ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/20

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਗਏ। ਪੈਂਟੂ ਵੀ ਤੇ ਨਛੱਤਰ ਕੌਰ ਵੀ। ਰਾਤ ਦੇ ਹਨੇਰੇ ਵਿੱਚ ਖ਼ਾਮੋਸ਼ੀ ਘੁਲਣ ਲੱਗੀ। ਤੱਤੀ ਹਵਾ ਕੰਨਾਂ ਨੂੰ ਸੇਕ ਰਹੀ ਸੀ। ਅਸਮਾਨ ਵਿੱਚ ਖੱਖ ਚੜ੍ਹੀ ਹੋਈ ਸੀ। ਕੋਈ ਵੀ ਤਾਰਾ ਨਹੀਂ ਸੀ ਦਿਸ ਰਿਹਾ। ਦਸਵੀਂ ਦਾ ਚੰਨ ਅਸਮਾਨ ਵਿੱਚ ਧੁੰਦਲਾ-ਧੁੰਦਲਾ ਚਮਕ ਰਿਹਾ ਸੀ। ਦੂਰ ਕਿਤੋਂ ਕੁੱਤੇ ਦੇ ਭੌਂਕਣ ਦੀ ਆਵਾਜ਼ ਆ ਰਹੀ ਸੀ। ਸੁਖਪਾਲ ਨੇ ਉੱਠ ਕੇ ਪਾਣੀ ਪੀਤਾ। ਕੋਰੇ ਤਪਲੇ ਉੱਤੇ ਰੱਖਣ ਦਾ ਖੜਕਾ ਕੀਤਾ। ਕੋਈ ਨਹੀਂ ਜਾਗਿਆ। ਨਛੱਤਰ ਕੌਰ ਦੇ ਪੈਰ ਦਾ 'ਗੂਠਾ' ਦੱਬਿਆ। ਉਹ ਨਹੀਂ ਜਾਗੀ। ਮੋਢੇ ਤੋਂ ਫੜ ਕੇ ਝੰਜੋੜਿਆ। ਉਹ ਨਹੀਂ ਜਾਗੀ। ਜੋੜੇ ਉਸ ਨੇ ਨਹੀਂ ਪਾਏ। ਨੰਗੇ ਪੈਰੀਂ ਪੌੜੀਆਂ ਚੜ੍ਹਨ ਲੱਗਿਆ। ਸਿਰਫ਼ ਨਿੱਕਰ ਤੇੜ ਪਾਈ ਹੋਈ ਸੀ। ਸਿਖ਼ਰਲੀ ਪੌੜੀ ਉੱਤੇ ਉਸ ਨੇ ਪੈਰ ਰੱਖਿਆ ਹੀ ਸੀ ਕਿ ਨਛੱਤਰ ਕੌਰ ਦੇ ਬੋਲਣ ਦੀ ਆਵਾਜ਼ ਆਈ-ਮਰੀ ਦੇ ਜਾਣਿਆ, ਟਿਕ ਵੀ ਜਾਹ। ਉਸ ਨੇ ਸ਼ਾਇਦ ਪੈਂਟੂ ਨੂੰ ਕਿਹਾ ਹੋਵੇਗਾ। ਇਕ ਲੱਤ ਉਤਲੀ ਪੌੜੀ ਉੱਤੇ ਤੇ ਇਕ ਲੱਤ ਥੱਲੇ ਦੀ ਪੌੜੀ ਉੱਤੇ, ਉਹ ਥਾਂ ਦੀ ਥਾਂ ਸੁੰਨ ਹੋਇਆ ਖੜ੍ਹਾ ਰਿਹਾ ਤੇ ਫਿਰ ਉਸ ਨੇ ਸੁਣਿਆ-ਮਹਿੰ ਖੁਰਲੀ ਦੇ ਕਿੱਲੇ ਨਾਲ ਆਪਣਾ ਸਿੰਗ ਠਕੋਰ ਰਹੀ ਸੀ। ਠੱਕ ਠੱਕ.. ਠਾਹ ਠਾਹ ਉੱਚੀ ਆਵਾਜ਼ ਆ ਰਹੀ ਸੀ।

-ਚੂਹੜਿਆਂ ਦੇ ਜਾਣੀ ਨਾ ਹੋਵੇ। ਹੂੰ ਹੂੰ। ਅਹਿ ਤੈਨੂੰ ਸੋੜ ਲੈ ਜੇ। ਨਛੱਤਰ ਕੌਰ ਨੇ ਬਹੁਤ ਉੱਚਾ ਬੋਲ ਕੱਢਿਆ ਸੀ। ਮਹਿੰ ਕਿੱਲਾ ਠਕੋਰਨੋਂ ਹਟ ਗਈ ਸੀ। ਉਹ ਓਨ੍ਹੀਂ ਪੈਰੀਂ ਥੱਲੇ ਨੂੰ ਪੌੜੀਆਂ ਉਤਰਨ ਲੱਗਿਆ। ਉਸ ਨੇ ਦੇਖਿਆ ਸੀ, ਪਰਮਿੰਦਰ ਚੁਬਾਰੇ ਮੂਹਰੇ ਆਪਣੇ ਮੰਜੇ 'ਤੇ ਬੈਠੀ ਸੋ ਚੁੱਕੀ ਸੀ। ਪੋਲੇ ਪੈਰੀਂ ਉਹ ਛੇਤੀ-ਛੇਤੀ ਆਪਣੇ ਮੰਜੇ ਕੋਲ ਆਇਆ। ਬਹੁਤ ਹੌਲੀ, ਓਵੇਂ ਜਿਵੇਂ ਪੈ ਗਿਆ। ਨਛੱਤਰ ਕੌਰ ਨੂੰ ਉਸ ਦੇ ਜਾਣ ਤੇ ਆਉਣ ਦਾ ਕੋਈ ਪਤਾ ਨਹੀਂ ਸੀ ਲੱਗਿਆ।

ਇੱਕ ਵਾਰ ਫਿਰ ਉਸ ਨੇ ਉੱਠਣ ਦੀ ਕੋਸ਼ਿਸ਼ ਕੀਤੀ। ਮਹਿੰ ਨੇ ਕਿੱਲਾ ਠੋਕਰਨਾ ਫਿਰ ਸ਼ੁਰੂ ਕਰ ਦਿੱਤਾ। ਉਹ ਉੱਠਿਆ ਤੇ ਫਹੁੜਾ ਚੁੱਕ ਕੇ ਮਹਿੰ ਦੇ ਪੁੜਿਆਂ ਉੱਤੇ ਦੇ ਮਾਰਿਆ।-ਮੇਰੇ ਸਾਲ਼ੇ ਦੀ, ਸੌਣ ਕਿਹੜਾ ਦਿੰਦੀ ਐ। ਇੱਕ ਰੱਸਾ ਲੈ ਕੇ ਉਸ ਨੇ ਉਸ ਦੇ ਇੱਕ ਸਿੰਗ ਨਾਲ ਬੰਨ੍ਹ ਦਿੱਤਾ। ਗਲ਼ ਵਾਲਾ ਸੰਗਲ ਖੁਰਲੀ ਦੇ ਕਿੱਲੇ ਨਾਲ ਬੰਨ੍ਹਿਆ ਹੋਇਆ ਸੀ ਹੀ। ਹੁਣ ਹਿੱਲ, ਧੀ ਦੇ ਜਾਰ ਦੀਏ। ਨਛੱਤਰ ਕੌਰ ਇਹ ਸਭ ਕੁਝ ਉਸ ਨੂੰ ਕਰਦੇ ਦੇਖ ਰਹੀ ਸੀ। ਉਸ ਦੀ ਅੱਖ ਖੁੱਲ੍ਹ ਚੁੱਕੀ ਸੀ। -ਕੀ ਸਿਆਪਾ ਬੀਜ 'ਤਾ? ਐਂ ਪਸ਼ੂ ਭਲਾ ਰਹਿੰਦਾ ਹੁੰਦੈ?

-ਤੂੰ ਪਈ ਰਹਿ ਚੁੱਪ ਕਰਕੇ।

ਸੁਖਪਾਲ ਆਪਣੇ ਮੰਜੇ 'ਤੇ ਆ ਪਿਆ ਸੀ। ਉਹ ਉੱਠੀ ਤੇ ਮਹਿੰ ਦੇ ਸਿੰਗ ਵਿੱਚੋਂ ਰੱਸਾ ਖੋਲ੍ਹ ਦਿੱਤਾ। ਮੁੜ ਕੇ ਮੰਜੇ ਤੇ ਆਈ ਤਾਂ ਉਸ ਦੀ ਨੀਂਦ ਉੱਡ ਚੁੱਕੀ ਸੀ। ਸੁਖਪਾਲ ਨੂੰ ਪਤਾ ਸੀ ਕਿ ਜੇ ਉਹ ਸੁੱਤੀ ਰਹੇ ਤਾਂ ਭਾਵੇਂ ਢੋਲ ਵੱਜੀ ਜਾਣ, ਉੱਠਣ 'ਚ ਹੀ ਨਹੀਂ ਆਉਂਦੀ। ਪਰ ਇੱਕ ਵਾਰੀ ਜੇ ਉਸ ਦੀ ਨੀਂਦ ਉੱਖੜ ਜਾਵੇ ਤਾਂ ਉਹ ਮੁੜ ਕੇ ਨਹੀਂ ਸੌਂਦੀ। ਲੱਤਾਂ ਬਾਹਾਂ ਨੂੰ ਤੋੜ ਲੱਗ ਜਾਂਦੀ ਹੈ ਤੇ ਉਬਾਸੀਆਂ ਲੈਣ ਲੱਗਦੀ ਹੈ। ਹੁਣ ਉਹ ਆਪ ਸੌਣ ਦੀ ਕੋਸ਼ਿਸ਼ ਕਰਨ ਲੱਗਿਆ। ਵੱਡੇ ਤੜਕੇ ਤੀਕ ਉਸ ਨੂੰ ਨੀਂਦ ਨਹੀਂ ਸੀ ਆਈ। ਉਹ ਦੇਖਦਾ ਰਿਹਾ ਸੀ ਕਿ ਨਛੱਤਰ ਕੌਰ ਵੀ ਪਾਸੇ ਪਰਤਦੀ ਰਹੀ ਸੀ। ਪਹੁ ਫੁੱਟਣ

20
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ