ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੋਂ ਪਹਿਲਾਂ ਹੀ ਲੋਕ ਉੱਠ ਖੜ੍ਹੇ ਸਨ। ਬਿਜਲੀ ਦਿਆਂ ਚਾਨਣਾਂ ਵਿੱਚ ਧੂੰਏਂ ਅਸਮਾਨਾਂ ਵੱਲ ਚੜ੍ਹਨ ਲੱਗੇ ਸਨ। ਨਛੱਤਰ ਕੌਰ ਨੇ ਵੀ ਉੱਠ ਕੇ ਚੁੱਲ੍ਹੇ ਅੱਗ ਬਾਲ ਲਈ ਸੀ।

ਪਰਮਿੰਦਰ ਥੱਲੇ ਉੱਤਰ ਕੇ ਪੰਪ ਤੋਂ ਪਾਣੀ ਦੀ ਬਾਲਟੀ ਲੈਣ ਆਈ। ਸੁਖਪਾਲ ਵਿਹੜੇ ਵਿੱਚ ਅਜੇ ਮੰਜੇ ਉੱਤੇ ਹੀ ਬੈਠਾ ਸੀ। ਚਾਹ ਪੀ ਚੁੱਕਿਆ ਸੀ। ਜੰਗਲ ਪਾਣੀ ਜਾਣ ਲਈ ਉੱਠਣ ਵਾਲਾ ਹੀ ਸੀ। ਪਰਮਿੰਦਰ ਨਾਲ ਉਸ ਦੀਆਂ ਅੱਖਾਂ ਮਿਲੀਆਂ। ਦੋਵੇਂ ਹੀ ਗੁੱਝਾ ਜਿਹਾ ਮੁਸਕਰਾਏ। ਇਸ ਮੁਸਕਰਾਹਟ ਵਿੱਚ ਅਫ਼ਸੋਸ ਦਾ ਰੰਗ ਸੀ। ਸੁਖਪਾਲ ਵੱਲ ਬਿਨਾਂ ਝਾਕੇ ਹੀ ਪਰਮਿੰਦਰ ਪਾਣੀ ਦੀ ਬਾਲਟੀ ਲੈ ਕੇ ਪੌੜੀਆਂ ਚੜ੍ਹ ਗਈ। ਉਸ ਨੇ ਦੇਖਿਆ, ਪੈਂਟੂ ਅਜੇ ਵੀ ਸੁੱਤਾ ਪਿਆ ਸੀ, ਜਿਵੇਂ ਬਹੁਤ ਗੂਹੜੀ ਨੀਂਦ ਵਿੱਚ ਹੋਵੇ। ਸੁਖਪਾਲ ਉਸ ਵੱਲ ਕਹਿਰੀ ਨਿਗਾਹ ਨਾਲ ਝਾਕਿਆ-ਉੱਠ ਮਹਾਰਾਜ, ਹੁਣ ਜਾ ਆ ਬਾਹਰ। ਭੱਠਲਾਂ ਦੇ ਨੀ ਜਾਣਾ? ਤੂੜੀ ਕਹਿ, ਸਿੱਟ ਜਾਣ।

-ਚਾਹ ਦੀ ਘੁੱਟ ਨੀ ਬਚੀ ਪਈ? ਮੱਥਾ ਭਾਰੀ ਜ੍ਹਾ ਲੱਗਦੈ।

-ਪਈ ਐ, ਦੇ ਦਿੰਨੀ ਆਂ ਤੱਤੀ ਕਰਕੇ। ਪੈਂਟੂ ਤਾਂ ਪਤਾ ਨਹੀਂ ਕਦੋਂ ਉੱਠੂ।

-ਇਹ ਵੀ ਸਾਲ਼ਾ ਜਵਾਕ ਜ੍ਹਾ ਰਾਤ ਨੂੰ ਸੌਂਦਾ ਨੀ, ਹੁਣ ਉੱਠਣ 'ਚ ਈ ਨੀ ਔਂਦਾ। ਧਰਤੀ ਤੋਂ ਇੱਕ ਰੋੜ ਚੁੱਕ ਕੇ ਉਸ ਨੇ ਪੈਂਟੂ ਦੇ ਚਿੱਤੜਾਂ ਉੱਤੇ ਮਾਰਿਆ। ਮੁੰਡਾ ਥੋੜ੍ਹਾ ਜਿਹਾ ਧੰਦਕਿਆ, ਪਰ ਜਾਗਿਆ ਨਹੀਂ।

ਅੱਧਾ ਕੁ ਗਲਾਸ ਚਾਹ ਦਾ ਪੀ ਕੇ ਉਹ ਉੱਠਿਆ। ਮਹਿੰ ਦੇ ਕੋਲ ਦੀ ਲੰਘਣ ਲੱਗਿਆਂ ਉਸ ਦੇ ਦਿਲ ਵਿੱਚ ਪਤਾ ਨਹੀਂ ਕੀ ਗੱਲ ਆਈ, ਉਸ ਨੇ ਫਹੁੜਾ ਚੁੱਕ ਕੇ ਉਸ ਦੇ ਮਗਰਲੇ ਸੱਜੇ ਪੱਟ ਉੱਤੇ ਮਾਰਿਆ। ਕੰਜਰ ਦੀ ਨਾ ਹੋਵੇ ਤਾਂ...।

-ਕੋਈ ਕਮਲ-ਵਾਅ ਜਾਗਿਆ ਹੋਇਐ...? ਨਛੱਤਰ ਕੌਰ ਨੇ ਦੂਰੋਂ ਹੀ ਆਖਿਆ। ਉਹ ਸੂਹਣ ਨਾਲ ਵਿਹੜਾ ਸੁੰਭਰ ਰਹੀ ਸੀ। ਸੂਹਣ ਦੇ ਮੁੱਠੇ ਨੂੰ ਹੱਥ ਨਾਲ ਹੀ ਝੋਕ ਕੇ ਉਸ ਨੇ ਫਿਰ ਨੀਵੇਂ ਸਵਰ ਵਿੱਚ ਕਿਹਾ-ਪਸ਼ੂਆਂ ਨਾਲ ਵੀ ਕੋਈ ਵੈਰ ਹੁੰਦੈ, ਪਸ਼ੂ ਤਾਂ ਪਸ਼ੂ ਈ ਐ। ਜਿਵੇਂ ਉਸ ਨੇ ਆਪਣੇ ਆਪ ਨੂੰ ਹੀ ਕਿਹਾ ਹੋਵੇ। ਸੁਖਪਾਲ ਤਾਂ ਓਸੇ ਵੇਲੇ ਘਰੋਂ ਬਾਹਰ ਹੋ ਗਿਆ ਸੀ।

ਨਛੱਤਰ ਕੌਰ ਕਦੇ-ਕਦੇ ਸੋਚਦੀ-ਉਹ ਕਿਉਂ ਜਾਂਦੈ ਹਰ ਰੋਜ਼ ਨਰਸ ਦੇ ਚੁਬਾਰੇ 'ਚ? ਚੁੱਪ ਕੀਤਾ ਈ ਪੌੜੀਆਂ ਚੜ੍ਹ ਜਾਂਦੈ। ਕੀ ਮਤਲਬ? ਪਰ ਉਸ ਨੇ ਉਸ ਨੂੰ ਕਦੇ ਟੋਕਿਆ ਨਹੀਂ ਸੀ। ਉਸ ਦੇ ਮਨ ਦੇ ਦੂਰ ਅੰਦਰ ਕਿਤੇ ਸ਼ੱਕ ਜਾਗਦੇ ਸਨ। ਜਾਗਦੇ ਸਨ ਤੇ ਮਿਟ ਜਾਂਦੇ ਸਨ।

ਇੱਕ ਦਿਨ ਉਸ ਨੇ ਪਰਤਿਆਵਾ ਲੈਣਾ ਚਾਹਿਆ।

ਪਰਮਿੰਦਰ ਸਵੇਰੇ ਹੀ ਪਾਣੀ ਦੀ ਬਾਲਟੀ ਲੈ ਕੇ ਗਈ। ਥੋੜ੍ਹੇ ਚਿਰ ਬਾਅਦ ਉਹ ਵੀ ਪੌੜੀਆਂ ਚੜ੍ਹ ਗਿਆ। ਅੱਗਾ-ਪਿੱਛਾ ਦੇਖ ਕੇ ਨਛੱਤਰ ਕੌਰ ਵੀ ਦੱਬੇ ਪੈਰੀਂ ਉੱਪਰ ਚੜ੍ਹਨ ਲੱਗੀ। ਜਦ ਉਹ ਪੌੜੀਆਂ ਦੇ ਅੱਧ ਵਿੱਚ ਪਹੁੰਚੀ ਤਾਂ ਉਸ ਨੇ ਦੇਖਿਆ, ਪਰਮਿੰਦਰ ਬਾਲਟੀ ਲੈ ਕੇ ਥੱਲੇ ਨੂੰ ਉੱਤਰ ਰਹੀ ਸੀ। ਪਰਮਿੰਦਰ ਨੂੰ ਦੇਖ ਕੇ ਉਹ ਕੱਚੀ ਜਿਹੀ ਹੋਈ ਤਾਂ ਸਹੀ, ਪਰ ਕਹਿਣ ਲੱਗੀ-ਚੁਬਾਰੇ 'ਤੇ ਕਿਸੇ ਬਿੱਲੀ ਕੁੱਤੇ ਨੇ ਟੋਆ ਈ ਨਾ ਪੱਟ ਲਿਆ ਹੋਵੇ, ਦੇਖ ਕੇ ਆਵਾਂ। ਮੀਂਹ-ਕਣੀ ਦਾ ਮੌਸਮ ਐ।

-ਪਰਮਿੰਦਰ ਸ਼ਾਇਦ ਸਮਝ ਗਈ ਸੀ।

ਕੱਟੇ ਖੰਭਾਂ ਵਾਲਾ ਉਕਾਬ

21