ਵੇਟਿੰਗ ਰੂਮ ਨੂੰ ਬਾਹਰੋਂ ਤਾਲ਼ਾ ਵੱਜਿਆ ਹੋਇਆ ਸੀ। ਸਟੇਸ਼ਨ ਮਾਸਟਰ ਨਹੀਂ ਸੀ। ਜਦੋਂ ਗੱਡੀ ਕੋਈ ਨਹੀਂ ਆਉਂਦੀ ਤਾਂ ਸਟੇਸ਼ਨ ਮਾਸਟਰ ਦਾ ਸਟੇਸ਼ਨ ਉੱਤੇ ਜੰਮੇ ਰਹਿਣ ਦਾ ਕੀ ਕੰਮ?
ਸ਼ਹਿਰ ਵਿਚ ਤਿੰਨ ਧਰਮਸ਼ਾਲਾਂ ਸਨ-ਜੈਨ ਧਰਮਸ਼ਾਲਾ, ਬ੍ਰਾਹਮਣ ਸਭਾ ਨਿਵਾਸ ਤੇ ਰੇਲਵੇ ਮੰਦਰ। ਉਹ ਤਿੰਨਾਂ ਵਿਚ ਗਿਆ ਤੇ ਪੁੱਛਗਿੱਛ ਕੀਤੀ। ਦੇਵਾਂ ਨਾਂ ਦੀ ਔਰਤ ਕੋਈ ਕਿਧਰੇ ਨਹੀਂ ਠਹਿਰੀ ਹੋਈ ਸੀ। ਤਿੰਨਾਂ ਧਰਮਸ਼ਾਲਾਂ ਦੇ ਪੰਡਤ ਜੀ ਨੇ ਦੱਸਿਆ ਕਿ ਉਹ ਇਕੱਲੀ ਔਰਤ ਨੂੰ ਨਹੀਂ ਠਹਿਰਾਉਂਦੇ। ਉਹਨੇ ਆਖਿਆ ਸੀ-ਨਾਲ ਇਕ ਕੁੜੀ ਹੈ, ਅੱਠ ਦਸ ਸਾਲ ਦੀ। ਉਹ ਜਵਾਬ ਦਿੰਦੇ, ਕੁੜੀ-ਮੁੰਡੇ ਦਾ ਸਵਾਲ ਨਹੀਂ। ਬੁੜ੍ਹੀ ਨਾਲ ਬੰਦਾ ਹੋਵੇ ਕੋਈ ਜ਼ਰੂਰ। ਤਿੰਨੇ ਗੁਰਦੁਆਰਿਆਂ ਵਿਚ ਉਹ ਨਹੀਂ ਸੀ। ਨਾਮਦੇਵ ਧਰਮਸ਼ਾਲ (ਗੁਰਦੁਆਰਾ) ਤੇ ਰਾਮਗੜ੍ਹੀਆ ਗੁਰਦੁਆਰੇ ਵਿਚ ਤਾਂ ਕੋਈ ਠਹਿਰਦਾ ਹੀ ਨਹੀਂ ਸੀ। ਸਿੰਘ ਸਭਾ ਗੁਰਦੁਆਰੇ ਵਾਲਿਆਂ ਨੇ ਓਹੀ ਜਵਾਬ ਦਿੱਤਾ, ਜਿਹੜਾ ਧਰਮਸ਼ਾਲਾ ਵਾਲਿਆ ਨੇ ਦਿੱਤਾ ਸੀ, ਆਖੇ ਇਕੱਲੀ ਬੁੜ੍ਹੀ ਨੂੰ...
ਉਹ ਪਿੰਡ ਛੱਡ ਕੇ ਇਸ ਲਈ ਏਥੇ ਸ਼ਹਿਰ ਵਿਚ ਆ ਟਿਕਿਆ ਸੀ, ਕਿਉਂਕਿ ਉਹਦੀ ਇਹ ਤੀਜੀ ਪਤਨੀ ਪਿੰਡ ਵਿਚ ਰਹਿ ਨਹੀਂ ਸਕਣੀ ਸੀ। ਉਹ ਦਿੱਲੀ ਵਰਗੇ ਵੱਡੇ ਸ਼ਹਿਰ ਦੀ ਜੰਮਪਲ ਸੀ। ਨਾ ਤਾਂ ਪਿੰਡ ਉਹਨੂੰ ਰਾਸ ਆ ਸਕਦਾ ਸੀ ਤੇ ਨਾ ਪਿੰਡ ਵਾਲੇ ਲੋਕ ਉਹਨੂੰ ਆਪਣੇ-ਆਪ ਵਿਚ ਸਮਾ ਸਕਦੇ ਸਨ। ਸ਼ਹਿਰਨ ਔਰਤਾਂ ਦੀਆਂ ਉਹ ਸੌ-ਸੌ ਗੱਲਾਂ ਬਣਾਉਂਦੇ ਅਤੇ ਉਹਦੀ ਬੋਲ-ਚਾਲ ਤੇ ਕੱਪੜਾ-ਲੀੜਾ ਪਹਿਨਣ ਦੇ ਢੰਗ ਉੱਤੇ ਆਵਾਜ਼ਾ ਕੱਸਦੇ। ਉਹ ਉਂਝ ਵੀ ਤਾਂ ਉਹਤੋਂ ਵੀਹ ਸਾਲ ਛੋਟੀ ਸੀ। ਵੱਡੀ ਉਮਰ ਦੇ ਬੰਦੇ ਨੂੰ ਪਿੰਡ ਵਿਚ ਉਂਝ ਵੀ ਠਿੱਠ ਹੋਣਾ ਪੈਂਦਾ ਹੈ। ਦੇਵਾਂ ਉਂਝ ਵੀ ਬੜੀ ਭੋਲ਼ੀ-ਭਾਲ਼ੀ ਸੀ। ਅਜਿਹੀ ਔਰਤ ਨੂੰ ਤਾਂ ਪਿੰਡ ਦੇ ਮੁਸ਼ਟੰਡੇ ਗੁੜ ਦੀ ਰੋਟੀ ਹੀ ਸਮਝਦੇ ਹਨ।
ਜਨਕ ਰਾਜ ਦੀ ਪਹਿਲੀ ਪਤਨੀ ਬੇਔਲਾਦ ਹੀ ਮਰ ਗਈ ਸੀ। ਉਹਦਾ ਇਹ ਵਿਆਹ ਬਚਪਨ ਵਿਚ ਹੀ ਹੋ ਗਿਆ। ਉਹ ਚਾਰ-ਪੰਜ ਸਾਲ ਵਸੀ ਤੇ ਮਰ ਗਈ। ਦੂਜੇ ਵਿਆਹ ਦੀਆਂ ਤਿੰਨ ਕੁੜੀਆਂ ਸਨ। ਉਹ ਮੁੰਡਾ ਚਾਹੁੰਦਾ ਸੀ। ਤਿੰਨੇ ਕੁੜੀਆਂ ਜਵਾਨ ਹੋ ਗਈਆਂ ਤੇ ਵਿਆਹ-ਵਰ ਦਿੱਤੀਆਂ। ਪਤਨੀ ਬੀਮਾਰ ਰਹਿਣ ਲੱਗੀ। ਉਹਦੇ ਕੋਲ ਵੀਹ ਕਿੱਲੇ ਜ਼ਮੀਨ ਜਾਇਦਾਦ ਸੀ ਤੇ ਪਿੰਡ ਵਿਚ ਵਧੀਆ ਦੁਕਾਨ ਚਲਦੀ। ਐਡੀ ਵੱਡੀ ਹਵੇਲੀ। ਵਾਰਸ ਬਗ਼ੈਰ ਉਹਦੀ ਜ਼ਮੀਨ ਜਾਇਦਾਦ ਐਵੇਂ ਜਾ ਰਹੀ ਸੀ। ਦੂਜੀ ਪਤਨੀ ਹੋਰ ਵਿਆਹ ਨੂੰ ਮੰਨਦੀ ਨਹੀਂ ਸੀ। ਉਹਨੇ ਆਪਣੇ ਰੁਖ ਦੇ ਰਿਸ਼ਤੇਦਾਰਾਂ ਵਿਚ ਗੱਲ ਕੀਤੀ। ਦਿਲ ਕਰੜਾ ਕੀਤਾ ਤੇ ਤੀਜਾ ਵਿਆਹ ਕਰਵਾ ਲਿਆ। ਦੂਜੀ ਪਤਨੀ ਰੁੱਸ ਕੇ ਪੇਕਿਆਂ ਨੂੰ ਤੁਰ ਗਈ। ਜਨਕ ਰਾਜ ਨੇ ਸ਼ੁਕਰ ਮਨਾਇਆ। ਬਹੁਤ ਤੰਗ ਕਰਦੀ ਸੀ ਉਹ, ਕੀਰਨੇ ਪਾਉਂਦੀ ਰਹਿੰਦੀ। ਚੰਗਾ ਹੋਇਆ ਜੂੜ ਵੱਢਿਆ ਗਿਆ। ਹੁਣ ਓਥੇ ਹੀ ਮਰ ਖਪ ਜਾਵੇਗੀ, ਪਰ ਓਦੋਂ ਹੀ ਪਤਾ ਲੱਗਿਆ, ਜਦੋਂ ਉਹਨੇ ਜੱਜ ਦੇ ਮੁਕੱਦਮਾ ਕਰ ਦਿੱਤਾ। ਜ਼ਮੀਨ ਮੰਗ ਰਹੀ ਸੀ। ਦੋ ਸਾਲ ਮੁਕੱਦਮਾ ਚੱਲਿਆ। ਜੱਜ ਨੇ ਫ਼ੈਸਲਾ ਕੀਤਾ ਕਿ ਜਨਕ ਰਾਜ ਉਹਨੂੰ ਚਾਰ ਕਿੱਲੇ ਪੈਲ਼ੈ ਤਾ-ਜ਼ਿੰਦਗੀ ਦੇਵੇਗਾ। ਉਹ ਛੀ ਮਹੀਨੇ ਬਾਅਦ ਆਉਂਦੀ ਤੇ ਠੇਕਾ ਲੈ ਜਾਂਦੀ। ਬੀਮਾਰੀ ਦਾ ਘਰ ਪਹਿਲਾਂ ਹੀ ਸੀ। ਦੋ-
202
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ