ਵੱਡਾ ਹਸਪਤਾਲ। ਦੇਸ਼ ਦੇ ਕੁਝ ਇਕ ਵੱਡੇ ਰਿਸਰਚ ਇੰਸਟੀਚਿਊਟ ਵਿਚੋਂ ਇਕ। ਦੂਜੇ ਪ੍ਰਾਂਤਾਂ ਦੇ ਵਿਗੜੇ ਕੇਸ ਏਥੇ ਆਉਂਦੇ ਹਨ।
ਟੈਕਸੀ ਐਮਰਜੰਸੀ ਵਾਰਡ ਦੇ ਦਰਵਾਜੇ ਅੱਗੇ ਜਾ ਖੜ੍ਹੀ ਹੈ। ਲੱਤਾਂ ਤੇ ਢੂਹੀ ਹੇਠ ਦੀ ਹੱਥ ਪਾ ਕੇ ਸਾਗਰ ਨੇ ਮਧੂ ਨੂੰ ਟੈਕਸੀ ਵਿਚੋਂ ਕੱਢਿਆ ਹੈ ਤੇ ਪਹਿਲਾਂ ਹੀ ਤਿਆਰ ਹਸਪਤਾਲ ਦੀ ਟਰਾਲੀ ਉੱਤੇ ਉਸ ਨੂੰ ਲਿਟਾ ਦਿੱਤਾ ਹੈ। ਟਰਾਲੀ ਵਾਲਾ ਕਰਮਚਾਰੀ ਉਸ ਨੂੰ ਅੰਦਰ ਲੈ ਜਾ ਰਿਹਾ ਹੈ।
‘ਕੀ ਬੀਮਾਰੀ ਹੈ ਜੀ?’ ਟਰਾਲੀਮੈਨ ਨੇ ਸਾਗਰ ਨੂੰ ਪੁੱਛਿਆ ਹੈ।
‘ਬਸ ਜੀ, ਦਰਦ ਹੁੰਦਾ ਸਮਝ ਲਓ।’ ਸਾਗਰ ਨੇ ਇਸ ਤਰ੍ਹਾਂ ਦਾ ਜਵਾਬ ਦਿੱਤਾ ਹੈ, ਜਿਵੇਂ ਇਹ ਕੋਈ ਖ਼ਾਸ ਬੀਮਾਰੀ ਨਹੀਂ ਸੀ, ਪਰ ਹੁਣ ਤਾਂ ਇਹੀ ਖ਼ਾਸ ਬਣੀ ਹੋਈ ਹੈ।
‘ਪਹਿਲਾਂ ਨਹੀਂ ਦੇਖਾਇਆ ਕਿਸੇ ਨੂੰ?’ ਟਰਾਲੀਮੈਨ ਨੇ ਸਵਾਲ ਕੁਝ ਇਸ ਤਰ੍ਹਾਂ ਕੀਤਾ ਹੈ, ਜਿਵੇਂ ਕਹਿ ਰਿਹਾ ਹੋਵੇ, ਐਨੀ ਕੁ ਬੀਮਾਰੀ ’ਤੇ ਲੈ ਆਏ ਐਮਰਜੰਸੀ ਵਿਚ?
‘ਬਹੁਤ ਦਿਖਾਇਐ, ਯਾਰ। ਆਖ਼ਰ ਨੂੰ ਆਏ ਆਂ।’ ਸਾਗਰ ਨੇ ਕਿਹਾ ਹੈ।
ਟਰਾਲੀਮੈਨ ਗੁੱਝਾ-ਗੁੱਝਾ ਮੁਸਕਰਾਇਆ ਹੈ। ਵੇਟਿੰਗ ਹਾਲ ਵਿਚ ਜਾ ਕੇ ਟਰਾਲੀ ਉਸ ਨੇ ਖੜ੍ਹਾਅ ਦਿੱਤੀ ਹੈ। ਇਕ ਬੈੱਡ ਵੱਲ ਇਸ਼ਾਰਾ ਕਰਕੇ ਸਾਗਰ ਨੂੰ ਕਿਹਾ ਹੈ- ‘ਲਿਟਾਅ ਦਿਓ ਇਸ ’ਤੇ। ਡਾਕਟਰ ਸਾਅਬ ਆਉਂਦੇ ਨੇ।’
ਵੇਟਿੰਗ ਹਾਲ ਦੇ ਬੈੱਡ ਨੰਬਰ ਦੋ ’ਤੇ ਪਈ ਮਧੂ ਸਹਿਜ ਹੋ ਗਈ ਦਿਸਦੀ ਹੈ। ਕੋਈ ਉਵੱਤ ਨਹੀਂ। ਲੱਤਾਂ ਤੇ ਕਮਰ ਵਿਚ ਕੋਈ ਦਰਦ ਨਹੀਂ। ਨਾ ਤੌਣੀ ਤੇ ਨਾ ਸਰੀਰ ਠੰਡਾ। ਸ਼ਾਇਦ ਸਿਰ ਦਰਦ ਵੀ ਨਹੀਂ ਹੋ ਰਿਹਾ। ਹੋ ਵੀ ਰਿਹਾ ਹੋਵੇਗਾ ਤਾਂ ਸਖ਼ਤ ਨਹੀਂ।
ਡਿਊਟੀ 'ਤੇ ਹਾਜ਼ਰ ਡਾਕਟਰ ਆਇਆ ਹੈ।
‘ਬੀਬੀ ਜੀ, ਕੈਸੀ ਤਬੀਅਤ ਹੈ।’
‘ਪੀੜਾਂ ਪੈਂਦੀਆਂ ਨੇ, ਵੀਰ ਜੀ’ ਮਧੂ ਨੇ ਬਹੁਤ ਧੀਮੀ ਆਵਾਜ਼ ਵਿਚ ਜਵਾਬ ਦਿੱਤਾ ਹੈ। ‘ਵੀਰ ਜੀ’ ਕਹਿ ਕੇ ਡਾਕਟਰ ਵੱਲ ਅਪਣੱਤ ਦਿਖਾਉਣ ਦੀ ਕੋਸ਼ਿਸ਼ ਵੀ ਕਰ ਗਈ ਹੈ।
‘ਜ਼ਬਾਨ ਦਿਖਾਓ।’ ਡਾਕਟਰ ਨੇ ਖਰ੍ਹਵਾ ਬੋਲ ਕੱਢਿਆ ਹੈ।
ਜੀਭ ਬਾਹਰ ਕੱਢ ਕੇ ਮਧੂ ਉਤਸੁਕ ਅੱਖਾਂ ਨਾਲ ਡਾਕਟਰ ਦੇ ਚਿਹਰੇ ਵੱਲ ਝਾਕ ਰਹੀ ਹੈ।
‘ਬੈਠੋ, ਬੈਠ ਜਾਓ। ਡਾਕਟਰ ਨੇ ਸਿਰਫ਼ ਜ਼ਬਾਨ ਹੀ ਹਿਲਾਈ ਹੈ।
ਸਰੀਰ ਦਾ ਸਾਰਾ ਜ਼ੋਰ ਲਾਉਣ 'ਤੇ ਵੀ ਉਹ ਆਪ ਬੈਠੀ ਨਹੀਂ ਹੋ ਸਕੀ। ਸਾਗਰ ਨੇ ਉਸਨੂੰ ਸਹਾਰਾ ਦੇ ਕੇ ਬਿਠਾਉਣਾ ਚਾਹਿਆ ਹੈ, ਪਰ ਡਾਕਟਰ ਨੇ ਅਜਿਹਾ ਕਰਨ ਤੋਂ ਰੋਕ ਦਿੱਤਾ ਹੈ।
‘ਡਾਕਟਰ ਸਾਅਬ...’ ਸਾਗਰ ਨੇ ਹੱਥ ਜੋੜੇ ਹਨ।
‘ਐਮਰਜੰਸੀ ਵਾਲਾ ਤਾਂ ਇਹ ਕੇਸ ਨਹੀਂ।’ ਮਧੂ ਤੋਂ ਜ਼ਰਾ ਦੂਰ ਹੋ ਕੇ ਡਾਕਟਰ ਨੇ ਸਾਗਰ ਨੂੰ ਕਿਹਾ ਹੈ।
‘ਇਹ ਤਾਂ ਬਹੁਤ ਤੰਗ ਐ, ਡਾਕਟਰ ਸਾਅਬ। ਓਥੋਂ ਹਸਪਤਾਲ ਵਾਲਿਆਂ ਨੇ ਸਾਨੂੰ ਆਪ ਭੇਜਿਐ।’
208
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ