ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/186

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਰੇਲੀ ਆ ਗਈ। ਉਸ ਨੇ ਚੀਸ ਵੱਟੀ, ਜਿਵੇਂ ਡੇਲਿਆਂ ਵਿੱਚ ਮੇਰੂ ਹੋ ਗਏ ਹੋਣ। ਸਾਰੀ ਰਾਤ ਉਹ ਮੰਜੇ ਦੇ ਪਾਵੇ ਨਾਲ ਸਿਰ ਲਾ ਕੇ ਬੈਠੀ ਰਹੀ ਸੀ। ਹਾਨੀਸਾਰ ਅਗਲੀ ਸਵੇਰ ਉਸ ਨੂੰ ਡਾਕਟਰ ਕੋਲ ਲਿਜਾਣਾ ਪਿਆ ਸੀ। ਪੈਸਾ ਤਾਂ ਉਦੋਂ ਵਿਹੁ ਖਾਣ ਨੂੰ ਵੀ ਜੇਬ ਵਿੱਚ ਨਹੀਂ ਸੀ। ਕਿਸੇ ਤੋਂ ਚਾਲੀ ਰੁਪਈਏ ਲੈ ਕੇ ਤੇ ਕਣਕ ਨਿੱਕਲੀ ਤੋਂ ਪੰਜਾਹ ਦੇਣੇ ਕਰਕੇ ਉਹ ਸ਼ਹਿਰ ਗਏ ਸਨ।

ਦੀਪੇ ਦੀ ਮਾਂ ਦਾ ਦੁੱਖ ਤਾਂ ਦੂਰ ਹੋ ਗਿਆ ਸੀ, ਪਰ ਨਜ਼ਰ ਚੌਥੇ ਹਿੱਸੇ ਦੀ ਵੀ ਨਹੀਂ ਰਹੀ ਸੀ। ਦੀਪੇ ਦਾ ਪਿਓ ਮਸਾਂ ਦਿਨ ਕਟੀ ਕਰਦਾ ਸੀ। ਦੀਪੇ ਦੀ ਮਾਂ ਅੰਨ੍ਹੀ ਨਹੀਂ ਤਾਂ ਅੰਨ੍ਹਿਆਂ ਵਰਗੀ ਜ਼ਰੂਰ ਹੋ ਗਈ ਸੀ। ਦੀਪਾ ਆਪ ਇੱਕ ਖੱਲੜ ਜਿਹੀ ਮਹਿੰ, ਇੱਕ ਬੱਕਰੀ ਤੇ ਇੱਕ ਵੱਛਾ, ਤਿੰਨ ਪਸ਼ੂ ਸਾਰਾ ਦਿਨ ਬਾਹਰੋਂ ਚਾਰ ਕੇ ਲਿਆਉਣ ਵਿੱਚ ਹੀ ਉਲਝਿਆ ਰਹਿੰਦਾ ਸੀ।

☆☆☆

ਇੱਕ ਦਿਨ ਸਾਰੇ ਪਾਲ਼ੀ ਪਿਛਲੇ ਪਹਿਰ ਦੀ ਚਾਹ ਨਾਲ ਰੋਟੀ ਖਾਣ ਲੱਗੇ। ਦੀਪੇ ਨੇ ਪੋਣੇ ਲੜੋਂ ਮਿੱਸੀ ਰੋਟੀ ਖੋਲ੍ਹੀ। ਸੁਆਹ ਨਾਲ ਲਿੱਬੜੀ ਹੋਈ ਸੀ।

‘ਰੋਟੀ ਤੋਂ ਸੁਆਹ ਨ੍ਹੀਂ ਲਾਹੀ. ਅੰਨ੍ਹੀ ਮਾਂ ਦਿਆਂ ਪੁੱਤਾ?’ ਇੱਕ ਮੁੰਡੇ ਨੇ ਤਰਕ ਮਾਰੀ।

ਦੀਪੇ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਉਸ ਨੇ ਨੀਵੀਂ ਪਾ ਕੇ ਰੁੱਖੀ ਕਸੈਲੀ ਰੋਟੀ ਚਾਹ ਨਾਲ ਅੰਦਰ ਸੁੱਟ ਲਈ।

ਐਤਕੀਂ ਮੀਂਹ ਚੰਗਾ ਪੈ ਗਿਆ ਸੀ ਤੇ ਏਦੂੰ ਵੱਧ ਹੋਰ ਲੋੜ ਵੀ ਨਹੀਂ ਸੀ। ਸਾਵਣ ਦੀ ਮੰਡੀ ਕਾਫ਼ੀ ਭਰਨੀ ਸੀ। ਦੀਪੇ ਦੇ ਤਿੰਨ ਚਾਰ ਪਾਲ਼ੀ ਦੋਸਤਾਂ ਨੇ ਸਲਾਹ ਕੀਤੀ ਕਿ ਮੰਡੀ ਉੱਤੇ ਚੱਲੀਏ। ਦੀਪੇ ਨੇ ਬਥੇਰੀ ਹਿੰਡ ਕੀਤੀ ਕਿ ਉਹਨੇ ਆਪਣੇ ਰੀਂਢੂ ਵੱਛੇ ਲਈ ਘੁੰਗਰਾਲ ਲਿਆਉਣੀ ਹੈ, ਪਰ ਉਸ ਦੇ ਪਿਓ ਨੇ ਮਸਾਂ ਇੱਕ ਅਠਿਆਨੀ ਹੀ ਦਿੱਤੀ। ਇੱਕ ਰੁਪਈਆ ਉਸ ਨੇ ਐਤਕੀਂ ਹਾੜ੍ਹੀਆਂ ਵੇਲੇ ਖਲ੍ਹੀਆਂ ਥੱਲੇ ਡਿੱਗੀਆਂ ਛੋਲਿਆਂ ਦੀਆਂ ਟਾਟਾਂ ਭੋਰ-ਭੋਰ ਕਰ ਲਿਆ ਸੀ।

ਤਿੰਨੇ ਚਾਰੇ ਪਾਲ਼ੀ ਮੁੰਡੇ ਉੱਥੇ ਗਏ। ਹਥਨੀ ਵਰਗੀਆਂ ਝੋਟੀਆਂ, ਹੰਸਾਂ ਵਰਗੇ ਗੋਰੇ ਚਿੱਟੇ ਵਹਿੜਕੇ ਤੇ ਕਲਹਿਰੀ ਮੋਰ ਦੀ ਤੋਰ ਵਾਲੇ ਬੋਤਿਆਂ ਨਾਲ ਮੰਡੀ ਝਿਲਮਿਲ-ਝਿਲਮਿਲ ਕਰ ਰਹੀ ਸੀ। ਕਿਸੇ ਨੇ ਘੁੰਗਰਾਲ ਲਈ, ਕਿਸੇ ਨੇ ਗਾਨੀ, ਕਿਸੇ ਨੇ ਬੱਕਰੀ ਦੀਆਂ ਝਾਂਜਰਾਂ ਤੇ ਦੀਪੇ ਨੇ ਜਿਵੇਂ ਸਾਰੀ ਮੰਡੀ ਗਾਹ ਦਿੱਤੀ ਹੋਵੇ ਤੇ ਉਸ ਨੂੰ ਕੋਈ ਵੀ ਚੀਜ਼ ਪਸੰਦ ਨਾ ਆਈ।

ਇੱਕ ਥਾਂ ਇੱਕ ਸੰਨਿਆਸੀ ਦਵਾਈਆਂ ਵੇਚ ਰਿਹਾ ਸੀ। ਉਸ ਦੀ ਜ਼ਬਾਨ-ਆਰੀ ਵਾਂਗ ਚੱਲਦੀ ਸੀ।

‘ਇਹ ਹੈ ਸੁਰਮੇ ਦੀ ਡਲੀ। ਇਹ ਉਹ ਸੁਰਮਾ ਨਹੀਂ, ਜਿਹੜਾ ਬਾਜ਼ਾਰ ਵਿੱਚ ਦੁਕਾਨ ਤੋਂ ਆਮ ਮਿਲਦਾ ਹੈ। ਬਾਰਾਂ ਤੇ ਬਾਰਾਂ ਚੌਵੀ ਤੇ ਆਹ ਉਸ ਨੇ ਆਪਣੇ ਦੋਵਾਂ ਹੱਥਾਂ ਦੀਆਂ ਦਸੇ ਉਂਗਲਾਂ ਖੋਲ੍ਹੀਆਂ ਤੇ ਫਿਰ ਸੱਜੇ ਹੱਥ ਦੀਆਂ ਦੋ ਉਂਗਲਾਂ ਖੜ੍ਹੀਆਂ ਕਰਕੇ ਕਿਹਾ- ‘ਪੂਰੀਆਂ ਛੱਤੀ ਜੜ੍ਹੀ ਬੂਟੀਆਂ ਦਾ ਇਸ ਵਿੱਚ ਪ੍ਰਯੋਗ ਕੀਤਾ ਗਿਆ

186

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ