ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/212

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਰਦੀ ਬਹੁਤ ਉੱਤਰ ਆਈ ਹੈ। ਬਰਫ਼ ਭਿੱਜੀ ਤੇਜ਼ ਹਵਾ ਛੁਰੀ ਵਾਂਗ ਪਿੰਡਿਆ ਨੂੰ ਤੱਛ ਕੇ ਲੰਘ ਜਾਂਦੀ ਹੈ।

'ਐਥੇ ਕਿਸੇ ਮੋਟਰ-ਗੈਰਿਜ ਵਿਚ ਹੀ ਬਿਸਤਰਾ ਲਾ ਲਉ ਦੋਸਤ। ਰਾਤ ਨਿੱਕਲ ਜਾਏਗੀ। ਸਵੇਰੇ ਕੋਈ ਪ੍ਰਬੰਧ ਕਰ ਲੈਣਾ।' ਰਿਕਸ਼ਾ ਡਰਾਇਵਰ ਨੇ ਸਲਾਹ ਦਿੱਤੀ ਹੈ।

ਸਾਗਰ ਨੇ ਦੇਖਿਆ ਹੈ, ਮੋਟਰ-ਗੈਰਿਜਾਂ ਦੇ ਤਿੜਕੇ ਟੁੱਟੇ ਫ਼ਰਸ਼ਾਂ ਉੱਤੇ ਹੋਰ ਲੋਕਾਂ ਦੇ ਬਿਸਤਰੇ ਲੱਗੇ ਹੋਏ ਹਨ। ਇਕ ਖੂੰਜਾ ਜਿਹਾ ਦੇਖ ਕੇ ਉਸ ਨੇ ਵੀ ਆਪਣਾ ਬਿਸਤਰਾ ਖੋਲ੍ਹ ਦਿੱਤਾ ਹੈ। ਗੁਦੈਲੇ ਉੱਤੇ ਘਸੀ ਹੋਈ ਚਾਦਰ ਵਿਛਾਈ ਹੈ। ਖੇਸ ਦਾ ਸਿਰਹਾਣਾ ਲੈ ਕੇ ਮਧੂ ਨੂੰ ਮੋਟਰ ਰਿਕਸ਼ਾ ਵਿਚੋਂ ਬਾਹੋਂ ਫੜ ਕੇ ਉਤਾਰਿਆ ਹੈ। ਮਧੂ ਖੜ੍ਹ ਨਹੀਂ ਸਕੀ ਹੈ। ਥਾਂ ਦੀ ਥਾਂ ਲੁੜਕ ਗਈ ਹੈ। ਆਪਣੇ ਮੋਢੇ ਚੁੱਕ ਕੇ ਸਾਗਰ ਨੇ ਉਸ ਨੂੰ ਬਿਸਤਰੇ ਉੱਤੇ ਲਿਟਾਅ ਦਿੱਤਾ ਹੈ। ਰਿਕਸ਼ਾ ਵਾਲੇ ਨੂੰ ਪੁੱਛਿਆ ਹੈ, 'ਕਿੰਨੇ ਪੈਸੇ ਦਿਆਂ'

ਜਿੰਨੇ ਮਰਜ਼ੀ ਦੇ ਦਿਓ, ਬਾਦਸ਼ਾਓ।'

'ਫੇਰ ਵੀ?'

'ਦੇ ਦਿਉ। ਜੇ ਦਸ ਪੈਸੇ ਘੱਟ ਵੀ ਦੇ ਦਿਉਗੇ ਤਾਂ ਵੀ ਕੀਹ ਐ।'

'ਨਾਂਹ, ਦੱਸ ਦਿਓ।'

ਤੇ ਫਿਰ ਜਿੰਨੇ ਪੈਸੇ ਉਸ ਨੇ ਮੰਗੇ ਹਨ, ਸਾਗਰ ਨੂੰ ਵੱਧ ਜਾਪੇ ਹਨ, ਪਰ ਉਸ ਨੇ ਬਿਨਾਂ ਕਿਸੇ ਇਤਰਾਜ਼ ਤੋਂ ਓਨੇ ਹੀ ਦੇ ਦਿੱਤੇ ਹਨ। ਰਜ਼ਾਈ ਦੀ ਤਹਿ ਖੋਲ੍ਹ ਕੇ ਮਧੂ ਦੇ ਸਾਰੇ ਸਰੀਰ ਨੂੰ ਚੰਗੀ ਤਰ੍ਹਾਂ ਲਪੇਟ ਦਿੱਤਾ ਹੈ।

ਮਧੂ ਸਹਿਜ ਅਵਸਥਾ ਵਿਚ ਹੈ।

ਉਹ ਉਸ ਦਾ ਦਿਲ ਧਰਾ ਕੇ ਕਾਹਲ ਨਾਲ ਬੱਸ ਸਟਾਪ ਕੋਲ ਬਣੇ ਅਸਥਾਈ ਹੋਟਲਾਂ 'ਤੇ ਗਿਆ ਹੈ। ਜੋ ਵੀ ਹੋਟਲ ਸਾਹਮਣੇ ਆਇਆ ਹੈ, ਉਸ ਵਿਚ ਉਹਨੇ ਛੇਤੀ-ਛੇਤੀ ਰੋਟੀ ਖਾਧੀ ਹੈ। ਖਾਧੀ ਕਾਹਨੂੰ, ਪਸ਼ੂਆਂ ਵਾਂਗ ਅੱਧ-ਚਿੱਥੀ ਹੀ ਅੰਦਰ ਨਿਗ਼ਲ ਲਈ ਹੈ। ਉਸ ਨੂੰ ਪਤਾ ਹੈ, ਮਧੂ ਨੇ ਰੋਟੀ ਨਹੀਂ ਖਾਣੀ। ਦੁੱਧ ਵੀ ਸ਼ਾਇਦ ਹੀ ਪੀ ਸਕੇ। ਉਸ ਨੇ ਇਕ ਗਿਲਾਸ ਚਾਹ ਬਣਵਾਈ ਹੈ ਤੇ ਡਬਲ ਰੋਟੀ ਦੇ ਦੋ ਪੀਸ ਲੈ ਕੇ ਹਵਾ ਦੀ ਤੇਜ਼ੀ ਨਾਲ ਮਧੂ ਕੋਲ ਆ ਗਿਆ ਹੈ।

ਮਧੂ ਨੂੰ ਫਿੱਟ ਪਿਆ ਹੋਇਆ ਹੈ।

ਉਸ ਦੇ ਸਿਰਹਾਣੇ ਕੋਲ ਚਾਹ ਦਾ ਗਿਲਾਸ, ਉੱਤੇ ਡਬਲ ਰੋਟੀ ਦੇ ਪੀਸ ਰੱਖ ਕੇ ਉਹ ਪਾਣੀ ਲੈਣ ਦੌੜ ਗਿਆ ਹੈ। ਪਾਣੀ ਉਸ ਨੂੰ ਨਹੀਂ ਲੱਭ ਰਿਹਾ। ਉਹ ਵਾਪਸ ਆਇਆ ਹੈ ਤੇ ‘ਮਧੂ ਮਧੂ’ ਕਹਿ ਕੇ ਉੱਚੀ ਪਾਗ਼ਲਾਂ ਵਾਂਗ ਉਸ ਨੂੰ ਬੁਲਾਉਣ ਲੱਗਿਅ ਹੈ। ਠੌਡੀ ਫੜ ਕੇ ਉਸ ਨੂੰ ਝੰਜੋੜ ਦਿੱਤਾ ਹੈ। ਉਹ ਨਹੀਂ ਬੋਲੀ। ਫਿਰ ਉਸ ਨੇ ਉਸ ਦਾ ਨੱਕ ਫੜ ਕੇ ਘੁੱਟ ਦਿੱਤਾ ਹੈ। ਦੂਜੇ ਹੱਥ ਨਾਲ ਮੂੰਹ ਖੋਲ੍ਹ ਦਿੱਤਾ ਹੈ। ਮਧੂ ਨੂੰ ਮੂੰਹ ਵਿਚ ਦੀ ਔਖਾ ਸਾਹ ਆ ਗਿਆ ਹੈ। ਉਸ ਨੇ ਅੱਖਾਂ ਪੁੱਟੀਆਂ ਹਨ।

'ਮਧੂ!'

'ਹਾਂ!'

'ਠੀਕ ਐਂ?'

212

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ