ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/201

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਛੱਡ ਕੇ ਨਾ ਜਾਹ

ਉਹ ਉਹਨੂੰ ਸਾਰੇ ਦੇਖ ਕੇ ਆਇਆ ਸੀ, ਕਿਤੇ ਨਹੀਂ ਮਿਲੀ। ਨੌਂ ਵਜੇ ਘਰੋਂ ਨਿੱਕਲੀ ਸੀ। ਉਹਨੂੰ ਅੰਦਾਜ਼ਾ ਹੋਵੇਗਾ ਕਿ ਦਸ ਵਜੇ ਰਾਤ ਦੀ ਗੱਡੀ ਅੰਬਾਲੇ ਨੂੰ ਜਾਂਦੀ ਹੈ। ਉਹ ਗੱਡੀ ਚੜ੍ਹ ਕੇ ਅੰਬਾਲੇ ਪਹੁੰਚ ਜਾਵੇਗੀ ਤੇ ਓਥੋਂ ਫੇਰ ਦਿੱਲੀ ਨੂੰ ਕੋਈ ਗੱਡੀ ਮਿਲ ਹੀ ਜਾਵੇਗੀ।

ਐਵੇਂ ਮੂੰਹ ਚੁੱਕ ਕੇ ਤੁਰ ਗਈ। ਸਭ ਨੂੰ ਪਤਾ ਹੈ ਕਿ ਹਾਲਾਤ ਖ਼ਰਾਬ ਹੋਣ ਕਰਕੇ ਰਾਤਾਂ ਦੀਆਂ ਸਭ ਗੱਡੀਆਂ ਬੰਦ ਹਨ। ਕਿੱਥੇ ਗਈ ਹੋਵੇਗੀ ਉਹ? ਇਕ ਘੰਟਾ ਤਾਂ ਉਹ ਗੇਟ ਖੁੱਲ੍ਹਾ ਛੱਡ ਕੇ ਉਡੀਕਦਾ ਰਿਹਾ ਸੀ ਕਿ ਗੁੱਸਾ ਉੱਤਰੇ ਤੋਂ ਆਪੇ ਹੀ ਮੁੜ ਆਵੇਗੀ। ਹੋਰ ਕਿੱਥੇ ਜਾਣਾ ਉਸ ਨੇ? ਕਿਸੇ ਜਾਣ-ਪਛਾਣ ਵਾਲੇ ਘਰ ਗਈ ਹੋਈ ਤਾਂ ਉਹ ਉਹਨੂੰ ਛੱਡ ਜਾਣਗੇ। ਬਿਗ਼ਾਨੀ ਤੀਵੀਂ ਨੂੰ ਕੌਣ ਕੋਈ ਘਰ ਰੱਖਦਾ ਹੈ? ਜ਼ਮਾਨਾ ਵੀ ਕਿਹੜਾ ਹੈ।

ਦਸ ਵਜੇ ਤਕ ਤਾਂ ਉਹ ਵੀ ਭਰਿਆ ਪੀਤਾ ਅੰਦਰ ਕਮਰੇ ਵਿਚ ਬੈਠਾ ਰਿਹਾ ਸੀ। ਗਾਲਾਂ ਕੱਢਦਾ, ਨਹੀਂ ਆਉਂਦੀ ਮੁੜ ਕੇ ਤਾਂ ਨਾ ਆਵੇ। ਜਾਵੇ, ਜਿੱਧਰ ਜਾਣਾ ਹੈ। ਐਡੀ ਗੰਦੀ ਤੀਵੀਂ ਨਾਲੋਂ ਬੰਦਾ ਊਈਂ ਚੰਗਾ। ਗੱਲ ਸੀ ਭਲਾ ਕੋਈ, ਇਹੋ ਜਿਹੀਆਂ ਨਿੱਕੀਆਂ-ਨਿੱਕੀਆਂ ਲੜਾਈਆਂ ਤਾਂ ਨਿੱਤ ਹੁੰਦੀਆਂ ਹਨ, ਕਿਹੜੇ ਘਰ ਨਹੀਂ ਹੁੰਦੀ ਲੜਾਈ? ਇਉਂ ਤਾਂ ਨਹੀਂ ਕਿ ਤੀਵੀਂ ਘਰ ਛੱਡ ਕੇ ਹੀ ਤੁਰ ਜਾਵੇ ਕਿਧਰੇ।

ਦਸ ਵਜੇ ਪਿੱਛੋਂ ਉਹ ਦਸ ਵਾਰ ਗੇਟ ਉੱਤੇ ਗਿਆ ਹੋਵੇਗਾ। ਹਰ ਵਾਰ ਗਲੀ ਸੁੰਨੀ ਦੀ ਸੁੰਨੀ ਨਜ਼ਰ ਆਉਂਦੀ। ਗਲੀ ਦੀਆਂ ਤਿੰਨੇ ਟਿਊਬਾਂ ਆਪਣੀ ਪੂਰੀ ਸ਼ਾਨ ਨਾਲ ਜਗ ਰਹੀਆਂ ਹੁੰਦੀਆਂ। ਧੁਰ ਤੋਂ ਧੁਰ ਤਕ ਕਿਸੇ ਆਕਾਰ ਦਾ ਭੁਲੇਖਾ ਵੀ ਨਹੀਂ ਪੈਂਦਾ ਸੀ। ਘਰ ਦਾ ਗੇਟ ਖੁੱਲ੍ਹਾ ਛੱਡ ਕੇ ਹੀ ਉਹਨੇ ਆਪਣਾ ਸਾਈਕਲ ਅੰਬੇਦਕਰ ਰੋਡ ਉੱਤੇ ਪੂਰਾ ਘੁਮਾਇਆ। ਚਾਰ ਗੇੜੇ ਦਿੱਤੇ। ਆਰੀਆ ਕਾਲਜ ਤੋਂ ਹਸਪਤਾਲ ਰੋਡ ਤਕ ਪੂਰੇ ਚਾਰ ਚੱਕਰ, ਕਿਤੇ ਉਹ ਖੜ੍ਹੀ ਹੋਵੇ ਤੇ ਉਹ ਉਹਨੂੰ ਮਨਾ ਕੇ ਘਰ ਲੈ ਜਾਵੇ। ਇੱਕਾ-ਦੁੱਕਾ ਲੋਕ ਆ ਜਾ ਰਹੇ ਸਨ। ਕੋਈ-ਕੋਈ ਸਾਈਕਲ ਤੇ ਸਕੂਟਰ ਵੀ। ਆਕਾਰ ਜਿਹੇ ਗਲੀਆਂ ਵਿਚੋਂ ਨਿਕਲਦੇ, ਸੜਕ ਉੱਤੇ ਤੁਰਦੇ ਤੇ ਫੇਰ ਅਗਲੀ ਕਿਸੇ ਗਲੀ ਵਿਚ ਜਾ ਵੜਦੇ, ਉਹ ਕਿਧਰੇ ਨਹੀਂ ਸੀ, ਪਰ ਲਗਦਾ ਸੀ, ਜਿਵੇਂ ਏਥੇ ਕਿਤੇ ਹੀ ਹੈ। ਛਿਪ ਕੇ ਕਿਧਰੇ ਬੈਠੇ ਰਹਿਣ ਦਾ ਮਜ਼ਾਕ ਕਰਦੀ ਹੈ।

ਉਹ ਰੇਲਵੇ ਸਟੇਸ਼ਨ ਉੱਤੇ ਦੋ ਵਾਰ ਗਿਆ। ਮੁਸਾਫ਼ਰਖਾਨੇ ਵਿਚ ਦੋ ਬੁੱਢੇ ਬੈਂਚਾਂ ਉੱਤੇ ਪਏ ਖੰਘ ਰਹੇ ਸਨ। ਪਲੇਟ-ਫਾਰਮ ਦੇ ਕਿਸੇ ਫੱਟੇ ਉੱਤੇ ਕੋਈ ਸਵਾਰੀ ਨਹੀਂ ਸੀ।

ਛੱਡ ਕੇ ਨਾ ਜਾਹ

201