ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/193

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

‘ਫੇਰ ਆਊਂ ਕਦੇ ਮੈਂ।’ ਮਿਹਰ ਨੇ ਗੱਲ ਨੂੰ ਹਵਾ ਵਿੱਚ ਛੱਡ ਦਿੱਤਾ।

ਉਹ ਪਿੰਡੋਂ ਤੁਰਿਆ ਤਾਂ ਪਿੱਛੋਂ ਜਿਵੇਂ ਥੰਮਣ ਸੂੰ ਦੇ ਅੱਧੇ ਪੁੱਤ ਮਰ ਗਏ ਹੋਣ। ਸਾਰੇ ਟੱਬਰ ਦੇ ਮੂੰਹ ਉੱਤੇ ਸੋਗ ਸੀ।

ਪੰਦਰਾਂ ਵੀਹਾਂ ਦਿਨਾਂ ਬਾਅਦ ਮਿਹਰ ਇਕੱਲਾ ਪਿੰਡ ਗਿਆ। ਥੰਮਣ ਨੂੰ ਪਹਿਲਾਂ ਹੀ ਤੀਰ ਸਿੰਨ੍ਹੀ ਬੈਠਾ ਸੀ। ਬੋਲਿਆ- ‘ਪੰਜਵਾਂ ਹਿੱਸਾ ਲੈ ਲੈ। ਐਨੇ ਦਾ ਈ ਹੱਕ ਐ ਤੇਰਾ। ਚਾਰ ਇਹ ਨੇ, ਪੰਜਵਾਂ ਤੂੰ। ਇਹ ਵੀ ਸਮਝ ਭਾਈਬੰਦੀ ਐ। ਲੋਕ ਲੱਜ ਮਾਰਦੀ ਐ ਮੈਨੂੰ, ਬਈ ਕੀ ਕਹੂਗਾ ਪਿੰਡ। ਤੇਰੇ ਪਿਓ ਦੇ ਕਤਲ ਪਿੱਛੋਂ ਜ਼ਮੀਨ ਸਾਰੀ ਮੇਰੇ ਨਾਉਂ ਚੜ੍ਹਗੀ ਸੀ। ਕਿਤੋਂ ਦਰਿਆਫ਼ਤ ਕਰ ਲੈ।’

‘ਮੈਂ ਅੱਧ ਦਾ...’

‘ਤੂੰ ਨਾਨਕੀ ਜੰਮਿਆ ਸੀ। ਐਥੇ ਤੇਰਾ ਕੋਈ ਰਕਾਡ ਨ੍ਹੀਂ। ਬੁੜ੍ਹੀਆਂ ਦੇ ਨਾਉਂ ਜ਼ਮੀਨ ਚੜ੍ਹਨ ਦਾ ਕਾਨੂੰਨ ਤਾਂ ਮਗਰੋਂ ਬਣਿਆ।’

‘ਮੈਂ ਨਾਨਕਿਆਂ ਤੋਂ ਲੈ ਆਉਨਾਂ ਆਪਣੇ ਜਨਮ ਦਾ ਰਿਕਾਰਡ।’ ਮਿਹਰ ਘਾਬਰਿਆ ਹੋਇਆ ਬੋਲ ਰਿਹਾ ਸੀ।

‘ਦਾਲਤਾਂ ’ਚ ਭੌਂਕਣ ਦਾ ਕੋਈ ਫ਼ੈਦਾ ਨ੍ਹੀਂ ਭਾਈ। ਮਾਰ ਖਾਏਂਗਾ। ਚੁੱਪ ਕਰ ਕੇ ਪੰਜਵਾਂ ਹਿੱਸਾ ਲੈ ਲੈ। ਇਹ ਦੇ ਦਿੰਨਾ ਤੈਨੂੰ ਮੈਂ ਖਰਾ ਦੁੱਧ ਅਰਗਾ।’ ਉਹਦਾ ਕੋਰਾ ਜਵਾਬ ਸੀ।

ਮਾਸੀ ਮਿਹਰ ਦੇ ਮੂੰਹ ਵੱਲ ਝਾਕਦੀ ਤੇ ਥੰਮਣ ਦੀ ਗੱਲ ਦਾ ਹੁੰਗਾਰਾ ਭਰਦੀ। ਉਹਦੇ ਲਈ ਮਿਹਰ ਕੋਈ ਸੀ।

ਭਰਿਆ ਪੀਤਾ ਮਿਹਰ ਉੱਥੋਂ ਉੱਠਿਆ ਤੇ ਅਗਵਾੜ ਵਿੱਚ ਲੋਕਾਂ ਦੇ ਘਰੀਂ ਜਾ ਵੜਿਆ। ਉਹਨੂੰ ਕੋਈ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਰੇ, ਕਿੱਧਰ ਜਾਵੇ।◆

ਪੁੱਠੀ ਸਦੀ

193