ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/207

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
 

ਐਮਰਜੰਸੀ

ਸ਼ਾਮ ਦੇ ਪੰਜ ਵੱਜਣ ਵਾਲੇ ਹਨ। ਨਹਿਰੂ ਸੇਹਤ ਕੇਂਦਰ ਦੇ ਵੱਡੇ ਗੇਟ ਸਾਹਮਣੇ ਟੈਕਸੀ ਆ ਕੇ ਰੁਕੀ ਹੈ। ਟੈਕਸੀ ਵਿਚੋਂ ਉੱਤਰ ਕੇ ਸਾਗਰ ਨੇ ਸੰਤਰੀ ਤੋਂ ਐਮਰਜੰਸੀ ਵਾਰਡ ਦਾ ਰਾਹ ਪੁੱਛਿਆ ਹੈ।

'ਸਾਹਮਣੇ ਲਾਲ ਅੱਖਰਾਂ ਵਿਚ ਐਮਰਜੰਸੀ ਲਿਖਿਆ ਦੇਖੋ, ਭਾਈ ਸਾਹਬ। ਉੱਥੋਂ ਸੱਜੇ ਹੱਥ ਸੜਕ ਪੈ ਜਾਓ, ਐਮਰਜੰਸੀ ਵਾਰਡ ਦੇ ਦਰਵਾਜੇ 'ਤੇ ਪਹੁੰਚ ਜਾਓਗੇ।’ ਸੰਤਰੀ ਨੇ ਸਮਝਾਇਆ ਹੈ।

ਟੈਕਸੀ ਵਿਚ ਵਾਪਸ ਆ ਕੇ ਉਸ ਨੂੰ ਪਲ਼ ਭਰ ਦੀ ਰਾਹਤ ਮਿਲੀ ਹੈ। ਉਸ ਨੇ ਮਧੂ ਨੂੰ ਆਪਣੀ ਵੱਖੀ ਨਾਲ ਘੁੱਟ ਕੇ ਹੌਂਸਲਾ ਦਿੱਤਾ ਹੈ- ‘ਬਸ ਪਹੁੰਚ ਗਏ ਹੁਣ ਤਾਂ। ਏਥੇ ਤਾਂ ਤੈਨੂੰ ਛੇਤੀ ਹੀ ਰਾਜ਼ੀ ਕਰ ਦੇਣਗੇ। ਹੁਣ ਨਾ ਫ਼ਿਕਰ ਕਰ। ਜਿੰਨਾ ਦੁੱਖ ਭੋਗਣਾ ਸੀ, ਭੋਗਿਆ ਗਿਆ।’

ਮਧੂ ਦੇ ਸਿਰ ਵਿਚ ਲਗਾਤਾਰ ਸਖ਼ਤ ਦਰਦ ਹੋ ਰਿਹਾ ਹੈ। ਕਮਰ ਤੇ ਪਿੰਜਣੀਆਂ ਵਿਚੋਂ ਦੌਰੇ ਵਾਂਗ ਪੀੜਾਂ ਉੱਠਦੀਆਂ ਹਨ। ਇਹਨਾਂ ਪੀੜਾਂ ਦੇ ਬੇਹੱਦ ਵਧ ਜਾਣ ਨਾਲ ਉਸਦੇ ਸਰੀਰ ਨੂੰ ਭੌਣੀ ਆਉਂਦੀ ਹੈ। ਸਾਰਾ ਪਿੰਡਾ ਮੁੜ੍ਹਕੇ ਨਾਲ ਭਿੱਜ ਜਾਂਦਾ ਹੈ ਤੇ ਫਿਰ ਠੰਡਾ ਬਰਫ਼ ਹੋ ਜਾਂਦਾ ਹੈ। ਕੁਝ ਦੇਰ ਹੀ ਆਰਾਮ ਰਹਿੰਦਾ ਹੈ ਤੇ ਫਿਰ ਸੁੱਕੇ ਉਵੱਤ ਆਉਣ ਲੱਗਦੇ ਹਨ, ਸਰੀਰ ਦੀਆਂ ਸਖ਼ਤ ਦੀਆਂ ਸਖ਼ਤ ਪੀੜਾਂ ਸ਼ੁਰੂ ਹੋ ਜਾਂਦੀਆਂ ਹਨ। ਪਿਛਲੇ ਇਕ ਹਫ਼ਤੇ ਤੋਂ ਮਧੂ ਦੀ ਇਹ ਹਾਲਤ ਬਣੀ ਹੋਈ ਹੈ।

ਉਹ ਦੂਰ ਪਿੰਡ ਦਾ ਰਹਿਣ ਵਾਲਾ ਹੈ। ਸਰਕਾਰੀ ਮੁਲਾਜ਼ਮ ਹੈ। ਤਨਖ਼ਾਹ ਬਹੁਤ ਥੋੜ੍ਹੀ ਹੈ। ਹੋਰ ਆਮਦਨ ਕੋਈ ਨਹੀਂ। ਦੋ ਬੱਚੇ ਹਨ। ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ ਹੈ।

ਮਧੂ ਦੀ ਦੋ-ਤਿੰਨ ਦਿਨ ਇਹ ਹਾਲਤ ਰਹੀ ਸੀ ਤਾਂ ਨੇੜੇ ਦੇ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਸਾਗਰ ਉਸਨੂੰ ਲੈ ਗਿਆ ਸੀ। ਹਸਪਤਾਲ ਵਾਲਿਆਂ ਨੇ ਚਾਰ ਦਿਨ ਉਸਨੂੰ ਰੱਖਿਆ ਸੀਤੇ ਆਪਣੀ ਸਮਝ ਅਨੁਸਾਰ ਉਸ ਦਾ ਇਲਾਜ ਕੀਤਾ ਸੀ, ਪਰ ਉਸਦੀ ਹਾਲਤ ਤਾਂ ਪਹਿਲਾਂ ਨਾਲੋਂ ਵੀ ਨਿਘਰਦੀ ਗਈ ਸੀ। ਅਖ਼ੀਰ ਉਹਨਾਂ ਨੇ ਸਲਾਹ ਦਿੱਤੀ ਸੀ- ‘ਇਸ ਨੂੰ ਹੁਣੇ ਹੀ ਨਹਿਰੂ ਸੇਹਤ-ਕੇਂਦਰ ਲੈ ਜਾਓ। ਬੀਮਾਰੀ ਖ਼ਤਰਨਾਕ ਦਿਸਦੀ ਹੈ। ਇਸ ਦਾ ਇਲਾਜ ਤਾਂ ਉੱਥੇ ਹੀ ਹੋਵੇਗਾ। ਟੈਕਸੀ ਵਿਚ ਪਾ ਕੇ ਲੈ ਜਾਓ, ਬਸ।’

ਨੇੜੇ ਦੇ ਸ਼ਹਿਰ ਤੋਂ ਸੌ ਮੀਲ ਦੂਰ ਇਕ ਵੱਡੇ ਸ਼ਹਿਰ ਵਿਚ ‘ਨਹਿਰੂ ਸੇਹਤ-ਕੇਂਦਰ’ ਬਣਿਆ ਹੋਇਆ ਹੈ। ਕਈ ਕਰੋੜ ਰੁਪਿਆ ਖ਼ਰਚ ਕੀਤਾ ਗਿਆ ਹੈ। ਪ੍ਰਾਂਤ ਦਾ ਸਭ ਤੋਂ

ਐਮਰਜੰਸੀ
207