ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/196

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੀਆਂ ਆਵਾਜ਼ਾਂ ਵੀ ਨਹੀਂ ਸੁਣਦੀਆਂ ਸਨ। ਜੇ ਸਾਲ਼ਾ ਅੰਦਰ ਆ ਵੜਿਆ, ਪਤਾ ਨਹੀਂ ਕੀ ਸਲੂਕ ਕਰੇਗਾ? ਰੋਹੀ ਵਿੱਚ ਉਹਨੂੰ ਕੋਈ ਛੁਡਾਉਣ ਵਾਲਾ ਵੀ ਨਹੀਂ ਸੀ। ਬਾਰ ਦੇ ਅੰਦਰਲੇ ਕੁੰਡੇ ਵਿੱਚ ਜਿੰਦਰਾ ਵੀ ਫ਼ਸਾਇਆ ਹੋਇਆ ਸੀ। ਕੁੰਡਾ ਖੁੱਲ੍ਹਣ ਦਾ ਕੋਈ ਖ਼ਤਰਾ ਨਹੀਂ ਸੀ, ਪਰ ਓਸ ਸਾਨ੍ਹ ਨੇ ਤਾਂ ਧੱਕੇ ਮਾਰ-ਮਾਰ ਕਬਜ਼ੇ ਹਿਲਾ ਦਿੱਤੇ, ਕਾਬਲਿਆਂ ਵਿੱਚ ਲੱਗੀਆਂ ਫੱਟੀਆਂ ਪੁੱਟ ਦਿੱਤੀਆਂ। ਤਖ਼ਤੇ ਤੋੜ ਕੇ ਉਹ ਅੰਦਰ ਆ ਗਿਆ। ਉਹਦੀ ਪੱਗ ਬਾਹਰ ਹੀ ਕਿਧਰੇ ਰਹਿ ਗਈ ਸੀ। ਉਹਦੇ ਹੱਥ ਵਿੱਚ ਲੰਮੇ ਫ਼ਲ ਵਾਲਾ ਚਾਕੂ ਸੀ। ਆਪਣੇ ਚਾਦਰੇ ਦੇ ਡੱਬ ਵਿਚੋਂ ਉਹਨੇ ਚਾਕੂ ਕੱਢਿਆ ਸੀ। ਉਹ ਸਿੱਧਾ ਮੇਰੇ ਵੱਲ ਆ ਰਿਹਾ ਸੀ। ਹੁਣ ਉਹ ਦੰਦ ਪੀਹ ਰਿਹਾ ਸੀ ਤੇ ਆਖ ਰਿਹਾ ਸੀ- 'ਬੋਲ ਨਹੀਂ ਦੇਵੇਂਗਾ ਬੋਤਲ?'

ਮੇਰੇ ਚਿਹਰੇ ਦਾ ਰੰਗ ਉੱਡ ਗਿਆ। ਮੇਰੇ ਮੂੰਹੋਂ ਬਣੌਟੀ ਹਾਸੀ ਨਿੱਕਲਣ ਲੱਗੀ। ਮੈਂ ਬੋਲਿਆ- 'ਓਏ, ਮੈਂ ਤਾਂ ਯਾਰ ਹੱਸਦਾ ਸੀ। ਹੱਸਣ ਦਾ ਸੁਭਾਅ ਐ ਮੇਰਾ। ਦਾਰੂ ਜਿੰਨੀ ਮਰਜ਼ੀ। ਆ ਜਾ ਬਹਿ ਜਾ। ਮੈਂ ਬੋਤਲ ਦਿੰਨਾਂ। ਵਿਹੜੇ ਵਿੱਚ ਪਈ ਕੁਰਸੀ 'ਤੇ ਮੇਜ਼ ਵੱਲ ਮੈਂ ਹੱਥ ਕੀਤਾ। ਪਤਾ ਨਹੀਂ ਉਹਦਾ ਚਿੱਤ ਕਿਵੇਂ ਬਦਲਿਆਂ, ਉਹ ਕੁਰਸੀ ’ਤੇ ਬੈਠ ਗਿਆ। ਚਾਕੂ ਮੇਜ਼ ਉੱਤੇ ਰੱਖ ਲਿਆ। ਬੋਲਿਆ- 'ਲਿਆ ਫੇਰ।'

ਮੈਂ ਬੋਤਲ ਖੋਲ੍ਹ ਕੇ ਮੇਜ਼ ਉੱਤੇ ਧਰ ਦਿੱਤੀ। ਕੱਚ ਦਾ ਗਿਲਾਸ ਦੇ ਦਿੱਤਾ ਤੇ ਨਲਕੇ ਦਾ ਠੰਡਾ ਪਾਣੀ ਕੱਢ ਕੇ ਜੱਗ ਧਰ ਦਿੱਤਾ। ਉਹਨੇ ਬੈਠੇ-ਬੈਠੇ ਨੇ ਫੇਰ ਚਾਕੂ ਹੱਥ ਵਿੱਚ ਫੜ ਲਿਆ ਤੇ ਕੜਕ ਕੇ ਬੋਲਿਆ- 'ਅੱਜ ਨੀਂ ਮੈਂ ਤੈਨੂੰ ਛੱਡਦਾ। ਮਾਰ ਕੇ ਜਾਊਂਗਾ।'

ਮੈਂ ਹੱਸ ਕੇ ਕਿਹਾ- 'ਮਾਰ ਲੀਂ ਭਰਾਵਾ, ਪਰ ਪਹਿਲਾਂ ਦਾਰੂ ਤਾਂ ਪੀ ਲੈ।' ਗਿਲਾਸ ਸਵਿੱਚ ਸ਼ਰਾਬ ਪਾ ਕੇ ਤੇ ਵਿੱਚ ਥੋੜ੍ਹਾ ਪਾਣੀ ਪਾ ਕੇ ਮੈਂ ਕਿਹਾ- 'ਲੈ ਫੜ, ਪੀ ਪਹਿਲਾਂ। ਪਿੱਛੋਂ ਜੋ ਮਰਜ਼ੀ ਕਰ ਲੀਂ।

ਉਹਨੇ ਪੈੱਗ ਪੀ ਲਿਆ। ਨਾਲ ਦੀ ਨਾਲ ਇਕ ਪੈੱਗ ਮੈਂ ਹੋਰ ਪਾ ਦਿੱਤਾ। ਦੋ ਕੁ ਮਿੰਟ ਏਧਰ-ਓਧਰ ਝਾਕ ਕੇ ਤੇ ਖੰਘੂਰ ਮਾਰ ਕੇ ਉਹਨੇ ਦੂਜਾ ਪੈੱਗ ਵੀ ਮੂੰਹ ਨੂੰ ਲਾਇਆ ਤੇ ਪੀ ਗਿਆ। ਚਾਕੂ ਉਹਦੇ ਜੱਗ ਕੋਲ ਪਿਆ।

ਮੈਂ ਪੂਰਾ ਡਰਿਆ ਹੋਈਆ ਸੀ। ਇਹੋ ਜਿਹੇ ਪਾਗ਼ਲ ਸ਼ਰਾਬੀ ਦਾ ਕੀ ਵਸਾਹ, ਸੱਚੀਂ ਗੱਡ ਦੇਵੇ ਚਾਕੂ ਢਿੱਡ ਵਿੱਚ। ਮੈਂ ਵਿਉਂਤ ਬਣਾਉਂਣ ਲੱਗਿਆ, ਕਿਵੇਂ ਨਾ ਕਿਵੇਂ ਉਹਦੇ ਕੋਲੋਂ ਚਾਕੂ ਪਰ੍ਹਾਂ ਖਿਸਕਾ ਲਵਾਂ।

ਮੈਂ ਕਮਰੇ ਅੰਦਰ ਗਿਆ ਤੇ ਗੱਦੀ ਉੱਤੋਂ ਰੋਟੀ ਵਾਲਾ ਡੱਬਾ ਚੁੱਕ ਲਿਆਂਦਾ। ਰੋਟੀਆਂ ਤੇ ਪਿਆਜ਼ ਨੂੰ ਰੁਮਾਲ ਵਿੱਚ ਵਲ੍ਹੇਟ ਕੇ ਪਰ੍ਹਾਂ ਰੱਖ ਦਿੱਤਾ, ਡੱਬੇ ਵਿੱਚ ਇਕ ਚਮਚਾ ਰੱਖਿਆ, ਆਲੂ ਬੈਂਗਣਾ ਦੀ ਸਬਜ਼ੀ ਸੀ। ਡੱਬਾ ਉਹ ਦੇ ਮੇਜ਼ ਉੱਤੇ ਰੱਖ ਕੇ ਕਿਹਾ- ‘ਲੈ ਸਬਜ਼ੀ ਵੀ ਹੈਗੀ ਆਪਣੇ ਕੋਲ।’ ਮਲੂਕ ਦੇ ਕੇ ਮੈਂ ਉਹਦਾ ਚਾਕੂ ਚੁੱਕਣਾ ਚਾਹਿਆ, ਪਰ ਉਹਨੇ ਨਾਲ ਦੀ ਨਾਲ ਮੇਰਾ ਗੁੱਟ ਫੜ ਲਿਆ। ਹੱਸਿਆ- ‘ਇਹ ਨਾ ਛੇੜ। ਇਹਨੂੰ ਐਥੇ ਈ ਪਿਆ ਰਹਿਣ ਦੇਹ। ਸਭ ਜਾਣਦਾ ਮੈਂ ਇਹਦੇ ਨਾਲ ਤਾਂ ਅੱਜ ਤੇਰਾ ਕਤਲ ਕਰਨੈਂ ਮੈਂ।’

ਲੱਗਿਆ, ਜਿਵੇਂ ਉਹ ਮਜ਼ਾਕ ਕਰ ਰਿਹਾ ਹੈ, ਪਰ ਇਹ ਵੀ ਲਗਦਾ, ਜਿਵੇਂ ਉਹ ਸੱਚ ਕਹਿ ਰਿਹਾ ਹੋਵੇ। ਡਰ ਨਾਲ ਮੈਂ ਪਾਣੀ-ਪਾਣੀ ਹੋਇਆ ਪਿਆ ਸੀ। ਹੁਣ ਨਾ ਤਾਂ

196

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ