ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/192

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਿੱਤਰਾਂ ਨੇ ਕੀਤਾ। ਖੁੱਲ੍ਹਾ ਸੱਦਾ ਸੀ। ‘ਮਿਹਰ ਉਹਨੂੰ ਜਾਣਦਾ ਹੋਵੇ, ਕੋਈ ਆਓ।’ ਵੈਸ਼ਨੂੰ ਤੇ ਅਵੈਸ਼ਨੂੰ ਦੋਵੇਂ ਪ੍ਰਕਾਰ ਦਾ ਵਧੀਆ ਖਾਣਾ ਸੀ। ਇੱਕ ਕਮਰੇ ਵਿੱਚ ਸ਼ਰਾਬ ਦੀਆਂ ਬੋਤਲਾਂ ਦੀ ਅਲਮਾਰੀ ਭਰੀ ਹੋਈ ਸੀ। ਲੋਕ ਪੀਂਦੇ ਜਾਂਦੇ ਤੇ ਹੱਸਦੇ ਖੇਡਦੇ। ਟੋਲੀਆਂ ਖਾਣਾ ਖਾ ਕੇ ਤੁਰ ਰਹੀਆਂ ਸਨ। ਸਾਰਾ ਸ਼ਹਿਰ ਉੱਲਰ ਆਇਆ ਸੀ। ਕੁੜੀਆਂ ਤੇ ਬਹੂਆਂ ਵੀ। ਬੁੜ੍ਹੀਆਂ ਮਿਹਰ ਦਾ ਮੱਥਾ ਚੁੰਮ ਰਹੀਆਂ ਸਨ। ਬਹੂ ਨੂੰ ਹਿੱਕ ਨਾਲ ਲਾਉਂਦੀਆਂ ਤੇ ਸ਼ਗਨ ਦੇ ਰੁਪਏ ਦਿੰਦੀਆਂ।

ਪਿੰਡਾਂ ਮਿਹਰ ਦੀ ਮਾਸੀ ਦੇ ਚਾਰੇ ਮੁੰਡੇ ਆਏ ਪਰ ਬੁੱਸਿਆ ਮੂੰਹ ਲੈ ਕੇ। ਚਾਚਾ ਥੰਮਣ ਤੇ ਮਾਸੀ ਸੁਰਜੀਤ ਕੁਰ ਚੁੱਪ ਬੈਠੇ ਹੋਏ ਸਨ, ਜਿਵੇਂ ਉਹਨਾਂ ਦਾ ਕੋਈ ਮਰ ਗਿਆ ਹੋਵੇ। ਉਤਲੇ ਮਨੋਂ ਖ਼ੁਸ਼ ਦਿਸਦੇ, ਦੰਦੀਆਂ ਜਿਹੀਆਂ ਕੱਢ ਕੇ ਗੱਲ ਕਰਦੇ। ਮਾਸੀ ਆਖਦੀ- ‘ਸ਼ੁਕਰ ਐ ਭਾਈ, ਅੱਜ ਦੇ ਦਿਨ ਨੂੰ।’ ਥੰਮਣ ਬੋਲਦਾ ਸੀ, ‘ਮੈਂ ਤਾਂ ਕਿੱਦਣ ਦਾ ਆਖਦਾ ਹੁੰਦਾ, ਭਾਈ ਮੁੰਡਿਆ ਵਿਆਹ ਕਰਾ ਲੈ। ਮੇਰੀ ਤਾਂ ਮੰਨੀ ਨ੍ਹੀਂ ਇਹਨੇ, ਹੁਣ ਕਰਾਇਆ ਈ ਆਖ਼ਰ ਨੂੰ।’

ਮਾਸੀ ਦੇ ਮੁੰਡਿਆਂ ਨੂੰ ਦਾਰੂ ਚੜ੍ਹਦੀ ਨਹੀਂ ਸੀ। ਥੰਮਣ ਦਾਰੂ ਪੀ ਰਿਹਾ ਸੀ, ਜਿਵੇਂ ਕੋਈ ਗ਼ਮ ਗ਼ਲਤ ਕਰ ਰਿਹਾ ਹੋਵੇ। ਉਹ ਸਭ ਥੋੜ੍ਹਾ ਚਿਰ ਹੀ ਠਹਿਰੇ। ਰੋਟੀ ਖਾਧੀ ਤੇ ਪਿੰਡ ਨੂੰ ਚਲੇ ਗਏ। ਬਹੂਆਂ ਤੇ ਉਹਨਾਂ ਦਾ ਜੁਆਕ ਜੱਲਾ ਨਹੀਂ ਆਇਆ ਸੀ।

ਮਿਹਰ ਇੱਕ ਮਿੱਤਰ ਦੇ ਸੁੰਨੇ ਮਕਾਨ ਵਿੱਚ ਰਹਿਣ ਲੱਗਿਆ। ਲੋੜੀਂਦਾ ਸਾਮਾਨ ਉਹਨੂੰ ਉਹਦੇ ਮਿੱਤਰਾਂ ਨੇ ਲੈ ਕੇ ਦੇ ਦਿੱਤਾ।

ਇਕ ਦਿਨ ਉਹ ਬਹੂ ਲੈ ਕੇ ਪਿੰਡ ਗਿਆ। ਵਿਆਹ ਨੂੰ ਚਾਰ ਪੰਜ ਮਹੀਨੇ ਲੰਘ ਚੁੱਕੇ ਸਨ। ਭਰਜਾਈਆਂ ਨੇ ਤਾਂ ਆਦਰ ਮਾਣ ਬਹੁਤ ਕੀਤਾ। ਗੁਆਂਢੀ ਬੁੜ੍ਹੀਆਂ ਸ਼ਗਨ ਦੇ ਕੇ ਗਈਆਂ। ਮਿਹਰ ਦੀ ਮਾਂ ਨੂੰ ਯਾਦ ਕਰਦੀਆਂ ਤੇ ਆਖਦੀਆਂ- ‘ਜੀਊਂਦੀ ਹੁੰਦੀ ਤਾਂ ਸੌ ਸੌ ਸ਼ਗਨ ਮਨਾਉਂਦੀ। ਨੂੰਹ ਦਾ ਮੂੰਹ ਦੇਖਣਾ ਨਸੀਬ ਨਾ ਹੋਇਆ ਚੰਦਰੀ ਨੂੰ।

ਥੰਮਣ ਸੂੰ ਤੇ ਸੁਰਜੀਤ ਕੁਰ ਲਈ ਜਿਵੇਂ ਉਹ ਸੱਤ ਬਿਗਾਨੇ ਹੋਣ। ਪਤਾ ਨਹੀਂ ਕਿੱਥੋਂ ਆ ਵੜੇ ਸਨ ਉਹਨਾਂ ਦੇ ਘਰ? ਰਾਤ ਉਹਨਾਂ ਨੇ ਓਥੇ ਹੀ ਕੱਟੀ। ਉਸ ਦਿਨ ਨਾ ਮੀਟ ਬਣਿਆ ਤੇ ਨਾ ਹੀ ਦਾਰੂ ਪੀਤੀ ਗਈ। ਚਾਚੇ ਦੇ ਮੁੰਡੇ ਉੱਖੜੀਆਂ-ਉੱਖੜੀਆਂ ਗੱਲਾਂ ਕਰ ਰਹੇ ਸਨ।

ਤੜਕੇ ਆਉਣ ਵੇਲੇ ਸੰਗਦੇ-ਸੰਗਦੇ ਮਿਹਰ ਨੇ ਥੰਮਣ ਨੂੰ ਕਿਹਾ, ‘ਜ਼ਮੀਨ ਦਾ ਕਰੋ ਚਾਚਾ ਕੁਛ, ਹੁਣ ਤਾਂ ਮੈਂ ਵੀ ਘਰ ਜ੍ਹਾ ਬੰਨ੍ਹ ਲਿਆ।

‘ਕੀਹ?’ ਥੰਮਣ ਨੂੰ ਜਿਵੇਂ ਉਹਦੀ ਗੱਲ ਸੁਣੀ ਨਾ ਹੋਵੇ।

‘ਜ਼ਮੀਨ!

‘ਜ਼ਮੀਨ ਕੀ?’

‘ਮੇਰੀ ਜਿੰਨੀ ਬਣਦੀ ਐ।’

ਥੰਮਣ ਸਿੰਘ ਦੇ ਕੰਨ ਜਵਾਬ ਦੇਈ ਬੈਠੇ ਸਨ। ਜੀਭ ਪੱਥਰ ਦੀ ਬਣ ਗਈ। ਅੱਖਾਂ ਮੂਹਰੇ ਹਨੇਰਾ ਛਾ ਗਿਆ। ਖ਼ਾਸੇ ਚਿਰ ਬਾਅਦ ਉਹ ਬੋਲਿਆ, ‘ਹੁੰ!’

192

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ