ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/194

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਤਲ

ਸਾਉਣ-ਭਾਦੋਂ ਦੀ ਰੁੱਤ ਸੀ। ਉਸ ਦਿਨ ਆਥਣੇ ਜਿਹੇ ਮੀਂਹ ਪਿਆ ਸੀ ਤੇ ਹੁਣ ਹਵਾ ਵਗ ਰਹੀ ਸੀ। ਰਾਤ ਦੇ ਕੋਈ ਗਿਆਰਾਂ ਵੱਜੇ ਹੋਣਗੇ। ਮੈਂ ਪਊਆ ਸ਼ਰਾਬ ਦਾ ਸਟੀਲ ਦੇ ਗਿਲਾਸ ਵਿਚ ਪਾਇਆ ਤੇ ਬਾਕੀ ਦਾ ਠੰਡਾ ਪਾਣੀ ਪਾ ਕੇ ਗਿਲਾਸ ਭਰ ਲਿਆ। ਥੋੜ੍ਹਾ-ਥੋੜ੍ਹਾ ਕਰਕੇ ਪੀਣ ਲੱਗਿਆ। ਸੋਚਿਆ ਸੀ, ਹੁਣ ਕੋਈ ਨਹੀਂ ਆਵੇਗਾ। ਡੱਬੇ ਵਿਚ ਰੋਟੀ ਲਿਆਂਦੀ ਪਈ ਸੀ। ਖਾਵਾਂਗਾ ਤੇ ਸੌਂ ਜਾਵਾਂਗਾ। ਗਿਲਾਸ ਲੈ ਕੇ ਮੈਂ ਠੇਕੇ ਦੇ ਵਿਹੜੇ ਵਿਚ ਮੰਜੇ ਉੱਤੇ ਆ ਬੈਠਾ। ਪੌਣੇ ਕੁ ਚੰਦ ਦੀ ਚਾਨਣੀ ਸੁਖਾਵੀਂ-ਸੁਖਾਵੀਂ ਲੱਗ ਰਹੀ ਸੀ। ਆਸਮਾਨ ਵਿੱਚ ਰੌਲੀਏ ਚੱਲ ਰਹੇ ਸਨ। ਨਿੱਕਾ ਜਿਹਾ ਬੱਦਲ ਕੋਈ ਚੰਦ ਦਾ ਮੂੰਹ ਢਕ ਕੇ ਤਿਲਕਣ ਲੱਗਦਾ ਤਾਂ ਲਗਦਾ ਜਿਵੇਂ ਚੰਦ ਦਾ ਸਾਹ ਘੁੱਟਿਆ ਗਿਆ ਹੋਵੇ। ਬੱਦਲ ਦੂਰ ਜਾ ਰਿਹਾ ਹੁੰਦਾ ਤਾਂ ਚੰਦ ਭੱਜਿਆ ਜਾਂਦਾ ਨਜ਼ਰ ਆਉਂਦਾ। ਮੈਨੂੰ ਇਹ ਖੇਡ ਬੜੀ ਪਿਆਰੀ ਲੱਗ ਰਹੀ ਸੀ। ਮੈਨੂੰ ਆਪਣਾ ਪਿੰਡ ਯਾਦ ਆਉਣ ਲੱਗਿਆ। ਬੇਬੇ ਤੇ ਬਾਪੂ ਕੋਠੇ ਉੱਤੇ ਪਏ ਚੰਦ ਬੱਦਲਾਂ ਦੀ ਇਹ ਖੇਡ ਦੇਖ ਰਹੇ ਹੋਣਗੇ, ਪਰ ਖ਼ਿਆਲ ਆਉਂਦਾ, ਉਹ ਹੁਣ ਤੱਕ ਕਿੱਥੇ ਜਾਗਦੇ ਹੋਣਗੇ। ਰਾਤ ਤਾਂ ਕਿੰਨੀ ਲੰਘ ਚੁੱਕੀ ਹੈ। ਹੁਣ ਤਾਂ ਸਾਰਾ ਪਿੰਡ ਸੌਂ ਚੁੱਕਿਆ ਹੋਵੇਗਾ। ਇਕ ਮੈਂ ਹੀ ਹਾਂ, ਗਾਹਕਾਂ ਦੀ ਉਡੀਕ ਵਿੱਚ ਬੈਠਾ ਇਸ ਵੇਲੇ ਤਕ ਜਾਗਦਾ ਹੋਇਆ।

ਹਵਾ ਵਗਦੀ ਤੇ ਚੰਨ ਚਾਨਣੀ ਰਾਤ ਬੜੀ ਸੋਹਣੀ ਸੀ। ਮੈਂ ਗਿਲਾਸ ਖ਼ਾਲੀ ਕੀਤਾ ਤੇ ਗੱਦੀ ਉੱਤੇ ਚੜ੍ਹਕੇ ਲੈਂਪ ਦੇ ਚਾਨਣ ਵਿੱਚ ਨੋਟ ਗਿਣਨ ਲੱਗਿਆ। ਪੂਰਾ ਅਠਾਈ ਸੌ ਰੁਪਈਆ ਸੀ। ਮੇਰੇ ਹਿਸਾਬ ਨਾਲ-ਨਾਲ ਇਹਨਾਂ ਵਿੱਚ ਪੈਂਤੀ ਰੁਪਏ ਵੱਧ ਬਣਦੇ ਸਨ। ਮੁਨਸ਼ੀ ਨੂੰ ਮੈਂ ਸਤਾਈ ਸੌ ਪੈਂਹਠ ਦੇਣੇ ਸਨ ਤੇ ਇਹ ਪੈਂਤੀ ਮੇਰੇ ਸਨ। ਮੈਨੂੰ ਹੋਰ ਵੀ ਖ਼ੁਸ਼ੀ ਹੋਈ। ਇਕ ਖ਼ੁਸ਼ੀ ਅੱਜ ਐਨੀ ਬਿੱਕਰੀ ਦੀ ਸੀ। ਬਿੱਕਰੀ ਦੇਖ ਕੇ ਹੀ ਠੇਕੇਦਾਰ ਖ਼ੁਸ਼ ਹੁੰਦਾ ਸੀ ਤੇ ਹਰ ਮਹੀਨੇ ਕਰਿੰਦਿਆਂ ਨੂੰ ਇਨਾਮ ਦਿੰਦਾ। ਪੈਂਤੀ ਕੱਢ ਕੇ ਮੈਂ ਆਪਣੀ ਜੇਬ ਵਿੱਚ ਪਾ ਲਏ ਤੇ ਬਾਕੀ ਨੋਟ ਰਬੜ ਵਲ੍ਹੇਟ ਕੇ ਗੱਲੇ ਵਿੱਚ ਰੱਖ ਦਿੱਤੇ। ਮੈਂ ਗੱਦੀ ਤੋਂ ਉੱਠਣ ਹੀ ਲੱਗਿਆ ਸੀ ਕਿ ਬਾਹਰ ਸੜਕ ਉੱਤੇ ਕਿਸੇ ਦੀ ਖੰਘੂਰ ਸੁਣੀ। ਉਹ ਠੇਕੇ ਵੱਲ ਹੀ ਆ ਰਿਹਾ ਸੀ। ਚਾਨਣੀ ਰਾਤ ਦੀ ਲੋਅ ਵਿੱਚ ਮੈਂ ਦੇਖਿਆ, ਉਹਦਾ ਸਿਰ ਨੰਗਾ ਤੇ ਪੱਗ ਢਾਹ ਕੇ ਮੋਢੇ 'ਤੇ ਰੱਖੀ ਸੀ। ਹੱਥਾਂ ਵਿੱਚ ਕੁਝ ਨਹੀਂ ਸੀ। ਉਹ ਖਿੜਕੀ ਦੇ ਨੇੜੇ ਹੋਇਆ ਤਾਂ ਮੈਂ ਦੇਖਿਆ, ਉਹ ਅੱਧਖੜ ਉਮਰ ਦਾ ਸੀ। ਦਾੜ੍ਹੀ ਲਾਪਰੀ ਹੋਈ, ਪਰ ਮੁੱਛਾਂ ਖੜ੍ਹੀਆਂ ਸਨ। ਪਹਿਲਾਂ ਉਹਨੇ ਖੰਘਾਰ ਕੇ ਪਰ੍ਹਾਂ ਥੁੱਕਿਆ ਤੇ ਸਹਿਜ ਮਤੇ ਨਾਲ ਕਿਹਾ- 'ਮੁੰਡਿਆ, ਬੋਤਲ ਦੇਹ ਓਏ ਇਕ।'

194

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ