ਸਾਗਰ ਵਾਰਡ ਤੋਂ ਬਾਹਰ ਆ ਗਿਆ ਹੈ। ਉਸ ਦੀ ਕੋਈ ਪੁੱਛ ਨਹੀਂ। ਉਸ ਦਾ ਹਰਾਸ ਟੁੱਟ ਗਿਆ ਹੈ। ਕਾਹਲੇ ਕਦਮੀਂ ਉਹ ਵੇਟਿੰਗ ਹਾਲ ਵਿਚ ਆਇਆ ਹੈ। ਮਧੂ ਨਾਰਮਲ ਹੈ। ਪੁੱਛਿਆ ਹੈ, 'ਕੀ ਬਣਿਆ?'
‘ਕੁਛ ਨਹੀਂ, ਕੁਛ ਵੀ ਨਹੀਂ।’
'ਹੁਣ ਫੇਰ?'
'ਚੱਲੀਏ ਫੇਰ? ਏਥੇ ਕੋਈ ਸਰਾਂ ਦੱਸਦੇ ਨੇ। ਉੱਥੇ ਰਾਤ ਕੱਟਦੇ ਆਂ।'
'ਕੱਲ੍ਹ ਨੂੰ ਤਾਂ ਐਤਵਾਰ ਐ, ਪਰਸੋਂ ਦੇਖਣਗੇ।’
'ਐਤਵਾਰ? ਹਾਏ, ਕਿਵੇਂ ਨਿੱਕਲਣਗੀਆਂ ਦੋ ਰਾਤਾਂ?’ ਉਸ ਦੀ ਹਾਲਤ ਫਿਰ ਵਿਗੜਣ ਲੱਗੀ ਹੈ।
ਟਰਾਲੀ ਉੱਤੇ ਪਵਾ ਕੇ ਉਹ ਮਧੂ ਨੂੰ ਬਾਹਰ ਲਿਜਾ ਰਿਹਾ ਹੈ।
ਜਾਂਦੇ-ਜਾਂਦੇ ਵਾਰਡ ਦੇ ਮੇਨ ਗੇਟ ਕੋਲ ਡਿਊਟੀ 'ਤੇ ਬੈਠੇ ਕਲਰਕ ਤੋਂ ਸਾਗਰ ਨੇ ਪੁੱਛਿਆ ਹੈ- ‘ਕਿਉਂ ਜੀ, ਕੱਲ੍ਹ ਨੂੰ ਨਹੀਂ ਕੁਛ ਹੋ ਸਕਦਾ?’
‘ਹੋਣਾ ਹੁੰਦਾ ਤਾਂ ਭਾਈ ਸਾਅਬ ਅੱਜ ਹੀ ਹੋ ਜਾਂਦਾ।’
'ਹੁਣ ਕੋਈ ਰਾਹ?'
‘ਇਕੋ ਰਾਹ ਐ ਬਸ, ਸਿਫ਼ਾਰਸ਼।’
‘ਹਾਂ, ਜੁੱਗ ਹੀ ਸਿਫ਼ਾਰਸ਼ ਦਾ ਐ। ਆਹ ਤੁਹਾਡੇ ਸਾਹਮਣੇ ਹੁਣੇ ਮਰੀਜ਼ ਦਾਖ਼ਲ ਹੋਇਐ। ਪੈਰ ’ਤੇ ਸਾਧਾਰਨ ਚੋਟ ਆਈ ਐ। ਇਸ ਨੂੰ ਤਾਂ ਕੋਈ ਵੀ ਡਾਕਟਰ ਲੈ ਸਕਦਾ ਸੀ। ਐਮਰਜੰਸੀ ਵਾਲਾ ਤਾਂ ਕੇਸ ਨਹੀਂ ਇਹ...?’
'ਨਹੀਂ ਹੈ।'
'ਫੇਰ? ਪਤੈ ਕਿਸ ਦਾ ਮੁੰਡਾ ਐ ਇਹ?'
'ਕਿਸ ਦਾ ਐ?'
ਕਲਰਕ ਪ੍ਰਾਂਤ ਦੇ ਇਕ ਵੱਡੇ ਪੁਲਿਸ ਅਫ਼ਸਰ ਦਾ ਨਾਉਂ ਲੈਂਦਾ ਹੈ, ਕਹਿੰਦਾ ਹੈ- ‘ਡੰਡਾ ਕੰਮ ਕਰਦਾ ਐ, ਭਾਈ ਸਾਅਬ। ਸਿਫ਼ਾਰਸ਼ ਦਾ ਡੰਡਾ।’
ਟਰਾਲੀ ਮਧੂ ਨੂੰ ਲੈ ਕੇ ਕਾਰੀਡੋਰ ਦਾ ਅੱਧ ਟੱਪ ਗਈ ਹੈ। ਗੁਰੂ ਕਾਹਲ ਨਾਲ ਟਰਾਲੀ ਨਾਲ ਰਲ਼ਿਆ ਹੈ। ਐਮਰਜੰਸੀ ਦੇ ਵੱਡੇ ਗੇਟ ਤੋਂ ਪਾਰ ਟਰਾਲੀਮੈਨ ਨੇ ਮਧੂ ਨੂੰ ਉਸ ਥਾਂ ਉੱਤੇ ਉਤਾਰ ਦਿੱਤਾ ਹੈ, ਜਿੱਥੇ ਟੈਕਸੀ ਉਸ ਨੂੰ ਛੱਡ ਕੇ ਗਈ ਸੀ।
ਇਕ ਮੋਟਰ ਰਿਕਸ਼ਾ ਵਿਚ ਬਿਠਾ ਕੇ ਸਾਗਰ ਉਸ ਨੂੰ ਸਰਾਂ ਦੇ ਦਰਵਾਜ਼ੇ ਤਕ ਲੈ ਆਇਆ ਹੈ। ਉਸ ਨੂੰ ਰਿਕਸ਼ਾ ਵਿਚ ਬੈਠੀ ਛੱਡ ਕੇ ਹੀ ਉਹ ਆਪ ਅੰਦਰ ਸਰਾਂ ਵਿਚ ਗਿਆ ਹੈ, ਪੁੱਛਗਿੱਛ ਕੀਤੀ ਹੈ। ਕੋਈ ਕਮਰਾ ਖ਼ਾਲੀ ਨਹੀਂ।
'ਮੋਟਰ-ਗੈਰਿਜਾਂ ਦੇ ਪਿਛਲੇ ਪਾਸੇ ਵੀ ਇਕ ਸਰਾਂ ਹੈ।’ ਕਿਸੇ ਨੇ ਦੱਸਿਆ ਹੈ।
ਉਹ ਮੋਟਰ-ਰਿਕਸ਼ਾ ਨੂੰ ਉਸ ਛੋਟੀ ਸਰਾਂ ਦੇ ਦਰਵਾਜ਼ੇ ਉੱਤੇ ਲੈ ਆਇਆ ਹੈ। ਉੱਥੇ ਵੀ ਕੋਈ ਖ਼ਾਲੀ ਕਮਰਾ ਨਹੀਂ।
ਕਿਥੇ ਲੈ ਕੇ ਜਾਵੇ ਉਹ ਹੁਣ ਮਧੂ ਨੂੰ?
ਸ਼ਹਿਰ ਵਿਚ ਤਾਂ ਕੋਈ ਵੀ ਠਹਿਰ ਨਹੀਂ। ਕੋਈ ਵੀ ਜਾਣ-ਪਹਿਚਾਣ ਨਹੀਂ।
ਐਮਰਜੰਸੀ
211