ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/198

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਾਣੀ ਦਾ ਗਿਲਾਸ ਮੂੰਹ ਨੂੰ ਲਾਇਆ ਤੇ ਥੋੜ੍ਹਾ-ਥੋੜ੍ਹਾ ਕਰਕੇ ਪੀਣ ਲੱਗਿਆ ਤਾਂ ਮੈਂ ਖੂੰਜੇ ਵਿੱਚ ਪਿਆ ਖਪਰਾ ਚੱਕਿਆ ਤੇ ਦੋਵਾਂ ਹੱਥਾਂ ਦੀ ਮਜ਼ਬੂਤ ਪਕੜ ਨਾਲ ਉਹਦੀ ਧੌਣ ਉੱਤੇ ਮਾਰਿਆ। ਖਪੁਰਾ ਤਿੱਖਾ ਸੀ। ਰੱਖਿਆ ਸੀ, ਕੀਹ ਐ ਕਦੇ ਲੋੜ ਪੈ ਜਾਂਦੀ ਹੈ। ਖਪਰੇ ਨੇ ਜਿਵੇਂ ਏਸੇ ਕੰਮ ਆਉਂਣਾ ਸੀ। ਇਕ ਖਪਰਾ ਮੈਂ ਹੋਰ ਟਿਕਾਅ ਕੇ ਧਰ ਦਿੱਤਾ। ਉਹਦੇ ਕੱਪੜੇ, ਮੰਜਾ ਤੇ ਵਿਹੜੇ ਦੀ ਮਿੱਟੀ... ਸਭ ਲਹੂ ਲੁਹਾਣ ਹੋ ਗਿਆ। ਉਹ ਪਹਿਲਾਂ ਤਾਂ ਥੱਲੇ ਨੂੰ ਝੁਕਿਆ, ਫੇਰ ਗੇੜਾ ਖਾ ਕੇ ਮੰਜੇ ਉੱਤੇ ਹੀ ਡਿੱਗ ਪਿਆ। ਉਹਦੇ ਮੂੰਹੋਂ ਕੋਈ ਬੋਲ ਨਹੀਂ ਨਿਕਲਿਆ ਸੀ। ਉਹ ਮਰ ਗਿਆ। ਉਹਦਾ ਚਾਕੂ ਥੱਲੇ ਧਰਤੀ ਉੱਤੇ ਡਿੱਗਿਆ ਪਿਆ ਸੀ, ਕਿਸੇ ਬੇਜ਼ਾਨ ਚੀਜ਼ ਵਾਂਗ। ਜਦੋਂ ਕਿ ਦਸ ਮਿੰਟ ਪਹਿਲਾਂ ਇਹ ਚਾਕੂ ਮੇਰੇ ਲਈ ਦਹਿਸ਼ਤ ਦਾ ਵੱਡਾ ਚਿੰਨ੍ਹ ਸੀ-ਕਾਲ਼ੇ ਨਾਗ ਵਾਂਗ ਫੁੰਕਾਰੇ ਮਾਰਦਾ।

ਤਸੱਲੀ ਹੋਈ ਕਿ ਜੇ ਮੈਂ ਅਜਿਹਾ ਨਾ ਕਰਦਾ ਤਾਂ ਉਹਨੇ ਮੇਰਾ ਕਤਲ ਕਰ ਦੇਣਾ ਸੀ। ਉਹ ਡਰਾਉਂਦਾ ਨਹੀਂ ਸੀ, ਜ਼ਰੂਰ ਮੈਨੂੰ ਮਾਰ ਦਿੰਦਾ, ਪਰ ਉਹਨੂੰ ਮਰਿਆ ਪਿਆ ਦੇਖ ਕੇ ਮੇਰੀ ਸ਼ਰਾਬ ਉੱਤਰਨ ਲੱਗੀ। ਤੜਕੇ ਨੂੰ ਪਤਾ ਲੱਗ ਜਾਣਾ ਹੈ, ਇਹ ਕਤਲ ਮੇਰੇ ਜ਼ਿੰਮੇ ਪਵੇਗਾ ਤੇ ਸਰਕਾਰ ਮੈਨੂੰ ਫਾਹਾ ਲਾ ਦੇਵੇਗੀ। ਪਹਿਲਾਂ ਵਾਲੇ ਡਰ ਨਾਲੋਂ ਇਹ ਡਰ ਹੋਰ ਵੀ ਵੱਡਾ ਸੀ। ਮੇਰੇ ਹੱਥਾਂ ਪੈਰਾਂ ਤੇ ਕੁੜਤੇ-ਪੁਜਾਮੇ ਉੱਤੇ ਲਹੂ ਦੇ ਛਿੱਟੇ ਸਨ। ਪਹਿਲਾਂ ਤਾਂ ਮੈਂ ਕੁੜਤਾ ਪਜਾਮਾ ਲਾਹਿਆ। ਕਹੀ ਲੈ ਕੇ ਬਾਹਰ ਗਿਆ ਤੇ ਇਕ ਨਰਮੇ ਦੇ ਖੇਤ ਵਿੱਚ ਟੋਆ ਪੁੱਟ ਕੇ ਵਿੱਚ ਕੁੜਤੇ-ਪਜਾਮੇ ਨੂੰ ਦੱਬ ਦਿੱਤਾ। ਉੱਤੋਂ ਮਿੱਟੀ ਸੰਵਾਰ ਕੇ ਥਾਪੜ ਦਿੱਤੀ। ਮੁੜ ਕੇ ਆ ਕੇ ਮੈਂ ਗੋਡਿਆਂ ਤੱਕ ਆਪਣੀਆਂ ਲੱਤਾਂ ਧੋਤੀਆਂ, ਕੂਹਣੀਆਂ ਤੱਕ ਬਾਹਾਂ ਵੀ, ਮੂੰਹ ਰਗੜ ਕੇ ਪਾਣੀ ਨਾਲ ਧੋ ਲਿਆ। ਇੱਕ ਕੁੜਤਾ-ਪਜਾਮਾ ਅੰਦਰ ਕੀਲੇ ਉੱਤੇ ਧੋ ਕੇ ਟੰਗਿਆ ਹੋਇਆ ਸੀ। ਉਹ ਪਾ ਲਏ। ਓਵੇਂ ਜਿਵੇਂ ਠੇਕਾ ਖੁੱਲ੍ਹਾ ਛੱਡ ਕੇ ਮੈਂ ਜੋਧਪੁਰ ਦੀ ਸੜਕ ਪੈ ਗਿਆ। ਖਪਰਾ ਚੁੱਕ ਕੇ ਵੀ ਮੈਂ ਕੱਪੜਿਆਂ ਵਾਲੀ ਥਾਂ ਦੇ ਨਾਲ ਹੀ ਨਵਾਂ ਟੋਆ ਪੁੱਟ ਕੇ ਦੱਬ ਦਿੱਤਾ ਸੀ। ਆਪਣੀ ਜਾਣ ਵਿੱਚ ਕੋਈ ਸਬੂਤ ਬਾਕੀ ਨਹੀਂ ਰਹਿਣ ਦਿੱਤਾ ਸੀ।

ਜੋਧਪੁਰ ਜਾ ਕੇ ਮੈਂ ਪਹਿਲਾਂ ਸਰਪੰਚ ਨੂੰ ਜਗਾਇਆ। ਉਹ ਸ਼ਰਾਬ ਪੀ ਕੇ ਸੁੱਤਾ ਸੀ। ਉੱਠਣ ਸਾਰ ਪਹਿਲਾਂ ਮੈਨੂੰ ਗਾਲ੍ਹ ਕੱਢੀ, 'ਆ ਗਿਆ ਅੱਧੀ ਰਾਤ, ਕੌਣ ਐਂ ਤੂੰ?' ਜਦੋਂ ਉਹਨੂੰ ਪਤਾ ਲੱਗਿਆ ਕਿ ਮੈਂ ਠੇਕੇਦਾਰਾਂ ਦਾ ਕਰਿੰਦਾ ਹਾਂ ਤਾਂ ਉਹ ਸ਼ਾਂਤੀ ਨਾਲ ਮੇਰੀ ਗੱਲ ਸੁਣਨ ਲੱਗਿਆ। ਮੈਂ ਦੱਸਿਆ ਕਿ ਥੋੜਾ ਚਿਰ ਪਹਿਲਾਂ ਠੇਕੇ ਵਿੱਚ ਤਿੰਨ ਬੰਦੇ ਆਏ ਸਨ। ਬੋਤਲ ਲੈ ਕੇ ਦਾਰੂ ਪੀਂਦੇ ਰਹੇ। ਫੇਰ ਲੜ ਪਏ। ਤੀਜੇ ਨੂੰ ਮਾਰ ਕੇ ਦੋ ਬੰਦੇ ਭੱਜ ਗਏ। ਪਤਾ ਨਹੀਂ ਮਰ ਗਿਆ, ਪਤਾ ਨਹੀਂ ਜਿਊਂਦਾ ਹੈ। ਪਤਾ ਨਹੀਂ ਕੌਣ ਹੈ, ਜਾ ਕੇ ਦੇਖ ਲਓ। ਪੜਤਾਲ ਕਰ ਲਓ। ਕਿਤੇ ਮੈਂ ਨਾ ਐਵੇ-ਐਵੇਂ ਦਾ ਮਾਰਿਆ ਜਾਵਾਂ।

ਸਰਪੰਚ ਨੇ ਦੋ ਬੰਦੇ ਹੋਰ ਨਾਲ ਲਏ ਤੇ ਆਪਣਾ ਟਰੈਕਟਰ ਸਟਾਰਟ ਕਰ ਕੇ ਅੱਡੇ ਉੱਤੇ ਆ ਗਿਆ। ਮੈਥੋਂ ਲੈਂਪ ਲੈ ਕੇ ਉਹਨੇ ਬੰਦੇ ਨੂੰ ਦੇਖਿਆ, ਲਹੂ ਹੀ ਲਹੂ ਸੀ। ਥੋੜ੍ਹੀ ਜਿਹੀ ਗਰਦਨ ਅਣਵੱਢੀ ਰਹਿ ਕੇ ਉਹਦਾ ਸਿਰ ਧੜ ਦੇ ਨਾਲ ਹੀ ਜੁੜਿਆ ਰਹਿ ਗਿਆ ਸੀ। ਤਿੰਨੇ ਬੰਦੇ ਮੂੰਹ ਨਾਲ 'ਚ 'ਚ ਕਰ ਰਹੇ ਸਨ। ਸਰਪੰਚ ਬੋਲਿਆ- 'ਭਾਣਾ ਤਾਂ ਬੀਤਿਆਂ ਪਿਐ, ਪਰ ਇਹ ਹੋਇਆ ਕੌਣ?'

198

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ