ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/203

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤਿੰਨ ਸਾਲ ਮਸਾਂ ਕੱਟ ਸਕੀ, ਮਰ ਗਈ। ਚਾਰ ਕਿੱਲੇ ਜਨਕ ਰਾਜ ਨੂੰ ਮੁੜ ਕੇ ਮਿਲ ਗਏ। ਓਦੋਂ ਤਕ ਦੋਵਾਂ ਕੋਲ ਇਕ ਮੁੰਡਾ ਹੋ ਕੇ ਮਰ ਗਿਆ ਸੀ। ਇਕ ਕੁੜੀ ਸੀ। ਪਿੰਡ ਦੇ ਲੋਕ ਕਹਿੰਦੇ ਸਨ ਕਿ ਜਨਕ ਰਾਜ ਨੂੰ ਉਹਦੀ ਤੀਵੀਂ ਦਾ ਸਰਾਪ ਮਾਰ ਗਿਆ। ਏਸੇ ਕਰਕੇ ਮੁੰਡਾ ਹੋ ਕੇ ਮਰ ਗਿਆ। ਪਿੰਡ ਦੇ ਲੋਕ ਹੋਰ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਣਾਉਂਦੇ। ਉਹਦਾ ਪਿੰਡ ਛੱਡਣ ਦਾ ਇਕ ਕਾਰਨ ਵੀ ਸੀ। ਉਹਨੇ ਪਿੰਡ ਵਾਲੀ ਅੱਧੀ ਜ਼ਮੀਨ ਵੇਚ ਦਿੱਤੀ। ਸ਼ਹਿਰ ਵਿਚ ਪਹਿਲਾਂ ਕਿਰਾਏ ਦਾ ਮਕਾਨ ਸੀ। ਫੇਰ ਦੋ ਕੋਠੀਆਂ ਪਾ ਲਈਆਂ। ਇਕ ਕੋਠੀ ਨੂੰ ਕਿਰਾਏ ਉੱਤੇ ਦੇ ਕੇ ਰੱਖਦਾ। ਆਪਣੇ ਵਾਲੀ ਅੱਧੀ ਕੋਠੀ ਵੀ ਕਿਰਾਏ ਉੱਤੇ ਸੀ। ਸ਼ਹਿਰ ਵਿਚ ਬਾਹਰਲੀਆਂ ਸੜਕਾਂ ਦੇ ਕਿਨਾਰੇ ਪਏ ਮਕਾਨਾਂ ਵਿਚ ਉਹਦੇ ਚਾਰ ਪਲਾਟ ਵੱਖ-ਵੱਖ ਥਾਵਾਂ ਉੱਤੇ ਖਰੀਦੇ ਹੋਏ ਸਨ। ਆਪ ਉਹਦੀ ਕਬਾੜੀਏ ਦੀ ਦੁਕਾਨ ਸੀ। ਜਨਕ ਕਬਾੜੀਆ ਕਰਕੇ ਉਹਨੂੰ ਸਾਰਾ ਸ਼ਹਿਰ ਜਾਣਨ ਲੱਗ ਪਿਆ ਸੀ। ਬਹੁਤ ਕਮਾਈ ਸੀ। ਪੈਸਾ ਜਮ੍ਹਾਂ ਸੀ, ਪਰ ਉਹ ਕੰਜੂਸ ਮੱਖੀ-ਚੂਸ ਸੀ। ਘਰ ਵਿਚ ਨੌਕਰਾਣੀ ਨਹੀਂ ਸੀ। ਰਸੋਈ ਦਾ ਕੰਮ, ਸਫ਼ਾਈ ਤੇ ਕੱਪੜੇ ਧੋਣ ਦਾ ਸਾਰਾ ਕੰਮ ਦੇਵਾਂ ਨੂੰ ਆਪ ਕਰਨਾ ਪੈਂਦਾ। ਉਹਦੀਆਂ ਤਿੰਨੇ ਕੁੜੀਆਂ ਵਿਚੋਂ ਕੋਈ ਨਾ ਕੋਈ ਆਈ ਰਹਿੰਦੀ ਤੇ ਦੋਵਾਂ ਦੇ ਕੰਮਾਂ ਵਿਚ ਨੁਕਸ ਕੱਢਦੀ। ਕੁੜੀਆਂ ਉਹਨੂੰ ਮੰਮੀ-ਮੰਮੀ ਕਰਦੀਆਂ ਰਹਿੰਦੀਆਂ, ਪਰ ਸਲੂਕ ਸਾਰਾ ਸੌਕਣਾਂ ਵਾਲਾ। ਦੇਵਾਂ ਮੱਚੀ-ਬੁਝੀ ਰਹਿੰਦੀ। ਕੰਮਾਂ ਵਿਚ ਉਹਦਾ ਦਿਲ ਨਹੀਂ ਲਗਦਾ ਸੀ। ਉਹਦਾ ਜੀਅ ਕਰਦਾ, ਉਹ ਘਰ ਛੱਡ ਕੇ ਕਿਧਰੇ ਭੱਜ ਜਾਵੇ। ਕੀ ਕਰਨਾ ਸੀ, ਉਹਨੇ ਜਨਕ ਰਾਜ ਦਾ ਰੁਪਈਆ ਪੈਸਾ। ਵਿਆਹ ਕੇ ਲਿਆਇਆ ਤਾਂ ਆਖ ਰਿਹਾ ਸੀ, ‘ਮੈਂ ਤੈਨੂੰ ਘਰ ਦੀ ਰਾਣੀ ਬਣਾ ਕੇ ਰੱਖਾਂਗਾ।’ ਰਾਣੀ ਤਾਂ ਉਹ ਬਣ ਨਾ ਸਕੀ, ਨੌਕਰਾਣੀ ਜ਼ਰੂਰ ਬਣ ਗਈ। ਉਹਨੇ ਆਪਣੀ ਮਾਂ ਦੇ ਘਰ ਕਦੇ ਸੋਚਿਆ ਵੀ ਨਹੀਂ ਸੀ ਕਿ ਨੌਕਰਾਣੀਆਂ ਵਾਲੇ ਕੰਮ ਕਰਨੇ ਪੈਣਗੇ। ਹੋਰ ਤਾਂ ਕੁਝ ਉਹ ਕਰ ਨਾ ਸਕਦੀ, ਮਾਂ ਨੂੰ ਗਾਲਾਂ ਕੱਢਦੀ, ਜੀਹਨੇ ਤਿੰਨ ਧੀਆਂ ਦੇ ਬਾਪ ਬੁੱਢੇ ਖੁੱਸੜ ਦੇ ਲੜ ਉਹਨੂੰ ਬੰਨ੍ਹ ਦਿੱਤਾ ਸੀ।

ਦੋਵਾਂ ਦੇ ਇਕ ਕੁੜੀ ਹੋਰ ਹੋ ਕੇ ਮਰ ਗਈ ਸੀ ਤੇ ਹੁਣ ਉਹਨੂੰ ਫੇਰ ਬੱਚਾ ਹੋਣਾ ਸੀ। ਜਨਕ ਰਾਜ ਨੇ ਟੈਸਟ ਕਰਵਾ ਲਿਆ ਸੀ, ਇਸ ਵਾਰ ਮੁੰਡਾ ਸੀ।

ਦੇਵਾਂ ਤੇ ਸੇਵਾਂ ਦੋ ਭੈਣਾਂ ਸਨ। ਸੇਵਾਂ ਵੱਡੀ ਸੀ ਤੇ ਆਗਰੇ ਵਿਆਹੀ ਹੋਈ ਸੀ। ਸੇਵਾਂ ਦੇ ਪਤੀ ਦੀ ਓਥੇ ਜੁੱਤੀਆਂ ਦੀ ਦੁਕਾਨ ਸੀ। ਦਿੱਲੀ ਵਾਲੇ ਪੰਜਾਬੀ ਪਰਿਵਾਰ ਸੀ। ਆਗਰੇ ਵਾਲੇ ਵੀ ਪੰਜਾਬੀ ਸਨ। ਦੋਵਾਂ ਭੈਣਾਂ ਦੀ ਮਾਂ ਸੀ, ਬਾਪ ਨਹੀਂ ਸੀ। ਬਾਪ ਉਹਨਾਂ ਦਾ ਏਧਰੋਂ ਫਗਵਾੜੇ ਕੋਲ ਦਾ ਸੀ। ਕਾਰੋਬਾਰ ਦੇ ਸਿਲਸਿਲੇ ਵਿਚ ਦਿੱਲੀ ਚਲਿਆ ਗਿਆ ਸੀ ਤੇ ਫੇਰ ਦਿੱਲੀ ਦਾ ਹੋ ਕੇ ਹੀ ਰਹਿ ਗਿਆ। ਵੱਡੀ ਕੁੜੀ ਸੇਵਾਂ ਨੂੰ ਉਹ ਆਪਣੇ ਹੱਥੀਂ ਵਿਆਹ ਕੇ ਗਿਆ ਸੀ। ਮਰਿਆ ਸੀ ਤਾਂ ਕਾਰੋਬਾਰ ਠੱਪ ਹੋ ਕੇ ਰਹਿ ਗਿਆ।ਓਸੇ ਨਾਲ ਸੀ ਸਭ ਕੁਝ। ਦੇਵਾਂ ਦੀ ਮਾਂ ਨੇ ਉਹਨੂੰ ਦਸਵੀਂ ਤਕ ਪੜ੍ਹਾ ਲਿਆ ਸੀ। ਸੇਵਾਂ ਵੀ ਦਸ ਪਾਸ ਸੀ। ਉਹਨੇ ਕਿਹੜਾ ਕੁੜੀਆਂ ਤੋਂ ਨੌਕਰੀ ਕਰਾਉਣੀ ਸੀ। ਕਾਰੋਬਾਰੀ ਘਰਾਂ ਦੀਆਂ ਕੁੜੀਆਂ ਸਹੁਰੀ ਜਾ ਕੇ ਕਦੋਂ ਨੌਕਰੀ ਕਰਦੀਆਂ ਹਨ। ਅਗਾਂਹ ਵੀ ਤਾਂ ਉਹਨਾਂ ਦੇ ਕਾਰੋਬਾਰ ਹੁੰਦੇ ਹਨ, ਵਪਾਰ ਹੁੰਦੇ ਹਨ।

ਛੱਡ ਕੇ ਨਾ ਜਾਹ

203