ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/204

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਗੱਲ ਤਾਂ ਐਨੀ ਹੋਈ ਸੀ ਬਸ ਕਿ ਰੋਟੀ ਤੋਂ ਬਾਅਦ ਦੇਵਾਂ ਜੂਠੇ ਭਾਂਡੇ ਸਰਫ਼ ਦੇ ਪਾਣੀ ਵਿਚ ਪਾ ਕੇ ਸਾਫ਼ ਕਰ ਰਹੀ ਸੀ। ਉਹਨੇ ਆਪ ਹਾਲੇ ਰੋਟੀ ਨਹੀਂ ਖਾਧੀ ਸੀ। ਗੈਸ ਉੱਤੇ ਦੁੱਧ ਧਰਿਆ ਹੋਇਆ ਸੀ। ਜਨਕ ਰਾਜ ਰਸੋਈ ਵਿਚ ਗਿਆ ਸੀ ਤੇ ਕੜਕ ਕੇ ਬੋਲਿਆ ਸੀ ਕਿ ਉਹਨੇ ਆਲੂ ਗੋਭੀ ਦੀ ਸਬਜ਼ੀ ਵਿਚ ਆਲੂ ਕੱਚੇ ਰੱਖ ਦਿੱਤੇ ਹਨ। ਉਹਨੂੰ ਰਸੋਈ ਦਾ ਕੰਮ ਨਹੀਂ ਆਉਂਦਾ। ਮਾਂ ਨੇ ਉਹਨੂੰ ਕੁਝ ਸਿਖਾਇਆ ਹੀ ਨਹੀਂ। ਉਹ ਡੰਗਰਾਂ ਵਾਂਗ ਉੱਠ ਕੇ ਆ ਗਈ ਹੈ।

ਦੇਵਾਂ ਉਹਦੀਆਂ ਤੇਜ਼ ਤਰਾਰ ਗੱਲਾਂ ਸੁਣਦੀ ਗਈ ਤੇ ਸੁਣਦੀ ਗਈ। ਉਹ ਤਾਂ ਉੱਤੇ ਹੀ ਉੱਤੇ ਚੜ੍ਹਦਾ ਆ ਰਿਹਾ ਸੀ। ਦੋਵਾਂ ਦਾ ਦਿਮਾਗ਼ ਚੱਕਰ ਖਾਣ ਲੱਗਿਆ। ਉਹਦੇ ਲਈ ਨਿੱਤ ਦਾ ਕਲੇਸ਼ ਝੱਲਣਾ ਮੁਸ਼ਕਿਲ ਸੀ। ਉਹ ਬਦਹਵਾਸ ਹੋ ਕੇ ਬੈਠ ਗਈ- 'ਜਾਓ, ਮੈਥੋਂ ਨਹੀਂ ਹੁੰਦਾ ਫੇਰ। ਹੋਰ ਲੈ ਆਓ ਕੋਈ ਕਰਨ ਵਾਲੀ।'

'ਜਾਹ, ਨਿੱਕਲ ਜਾਹ। ਜਾਹ ਜਿੱਧਰ ਜਾਣੈ।'

'ਕਿਰਾਇਆ ਦੇ ਦਿਓ ਮੈਨੂੰ ਬਸ, ਐਨੀ ਮਿਹਰਬਾਨੀ ਕਰ ਦਿਓ।'

ਜਨਕ ਰਾਜ ਅੰਦਰ ਕਮਰੇ ਵਿਚ ਗਿਆ ਤੇ ਗੋਦਰੇਜ ਦੀ ਅਲਮਾਰੀ ਖੋਲ੍ਹ ਕੇ ਪੰਜ ਸੌ ਰੁਪਿਆ ਕੱਢ ਲਿਆ। ਉਹਦੇ ਸਾਹਮਣੇ ਗਿਣ ਕੇ ਤੈਸ਼ ਵਿਚ ਉਹਨੂੰ ਫੜਾ ਦਿੱਤਾ ਤੇ ਹੌਲ਼ੀ ਦੇ ਕੇ ਆਖ ਦਿੱਤਾ- 'ਜਾਹ, ਹੁਣੇ ਤੁਰ ਜਾ।'

ਅੱਧੇ ਭਾਂਡੇ ਟੂਟੀ ਥੱਲੇ ਅਣਧੋਤੇ ਪਏ ਸਨ। ਦੁੱਧ ਉੱਬਲ ਕੇ ਗੈਸ ਨੂੰ ਬੁਝਾ ਚੁੱਕਿਆ ਸੀ। ਦੋਵਾਂ ਨੇ ਓਸੇ ਵਕਤ ਹੱਥ ਧੋਤੇ ਤੇ ਕਮਰੇ ਵਿਚ ਆ ਕੇ ਅਟੈਚੀ ਵਿਚ ਆਪਣੇ ਕੱਪੜੇ ਪਾਉਣ ਲੱਗੀ। ਉਹਦੀ ਕੁੜੀ ਖਿਮਾ ਉਹਦੀ ਮਦਦ ਕਰ ਰਹੀ ਸੀ। ਪੁੱਛਦੀ- ‘ਕਿੱਥੇ ਚੱਲੇ ਆਂ, ਮੰਮੀ?’

'ਨਾਨੀ ਕੋਲ?'

ਖਿਮਾ ਛੇਤੀ ਛੇਤੀ ਕੰਮ ਕਰਦੀ। ਉਹਨੂੰ ਨਾਨੀ ਕੋਲ ਜਾਣ ਦਾ ਬਹੁਤ ਚਾਅ ਸੀ। ਉਹ ਕਿੰਨੀ ਵਾਰ ਮੰਮੀ ਨੂੰ ਕਹਿ ਚੁੱਕੀ ਸੀ, ਪਰ ਮੰਮੀ ਨੂੰ ਇਸ ਘਰ ਵਿਚੋਂ ਕਦੇ ਨਿੱਕਲਣ ਕੌਣ ਦਿੰਦਾ ਸੀ। ਉਹਦੇ ਪਾਪਾ ਦਾ ਕਦੇ ਕੋਈ ਬਹਾਨਾ, ਕਦੇ ਕੋਈ। ਮਾਵਾਂ ਧੀਆਂ ਕੈਦ ਹੋ ਕੇ ਰਹਿ ਗਈਆਂ ਸਨ। ਛੁੱਟੀਆਂ ਵਿਚ ਹਰ ਕੋਈ ਆਪਣੇ ਨਾਨਕੀ ਜਾਂਦਾ ਹੈ, ਭੂਆ ਕੋਲ ਜਾਂ ਕਿਤੇ ਵੀ...।

ਰਾਤ ਦੇ ਬਾਰਾਂ ਵੱਜ ਚੁੱਕੇ ਸਨ, ਜਦੋਂ ਜਨਕ ਰਾਜ ਘਰ ਮੁੜਿਆ। ਘਰ ਦਾ ਗੇਟ ਓਵੇਂ ਜਿਵੇਂ ਚੁਪੱਟ ਖੁੱਲ੍ਹਾ ਪਿਆ ਸੀ। ਕੋਈ ਚੋਰ ਵੀ ਨਹੀਂ ਆਇਆ। ਘਰ ਉਹਨੂੰ ਬਹੁਤ ਖ਼ਾਲੀ ਲੱਗਿਆ। ਜਿਵੇਂ ਇਸ ਵਿਚ ਦੇਵਾਂ ਬਗ਼ੈਰ ਕੁਝ ਵੀ ਨਾ ਰਹਿ ਗਿਆ ਹੋਵੇ।

ਉਹਨੂੰ ਇਹ ਦੁੱਖ ਹੋਰ ਵੀ ਵੱਡਾ ਸੀ ਕਿ ਉਹ ਗਈ ਤਾਂ ਗਈ ਕਿੱਥੇ? ਕਿਧਰੇ ਪੁਲਿਸ ਦੇ ਅੜਿੱਕੇ ਨਾ ਚੜ੍ਹ ਗਈ ਹੋਵੇ? ਜਾਂ ਕੀਹ ਐ ਕੋਈ ਗੁੱਡਾ ਨਾ ਫੁਸਲਾ ਕੇ ਲੈ ਗਿਆ ਹੋਵੇ? ਅਜਿਹੀ ਕੋਈ ਵਾਰਦਾਤ ਹੋ ਗਈ ਤਾਂ ਬਹੁਤ ਬਦਨਾਮੀ ਹੋਵੇਗੀ। ਸਮਾਜ ਉਹਨੂੰ ਲਾਹਣਤਾਂ ਪਾਵੇਗਾ-ਸਾਲ਼ਿਆ ਹਰਾਮੀਆਂ, ਘਰ ਵਾਲੀ ਨੂੰ ਆਪ ਧੱਕਾ ਦੇ ਕੇ ਘਰੋਂ ਕੱਢ ਦਿੱਤਾ, ਤੇਰੇ ਨਾਲ ਇਉਂ ਹੀ ਹੋਣੀ ਚਾਹੀਦੀ ਸੀ। ਅਜਿਹੀ ਬਦਨਾਮੀ ਨਾਲੋਂ ਉਹਨੂੰ ਮਰ ਜਾਣਾ ਚਾਹੀਦਾ ਹੈ। ਅੱਧੀ ਰਾਤ ਉਹਨੇ ਦੇਵਾਂ ਨੂੰ ਘਰੋਂ ਕੱਢ ਦਿੱਤਾ। ਕਿਉਂ

204

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ