'ਬਈ, ਸਮਝ ਨਈਂ ਆਈ? ਓ.ਪੀ.ਡੀ. ’ਤੇ ਆਣਾ। ਜਾਓ, ਹੋਰ ਬੜੇ ਮਰੀਜ਼ ਨੇ।’
'ਉਹ ਤਾਂ ਜੀ... ਉਹ ਤਾਂ ਬੇਹੋਸ਼...
‘ਸ੍ਰੀਮਾਨ ਜੀ, ਜਾਓ...
ਉਹ ਭੱਜ ਕੇ ਮਧੂ ਦੇ ਬੈੱਡ ਕੋਲ ਆਇਆ ਹੈ।
'ਮਧੂ?'
'ਮਧੂ ਹੋਸ਼ ਵਿਚ ਹੈ।
‘ਕੀ ਕਹਿੰਦੇ ਨੇ?’ ਮਧੂ ਨੇ ਬਹੁਤ ਧੀਮੀ ਆਵਾਜ਼ ਵਿਚ ਪੁੱਛਿਆ ਹੈ।
‘ਦਾਖ਼ਲ ਨਹੀਂ ਕਰ ਰਹੇ।’
‘ਹੁਣ ਫੇਰ?....’
ਸ਼ਾਮ ਦੇ ਛੇ ਵੱਜ ਚੁੱਕੇ ਹਨ। ਸਰਦੀ ਦੀ ਰੁੱਤ ਹੈ। ਹਨੇਰਾ ਪਸਰਣ ਲੱਗਿਆ ਹੈ।
ਮਧੂ ਨੂੰ ਬੈੱਡ ਉੱਤੇ ਹੀ ਛੱਡ ਕੇ ਸਾਗਰ ਇਕ ਬਿੰਦ ਵੇਟਿੰਗ ਹਾਲ ਦੇ ਦਰਵਾਜ਼ੇ ਤੋਂ ਬਾਹਰ ਝਾਕਿਆ ਹੈ। ਟਰਾਲੀ ਨਵਾਂ ਮਰੀਜ਼ ਲੈ ਕੇ ਆਈ ਹੈ। ਗਰਮ ਕੋਟ ਪੈਂਟ ਨਾਲ ਚਿੱਟਾ ਕਮੀਜ਼ ਪਹਿਨਿਆ ਹੋਇਆ ਹੈ। ਟਾਈ ਦੀ ਨਾਟ ਢਿੱਲੀ ਹੈ ਤੇ ਕਮੀਜ਼ ਦਾ ਉਤਲਾ ਬਟਨ ਖੁੱਲ੍ਹਾ ਹੈ। ਸੁਬਕ ਜਿਹਾ ਨੌਜਵਾਨ ਹੈ। ਸਿਰ ਉੱਤੇ ਲੰਬੇ ਵਾਲ਼, ਧੁਰ ਜਬਾੜੇ ਤਕ ਰੱਖੀਆਂ ਕਲਮਾਂ ਤੇ ਨਿੱਕੀਆਂ-ਨਿੱਕੀਆਂ ਮੁੱਛਾਂ। ਉਸ ਦੇ ਇਕ ਪੈਰ ਉੱਤੇ ਸੱਟ ਲੱਗੀ ਹੈ। ਉਸਦੀ ਟਰਾਲੀ ਨੂੰ ਵੇਟਿੰਗ ਹਾਲ ਵਿਚ ਨਹੀਂ ਲਿਆਂਦਾ ਗਿਆ। ਸਿੱਧਾ ਹੀ ਵਾਰਡ ਦੇ ਬੈੱਡ ਉੱਤੇ ਹੀ ਲਿਜਾ ਕੇ ਉਸ ਨੂੰ ਲਿਟਾਅ ਦਿੱਤਾ ਗਿਆ। ਟਰਾਲੀ ਉੱਤੋਂ ਆਪ ਹੀ ਉੱਠ ਕੇ ਉਹ ਥੱਲੇ ਉਤਰਿਆ ਸੀ ਤੇ ਬਿਨ੍ਹਾਂ ਕਿਸੇ ਤਕਲੀਫ਼ ਦੇ ਬੈੱਡ ਉੱਤੇ ਲੇਟ ਗਿਆ ਸੀ। ਨਾਲ ਆਏ ਦੋ ਲੜਕਿਆ ਨੇ ਡਿਊਟੀ ਉੱਤੇ ਹਾਜ਼ਰ ਡਾਕਟਰ ਦੇ ਕੰਨ ਵਿਚ ਕੁਝ ਕਿਹਾ ਸੀ, ਏਸੇ ਕਰਕੇ ਹੀ ਸ਼ਾਇਦ ਉਸ ਨੂੰ ਝੱਟ ਤੇ ਸਿੱਧਾ ਹੀ ਦਾਖ਼ਲ ਕਰ ਲਿਆ ਸੀ। ਟਰਾਲੀ ਉੱਤੋਂ ਆਪ ਹੀ ਉਤਰਨ ਤੇ ਫਿਰ ਬੈਂਡ ਉੱਤੇ ਆਪ ਹੀ ਲੇਟ ਜਾਣ ’ਤੇ ਉਸ ਦੁਆਲੇ ਖੜ੍ਹੀਆਂ ਦੋ ਸਿਸਟਰਾਂ ਉਸ ਦੇ ਚਿਹਰੇ ਵੱਲ ਗਹੁ ਨਾਲ ਦੇਖ ਰਹੀਆਂ ਹਨ। ਉਹ ਮੁਸਕਰਾ ਰਿਹਾ ਹੈ। ਇਕ ਸਿਸਟਰ ਨੇ ਆਪਣੇ ਬੁੱਲ੍ਹ ਸੁਕੇੜ ਕੇ ਸਿਰ ਝਟਕਿਆ ਹੈ। ਸੋਚ ਰਹੀ ਹੋਵੇਗੀ-ਐਮਰਜੰਸੀ ਵਿਚ ਆਉਣ ਦਾ ਮਤਲਬ?
ਚਾਰ ਹੋਰ ਡਾਕਟਰ ਬੈੱਡ ਦੁਆਲੇ ਆਏ ਹਨ ਤੇ ਉਸ ਮਰੀਜ਼ ਦੀ ਜਾਂਚ ਪੜਤਾਲ ਕਰਨ ਲੱਗੇ ਹਨ।
ਡਿਊਟੀ ਉੱਤੇ ਹਾਜ਼ਰ ਡਾਕਟਰ ਨੇ ਸਾਗਰ ਨੂੰ ਵਾਰਡ ਵਿਚ ਖੜ੍ਹਾ ਦੇਖ ਲਿਆ ਹੈ। ਸਿਸਟਰ ਨੂੰ ਅੱਖ ਦਾ ਇਸ਼ਾਰਾ ਕੀਤਾ ਹੈ। ਸਿਸਟਰ ਸਾਗਰ ਕੋਲ ਆਈ ਹੈ। ਪੁੱਛਿਆ ਹੈ- 'ਤੁਹਾਡਾ ਕੋਈ ਪੇਸ਼ੈਂਟ ਹੈ ਏਥੇ?'
'ਨਹੀਂ, ਉਹ ਤਾਂ....’
'ਪਲੀਜ਼, ਬਾਹਰ ਜਾਓ।'
‘ਉਹ ਤਾਂ ਵੇਟਿੰਗ...’
‘ਮੈਂ ਕਿਹਾ, ਪਲੀਜ਼..’