ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/197

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚੰਨ ਚਾਨਣੀ ਚੰਗੀ ਲੱਗਦੀ ਸੀ ਤੇ ਨਾ ਹਵਾ। ਸਾਰਾ ਸੰਸਾਰ ਜਿਵੇਂ ਇੱਕ ਹੁੰਮਸ ਹੋਵੇ। ਮੈਨੂੰ ਤਾਂ ਸਾਹ ਮਸਾਂ ਆਉਂਦਾ ਸੀ। ਮੇਰੇ ਢਿੱਡ ਵਿੱਚ ਪਊਆਂ ਸ਼ਰਾਬ ਡਿੱਗੀ ਦਾ ਕਿਧਰੇ ਕੋਈ ਅਸਰ ਨਹੀਂ ਸੀ। ਉਹ ਹੁਣ ਤੱਕ ਅਧੀਏ ਤੋਂ ਵੱਧ ਪੀ ਚੁੱਕਿਆ ਸੀ। ਜਿਵੇਂ ਉਹਦੀਆਂ ਅੱਖਾਂ ਵਿਚੋਂ ਲਹੂ ਚੋਅ ਰਿਹਾ ਹੋਵੇ। ਚੰਦ ਦੇ ਚਾਨਣ ਵਿੱਚ ਅੱਖਾਂ ਦੀ ਸੁਰਖ਼ੀ ਸਾਫ਼ ਨਜ਼ਰ ਆਉਂਦੀ। ਉਹਨੂੰ ਪੂਰਾ ਗੁੱਸਾ ਸੀ ਕਿ ਮੈਂ ਉਹਨੂੰ ਬੋਤਲ ਕਿਉਂ ਨਹੀਂ ਦਿੱਤੀ। ਮੈਂ ਅੰਦਰ ਗਿਆ ਤੇ ਓਸੇ ਸਟੀਲ ਦੇ ਗਿਲਾਸ ਵਿੱਚ ਇੱਕ ਪਊਆ ਪਾ ਲਿਆ। ਬਿਨਾ ਪਾਣੀਓ ਵੀ ਸ਼ਰਾਬ ਮੈਨੂੰ ਫਿੱਕੀ-ਫਿੱਕੀ ਲੱਗੀ। ਬਾਹਰ ਆਇਆ, ਦਸ ਮਿੰਟ ਬੀਤ ਗਏ, ਮੈਨੂੰ ਕੋਈ ਨਸ਼ਾ ਨਹੀਂ ਸੀ। ਇੱਕ ਪੈੱਗ ਹੋਰ ਪੀ ਕੇ ਉਹਨੇ ਥੁੱਕਿਆ। ਬਾਕੀ ਬਚਦੀ ਸ਼ਰਾਬ ਵਾਲੀ ਬੋਤਲ ਚਾਦਰੇ ਦੇ ਡੱਬ ਵਿੱਚ ਦੇ ਲਈ। ਚਾਕੂ ਹੱਥ ਵਿੱਚ ਫ਼ੜ ਲਿਆ। ਆਪਣੀ ਜਾਣ ਵਿੱਚ ਉਹ ਕੜਕ ਕੇ ਬੋਲਿਆ ਸੀ, ਪਰ ਉਹਦੀ ਆਵਾਜ਼ ਡੋਲਦੀ ਥਿੜਕਣੀ ਲੱਗੀ। ਉਹ ਪੂਰਾ ਨਸ਼ੇ ਵਿਚ ਸੀ। ਉੱਖੜਦੇ ਪੈਰਾਂ ਨਾਲ ਅੱਗੇ ਤੁਰਨ ਲੱਗਿਆ। ਉਹ ਮੈਨੂੰ ਗਾਲ੍ਹਾਂ ਕੱਢ ਰਿਹਾ ਸੀ। ਆਖ ਰਿਹਾ ਸੀ- 'ਅੱਜ ਤੇਰਾ ਕਤਲ ਕਰਨੈਂ ਮੈਂ।'

ਮੈਂ ਬਾਹਰ ਗਿਆ ਤੇ ਉਹਦੀ ਪੱਗ ਲੱਭ ਕੇ ਚੁੱਕ ਲਿਆਇਆ। ਠੇਕੇ ਤੋਂ ਬਾਹਰ ਜਾ ਕੇ ਇੱਕ ਬਿੰਦ ਮੇਰਾ ਜੀਅ ਕੀਤਾ ਸੀ ਕਿ ਭੱਜ ਜਾਵਾਂ ਤੇ ਜੋਧਪੁਰ ਜਾਂ ਕਰਮਗੜ੍ਹ ਪਿੰਡ ਵਿੱਚ ਜਾ ਕੇ ਰੌਲ਼ਾ ਪਾ ਦਿਆਂ। ਉਹ ਆਪੇ ਆ ਕੇ ਇਹਨੂੰ ਸੰਭਾਲ ਲੈਣਗੇ। ਦੋਹਾਂ ਪਿੰਡਾਂ ਵਿੱਚ ਠੇਕੇਦਾਰ ਦੇ ਸਿਆਣੂ ਘਰ ਸਨ, ਜਿਹੜੇ ਮੈਨੂੰ ਜਾਣਦੇ ਸਨ। ਵੇਲੇ ਕੁਵੇਲੇ ਮੇਰੀ ਮਦਦ ਕਰਦੇ। ਜੋਧਪੁਰੋਂ ਰੋਟੀ ਆਉਂਦੀ ਸੀ ਮੈਨੂੰ, ਤੜਕੇ ਤੇ ਆਥਣੇ ਦੋਹਾਂ ਵੇਲਿਆਂ ਦੀ। ਪਰ ਨਹੀਂ, ਮੈਂ ਸੋਚਿਆ- 'ਇਹਨੂੰ ਹੋਰ ਪਿਆ ਦੇਵਾਂ, ਕਮਲਾ ਹੋ ਕੇ ਡਿੱਗ ਪਵੇਗਾ ਤੇ ਫੇਰ ਸੌਂ ਜਾਵੇਗਾ। ਤੜਕੇ ਸੁਰਤ ਆਈ ਤੋਂ ਕਾਹਨੂੰ ਕੁੱਟੇਗਾ ਕੋਈ ਕਮਲਾ। ਮੈਂ ਉਹਨੂੰ ਉਹਦੀ ਪੱਗ ਫੜਾਈ ਤੇ ਕਿਹਾ- 'ਸਾਫਾ ਤਾਂ ਤੇਰਾ ਬਾਹਰ ਈ ਪਿਆ ਸੀ। ਲੈ ਇਹ ਬੰਨ੍ਹ ਲੈ।

ਉਹ ਮੰਜੇ ਉੱਤੇ ਬਹਿ ਗਿਆ। ਚਾਕੂ ਆਪਣੇ ਪੱਟ ਥੱਲੇ ਰੱਖ ਲਿਆ। ਸਿਰ ਦੇ ਵਾਲ਼ਾਂ ਦੀ ਲਟੂਰੀ ਜਿਹੀ ਬਣਾ ਕੇ ਪੱਗ ਦੇ ਲੜ ਰੱਸੇ ਵਾਂਗ ਵਲੇਟਣ ਲੱਗ ਪਿਆ। ਮੇਰਾ ਦਿਲ ਨਹੀਂ ਖੜ੍ਹਦਾ ਸੀ। ਅੰਦਰ ਜਾ ਕੇ ਮੈਂ ਇਹ ਪਊਆਂ ਹੋਰ ਆਪਣੇ ਅੰਦਰ ਸੁੱਟ ਲਿਆ।

ਗਿਲਾਸ ਖਾਲੀ ਕਰਨ ਸਾਰ ਧੁੜਧੁੜੀ ਆਈ। ਨਾਲ ਦੀ ਨਾਲ ਮੇਰੇ ਦਿਮਾਗ਼ ਵਿੱਚ ਇੱਕ ਤਿੱਖਾ ਖ਼ਿਆਲ ਇਸ ਤਰ੍ਹਾਂ ਗੁਜ਼ਰ ਗਿਆ, ਜਿਵੇਂ ਤਾਂਬੇ ਦੀ ਤਾਰ ਸਾਬਣ ਦੀ ਗਾਚੀ ਨੂੰ ਕੱਟ ਜਾਂਦੀ ਹੋਵੇ। ਇਸ ਖ਼ਿਆਲ ਨੇ ਮੈਨੂੰ ਦੂਜੀ ਧੜਧੜੀ ਛੱਡੀ, ਪਰ ਮੈਂ ਹੌਸਲਾ ਫੜ ਲਿਆ। ਬਾਹਰ ਆ ਕੇ ਉਹਨੂੰ ਦੇਖਿਆ, ਉਹਨੇ ਪੱਗ ਦੇ ਸਾਰੇ ਲੜ ਵਲ੍ਹੇਟ ਲਏ ਸਨ ਤੇ ਬਾਕੀ ਬਚਦਾ ਅੱਧਾ ਲੜ ਕੰਨ ਕੋਲ ਟੰਗ ਰੱਖਿਆ ਸੀ। ਉਹਦਾ ਸਿਰ ਹਿੱਲ ਰਿਹਾ ਸੀ। ਉਹਦੀਆਂ ਖੂਨੀ ਅੱਖਾਂ ਮੇਰੇ ਵੱਲ ਸਨ। ਚਾਕੂ ਹੱਥ ਵਿਚ ਸੀ। ਉਹ ਖੜ੍ਹਾ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਉਹਨੂੰ ਪਰ੍ਹੇ ਤੋਂ ਹੀ ਪਾਣੀ ਦਾ ਗਿਲਾਸ ਫੜਾਇਆ। ਇਸ ਵੇਲੇ ਮੈਨੂੰ ਵੀ ਨਸ਼ਾ ਸੀ ਤੇ ਮੇਰੇ ਵਿੱਚ ਹਿੰਮਤ ਇਕੱਠੀ ਹੋ ਚੁੱਕੀ ਸੀ। ਉਹਨੇ ਜਿਉਂ ਹੀ

ਕਤਲ

197