ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/213

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਹਾਂ ਜੀ।'

ਸਾਗਰ ਨੇ ਹਥੇਲੀ ਨਾਲ ਮਧੂ ਦੇ ਮੱਥੇ ਉੱਤੋਂ ਪਸੀਨਾ ਪੂੰਝਿਆ ਹੈ।

'ਚਾਹ ਦੀ ਘੁੱਟ ਲਏਂਗੀ?'

'ਦੇਖ ਲੈਨੀ ਆਂ।'

'ਡਬਲ ਰੋਟੀ ਦਾ ਪੀਸ ਵੀ ਲੈ ਲੈ। ਦੋ ਲਿਆਂਦੇ ਨੇ। ਅੰਨ ਦਾ ਆਧਾਰ ਹੋਵੇਗਾ ਤਾਂ ਨੀਂਦ ਆ ਜਾਵੇਗੀ। ਰਾਤ ਨਿੱਕਲ ਜਾਵੇਗੀ।

ਮੋਢਿਆਂ ਤੋਂ ਫ਼ੜ ਕੇ ਉਸ ਨੇ ਮਧੂ ਨੂੰ ਬਿਠਾਇਆ ਹੈ। ਚਾਹ ਦਾ ਗਿਲਾਸ ਮੂੰਹ ਨੂੰ ਲਾ ਦਿੱਤਾ ਹੈ। ਛੋਟੀ ਜਿਹੀ ਇਕ ਘੱਟ ਭਰ ਕੇ ਉਹ ਬਸ ਕਰ ਗਈ ਹੈ ਤੇ ਲੇਟ ਜਾਣ ਲਈ ਕਿਹਾ ਹੈ।

'ਕੁਝ ਤਾਂ ਪੀਂਦੀ?'

'ਕੀ ਕਰਾਂ ਜੀ, ਲੰਘਦੀ ਨਹੀਂ।'

'ਹੋਰ ਫੇਰ?'

'ਬਸ ਠੀਕ ਐ, ਕਾਸੇ ਦੀ ਲੋੜ ਨਹੀਂ।'

ਸਾਰੀ ਰਾਤ ਮਧੂ ਦੀ ਹਾਲਤ ਖ਼ਰਾਬ ਰਹੀ ਹੈ। ਸਿਰ, ਕਮਰ ਤੇ ਲੱਤਾਂ ਵਿਚ ਸਖ਼ਤ ਪੀੜਾਂ ਦਾ ਦੌਰਾ, ਤੌਣੀ ਤੇ ਫਿਰ ਠੰਡਾ ਬਰਫ਼ ਸਰੀਰ।

ਉਸ ਦੀ ਗਰਮ ਪੈਂਟ ਪਿਛਲੇ ਸੱਤ ਦਿਨਾਂ ਤੋਂ ਪਜ਼ਾਮਾ ਬਣੀ ਹੋਈ ਹੈ। ਟੈਰੀਕਾਟ ਦਾ ਉਹੀ ਟੀ-ਸ਼ਰਟ ਬਹੁਤ ਮੈਲ਼ਾ ਹੋ ਚੁੱਕਿਆ ਹੈ। ਕੋਟ ਉਹ ਪਾ ਕੇ ਨਹੀਂ ਆਇਆ ਸੀ। ਕਈ ਸਾਲ ਪੁਰਾਣਾ ਅਸਮਾਨੀ ਰੰਗ ਦਾ ਸਵੈਟਰ ਪਹਿਨਿਆਂ ਹੋਇਆ ਹੈ। ਦੋ ਹਫ਼ਤਿਆਂ ਤੋਂ ਮਾਵਾ ਦਿੱਤੀ ਪਾਣੀ ਲਾ ਕੇ ਬੰਨ੍ਹੀ ਪੱਗ ਮੱਥੇ ਤੇ ਗਿੱਚੀ ਤੋਂ ਤੋਲੀਆ ਹੋ ਗਈ ਹੈ। ਸਾਰੀ ਰਾਤ ਹੀ ਉਹ ਮਧੂ ਦੇ ਸਰੀਰ ਵਿਚੋਂ ਉਠਦੀਆਂ ਪੀੜਾਂ ਨੂੰ ਦੱਬਦਾ-ਘੱਟਦਾ ਰਿਹਾ ਹੈ। ਬੈਠਾ ਹੀ ਰਿਹਾ ਹੈ। ਅੱਖ ਤਾਂ ਇਕ ਬਿੰਦ ਵੀ ਨਹੀਂ ਲਾ ਸਕਿਆ।

ਤੇ ਫਿਰ ਛੇ ਵਜੇ ਦੇ ਕਰੀਬ ਮਧੂ ਟਿਕ ਗਈ ਹੈ। ਨਾ ਹੂੰਗਰ ਤੇ ਨਾ ਪਾਸਾ ਪਰਤਦੀ ਹੈ। ਸ਼ਾਇਦ ਸੌਂ ਗਈ ਹੋਵੇਗੀ। ਸੌਂ ਹੀ ਗਈ ਹੋਵੇਗੀ। ਸਾਗਰ ਨੇ ਉਸ ਨੂੰ ਬੁਲਾਉਣਾ ਨਹੀਂ ਚਾਹਿਆ। ਸਾਰੀ ਰਾਤ ਦੀਆਂ ਪੀੜਾਂ ਨਾਲ ਸਰੀਰ ਟੁੱਟ ਕੇ ਨਿਢਾਲ ਹੋ ਗਿਆ ਹੈ। ਏਸੇ ਕਰਕੇ ਹੀ ਨੀਂਦ ਆ ਗਈ ਹੈ। ਚੰਗਾ ਹੀ ਹੈ, ਟਿਕ ਲਵੇ ਬਿੰਦ ਦੀ ਬਿੰਦ।

ਪਿਸ਼ਾਬ ਕਰਨ ਲਈ ਉਹ ਗੈਰਿਜ ਤੋਂ ਬਾਹਰ ਆਇਆ ਹੈ। ਸੇਹਤ-ਕੇਂਦਰ ਦੀਆਂ ਟਿਊਬਾਂ ਮੱਧਮ-ਮੱਧਮ ਜਗ ਰਹੀਆਂ ਹਨ। ਗੈਰਿਜਾਂ ਉੱਤੇ ਲੱਗੀਆਂ ਝਾਕਟਰਾਂ ਦੀਆਂ ਨੇਮ-ਪਲੇਟ ਵੱਲ ਉਸਦੀ ਨਿਗਾਹ ਗਈ ਹੈ। ਗੈਰਿਜਾਂ ਦੀ ਲਾਈਨ ਦੂਰ ਤਕ ਹੈ। ਸੋ ਉਹ ਚਾਰ-ਪੰਜ ਪਲੇਟਾਂ ਦੇ ਨਾਊਂ ਹੀ ਪੜ੍ਹ ਸਕਿਆ ਹੈ। ਉਂਝ ਉਸ ਨੂੰ ਦੂਰ ਤਕ ਲੱਗੀਆਂ ਕਾਲ਼ੀਆਂ ਪਲੇਟਾਂ ਦਿਸ ਜ਼ਰੂਰ ਰਹੀਆਂ ਹਨ। 'ਕੱਲ੍ਹ ਵਾਲੇ ਡਿਊਟੀ ਉੱਤੇ ਹਾਜ਼ਰ ਡਾਕਟਰ ਦੀ ਕਿਹੜੀ ਪਲੇਟ ਹੋਈ?' ਉਹ ਨਿਗਾਹ ਮਾਰਦਾ ਹੈ।

ਉਹ ਦੱਬੇ ਪੈਰੀਂ ਗੈਰਿਜ ਦੀ ਛੱਤ ਹੇਠ ਆਇਆ ਹੈ। ਚੁੱਪ ਕਰਕੇ ਮਧੂ ਦੇ ਨਾਲ ਹੀ ਰਜ਼ਾਈ ਵਿਚ ਘੁਸ ਗਿਆ ਹੈ। ਮਧੂ ਹਿੱਲੀ ਨਹੀਂ। ਸਾਗਰ ਨੇ ਇਕ ਬਿੰਦ ਅੱਖ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਸੌ ਗਿਆ ਹੈ।

ਐਮਰਜੰਸੀ

213