੜੀ ਪਈ ਸੀ ਤਾਂ ਹੁਣ ਅੰਨ੍ਹੀ ਕਾਹਨੂੰ ਪਰਖ਼ਦੈਂ?’ ਦੀਪੇ ਦੀ ਮਾਂ ਦਾ ਹਰਾਸ ਟੁੱਟਿਆ ਹੋਇਆ ਸੀ।

‘ਤੂੰ ਅੰਨ੍ਹੀ ਕਾਹਨੂੰ ਐਂ, ਮੈਂ ਈ ਨ੍ਹੇਰਾ ਢੋਨਾਂ। ਹਲ਼ ਮਗਰ ਖੁੱਚਾਂ ਤੜੌਂਦੇ ਦੀ ਬਸ ਹੋ ਜਾਂਦੀ ਐ ਤੇ ਘਰ ਆ ਕੇ ਚੱਜ ਨਾਲ ਟੁੱਕ ਵੀ ਨ੍ਹੀਂ ਜੁੜਦਾ।’ ਦੀਪੇ ਦੇ ਪਿਓ ਦੇ ਇਹ ਸ਼ਬਦ ਉਸ ਦੇ ਘਰ ਦੀ ਸਾਰੀ ਦਸ਼ਾ ਦੱਸ ਗਏ ਸਨ।

☆☆☆

ਦੀਪਾ ਇਕੱਲਾ ਪੁੱਤ ਸੀ। ਭੈਣਾਂ ਤਿੰਨ ਵੱਡੀਆਂ, ਸਭ ਵਿਆਹੀਆਂ ਵਰੀਆਂ ਆਪਣੇ-ਆਪਣੇ ਘਰੀਂ ਚਲੀਆਂ ਗਈਆਂ ਸਨ। ਇਹਨਾਂ ਤਿੰਨਾਂ ਕੁੜੀਆਂ ਦੇ ਵਿਆਹਾਂ ਨੇ ਹੀ ਘਰ ਖੁੰਘਲ ਕਰ ਦਿੱਤਾ ਸੀ। ਰਿਣੀ-ਚਿਣੀ ਸਾਰੀ ਹੀ ਲੱਗੀ ਹੋਈ ਸੀ। ਹੁਣ ਨਿੱਕੀ ਜਿਹੀ ਟੱਬਰੀ ਮਸਾਂ ਜੂਨ-ਗੁਜ਼ਾਰਾ ਕਰਦੀ ਸੀ।

ਦੀਪੇ ਦੀ ਮਾਂ ਦੇ ਜਦ ਉੱਲਾਂ ਉੱਠ ਰਹੀਆਂ ਸਨ, ਅੱਖਾਂ ਦੀਆਂ ਡੇਲੀਆਂ ਪਾਟ-ਪਾਟ ਡਿੱਗਦੀਆਂ ਸਨ। ਪੁੜਪੜੀਆਂ ਵਿੱਚ ਜਿਵੇਂ ਹੁੱਜਾਂ ਵੱਜਦੀਆਂ ਹੋਣ। ਉੱਤੋਂ ਕਣਕ ਦੀ ਗਹਾਈ ਦਾ ਜ਼ੋਰ ਸੀ। ਪਿੜ ਵੀ ਉਹਨਾਂ ਦਾ ਖੇਤ ਵਿੱਚ ਹੀ ਸੀ-ਕੋਹ ਭਰ ਦੂਰ। ਦੀਪੇ ਤੋਂ ਮਾਲ ਢਾਂਡਾ ਹੀ ਮਸਾਂ ਸੰਭਦਾ ਸੀ। ਉਸ ਦੀ ਮਾਂ ਨੇ ਬਥੇਰਾ ਕੁਰਲਾਇਆ ਕਿ ਉਹਦਾ ਪਿਓ ਸ਼ਹਿਰ ਜਾ ਕੇ ਉਸ ਦੀਆਂ ਅੱਖਾਂ ਦਿਖਾ ਲਿਆਵੇ, ਪਰ ਉਸ ਨੂੰ ਉਹਦੀਆਂ ਅੱਖਾਂ ਨਾਲੋਂ ਪਿੜ ਦਾ ਫ਼ਿਕਰ ਬਹੁਤਾ ਸੀ। ਅੱਧੀ-ਅੱਧੀ ਰਾਤ ਤੀਕ ਉਹ ਸਿਰ ਫ਼ੜ ਕੇ ਬੈਠੀ ਰਹਿੰਦੀ।

‘ਜਦੋਂ ਮੇਰੀ ਜਾਨ ਮੁੱਕ ਗਈ, ਤੂੰ ਉਦੋਂ ਈ ਕੁਸ ਕਰੇਂਗਾ?’ ਦੀਪੇ ਦੀ ਮਾਂ ਨੇ ਪੂਰੇ ਤਰਲੇ ਨਾਲ ਕਿਹਾ ਸੀ।’

‘ਐਨੇ ਪੈਸੇ ਈ ਕਿੱਥੇ ਨੇ ਡਾਕਧਾਰ ਨਾਲ ਮੱਥਾ ਲੌਣ ਨੂੰ? ਤੂੰ ਅੱਜ ਰਸੌਂਤ ਪਾ ਕੇ ਦੇਖ!’ ਦੀਪੇ ਦੇ ਪਿਓ ਵਿੱਚ ਮਜ਼ਬੂਰੀ ਦੀ ਹੱਦ ਸੀ।

ਤੇ ਓਸ ਰਾਤ ਦੀਪੇ ਦੀ ਮਾਂ ਨੇ ਰਸੌਂਤ ਤੇ ਵਿੱਚ ਫ਼ੀਮ ਵੀ ਥੋੜ੍ਹੀ ਜਿਹੀ ਘੋਲ ਕੇ ਅੱਖਾਂ ਵਿੱਚ ਪਵਾ ਲਈ ਸੀ। ਉਹਦੀਆਂ ਅੱਖਾਂ ਜਿਵੇਂ ਢਿੱਲੀਆਂ ਹੋ ਗਈਆਂ। ਉਸ ਨੂੰ

ਅੰਨ੍ਹੀ ਮਾਂ ਦਾ ਪੁੱਤ

185