ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਛੱਤਰ ਕੌਰ ਚੁਬਾਰੇ ਦੀ ਛੱਤ ‘ਤੇ ਆ ਗਈ ਤੇ ਏਧਰ ਓਧਰ ਫਿਰ ਤੁਰ ਕੇ ਥੱਲੇ ਉੱਤਰ ਆਈ। ਉਸ ਨੇ ਦੇਖਿਆ ਸੀ, ਸੁਖਪਾਲ ਚੁਬਾਰੇ ਮੂਹਰੇ ਜੰਗਲੇ ਉੱਤੋਂ ਦੀ ਦੂਰ ਖੇਤਾਂ ਵੱਲ ਝਾਕ ਰਿਹਾ ਸੀ। ਉਹ ਜਦ ਚੁਬਾਰੇ ਉੱਤੋਂ ਉੱਤਰ ਰਹੀ ਸੀ, ਉਸ ਨੇ ਆਪ ਹੀ ਉਸ ਨੂੰ ਬੁਲਾਇਆ ਸੀ ਤੇ ਪੁੱਛਿਆ ਸੀ-ਕੀ ਦੇਖਦੈਂ?

-ਸੁਰਜਣ ਹੁਣ ਲੈ ਕੇ ਗਿਐ ਟਰੈਕਟਰ। ਆਹ ਵੇਲਾ ਭਲਾਂ ਖੇਤ ਜਾਣ ਦੈ ਕੋਈ। ਹੁਣ ਨੂੰ ਤਾਂ ਕਿੱਲਾ ਜ਼ਮੀਨ ਵਾਹੀ ਗਈ ਹੁੰਦੀ। ਉਸ ਨੇ ਕਿਹਾ ਸੀ ਤੇ ਨਛੱਤਰ ਕੌਰ ਦੇ ਮਗਰ ਹੀ ਪੌੜੀਆਂ ਉੱਤਰ ਆਇਆ ਸੀ।

ਨਛੱਤਰ ਕੌਰ ਦੇ ਘਰ ਹੁੰਦਿਆਂ ਹੁਣ ਉਹ ਚੁਬਾਰੇ ਵਿੱਚ ਨਹੀਂ ਸੀ ਜਾਂਦਾ। ਜਦ ਕਿਤੇ ਗਈ ਹੁੰਦੀ ਤੇ ਪਰਮਿੰਦਰ ਚੁਬਾਰੇ ਵਿੱਚ ਹੁੰਦੀ, ਉਹ ਜਾਂਦਾ ਤੇ ਤੁਰੰਤ ਹੀ ਥੱਲੇ ਉੱਤਰ ਆਉਂਦਾ। ਐਨਾ ਕੁ ਚਿਰ ਜਾਣ ਦੀ ਉਸ ਨੂੰ ਪਤਾ ਨਹੀਂ ਕੀ ਭੱਲ ਸੀ।

ਮਹੀਨੇ ਵਿੱਚ ਇੱਕ ਵਾਰ ਜਦ ਉਹ ਹੈਲਥ ਸੈਂਟਰ ਜਾਂਦੀ ਤਾਂ ਸੁਖਪਾਲ ਵੀ ਕੋਈ ਬਹਾਨਾ ਬਣਾ ਕੇ ਓਥੇ ਜਾਂਦਾ। ਉਹ ਤਾਂ ਉਸ ਤੋਂ ਪਹਿਲਾਂ ਹੀ ਚਲਿਆ ਜਾਂਦਾ।

ਹੈਲਥ ਸੈਂਟਰ ਇੱਕ ਸ਼ਹਿਰ-ਨੁਮਾ ਵੱਡੇ ਪਿੰਡ ਵਿੱਚ ਸੀ ਤੇ ਉਸ ਪਿੰਡ ਤੋਂ ਸਿਰਫ਼ ਮੀਲ ਦੂਰ। ਘਰ ਵਾਸਤੇ ਲੋੜੀਂਦੀ ਹਰ ਚੀਜ਼-ਵਸਤ ਉੱਥੋਂ ਮਿਲ ਜਾਂਦੀ ਸੀ। ਸੁਖਪਾਲ ਜਾਂਦਾ ਤਾਂ ਘਰ ਵਾਸਤੇ ਕਿੰਨਾ ਹੀ ਨਿੱਕ-ਸੁੱਕ ਖਰੀਦ ਲਿਆਉਂਦਾ। ਨਛੱਤਰ ਕੌਰ ਖ਼ੁਸ਼ ਸੀ, ਕਿਉਂਕਿ ਪਹਿਲਾਂ ਤਾਂ ਉਹ ਕਿਤੇ ਜਾਂਦਾ ਹੀ ਨਹੀਂ ਸੀ ਹੁੰਦਾ। ਕੋਈ ਵੀ ਚੀਜ਼ ਕਿਤੋਂ ਕਦੇ ਲੈ ਕੇ ਨਹੀਂ ਸੀ ਆਉਂਦਾ। ਘਰ ਵਿੱਚ ਵੀ ਕੰਮ ਦਾ ਡੱਕਾ ਨਹੀਂ ਸੀ ਤੋੜਦਾ। ਸਰਦਾਰੀ ਠਾਠ ਵਿੱਚ ਰਹਿੰਦਾ। ਰੋਟੀ ਖਾਂਦਾ, ਸੌਂ ਜਾਂਦਾ ਜਾਂ ਰਸਾਲੇ ਕਿਤਾਬਾਂ ਪੜ੍ਹਦਾ ਰਹਿੰਦਾ।

ਨਛੱਤਰ ਕੌਰ ਨੂੰ ਯਾਦ ਆਇਆ-ਉਹਦੇ ਮਾਮੇ ਦੀ ਕੁੜੀ ਦਾ ਵਿਆਹ ਸੀ। ਉਹਦੀ ਗੋਦੀ ਗੁੱਡੀ ਸੀ। ਦੋਵੇਂ ਜਣੇ ਉਹ ਵਿਆਹ ਗਏ ਸਨ। ਓਦੋਂ ਤਾਂ ਨਛੱਤਰ ਕੌਰ ਦੀ ਮਾਂ ਵੀ ਜਿਊਂਦੀ ਸੀ। ਉਹ ਵੀ ਗਈ ਸੀ। ਘਰ ਨੂੰ ਜਿੰਦਾ ਲਾ ਕੇ, ਉਹ ਮਾਲ-ਢਾਂਡਾ ਸਾਂਭਣ ਲਈ ਸੰਤੂ ਚੂਹੜੇ ਨੂੰ ਛੱਡ ਗਏ ਸਨ। ਰਾਤ ਨੂੰ ਉਹ ਘਰ ਦੀ ਰਾਖੀ ਵੀ ਪੈ ਰਹਿੰਦਾ ਸੀ। ਜੰਞ ਆਉਣ ਵਾਲੇ ਦਿਨ ਨਛੱਤਰ ਕੌਰ ਦੇ ਮਾਮੇ ਦੀ ਛੋਟੀ ਨੂੰਹ ਨੇ ਸੁਖਪਾਲ ਨੂੰ ਛੇੜ ਲਿਆ ਸੀ। ਛੇੜ ਕੀ ਲਿਆ, ਜੰਞ ਨੂੰ ਰੋਟੀ ਖਵਾਉਣ ਤੋਂ ਬਾਅਦ ਸਾਰਾ ਮੇਲ-ਗੇਲ ਵਿਹੜੇ ਵਿੱਚ ਰੋਟੀ ਖਾ ਰਿਹਾ ਸੀ ਤੇ ਉਹ ਉਸ ਨੂੰ ਇੱਕ ਕੋਨੇ ਉੱਤੇ ਮੰਜਿਆਂ ਦੀ ਓਟ ਵਿੱਚ ਫੜ ਕੇ ਬੈਠ ਗਈ। ਸੁਖਪਾਲ ਨੇ ਰੌਲਾ ਪਾ ਦਿੱਤਾ ਸੀ। ਮਾਮੇ ਦੇ ਛੋਟੇ ਪੁੱਤ ਨੇ ਬਹੂ ਨੂੰ ਕੁੱਟ-ਕੁੱਟ ਅੱਧ-ਮਰੀ ਕਰ ਦਿੱਤਾ ਸੀ। ਭੂਆ ਦੇ ਜਮਾਈ ਨੂੰ ਉਹ ਕੀ ਕਹਿੰਦਾ? ਉਹਦਾ ਤਾਂ ਕਸੂਰ ਵੀ ਕੋਈ ਨਹੀਂ ਸੀ। ਓਹੀ ਸੀ ਕੰਜਰੀ। ਜੀਹਨੇ ਜੇਠ ਛੱਡਿਆ ਨਾ ਸਹੁਰਾ।

-ਸਾਰਾ ਮੇਲ ਥੱਲੇ ਬੈਠੈ, ਤੂੰ ਏਥੇ ਕੀ ਕਰਦਾ ਸੀ 'ਕੱਲਾ? ਨਛੱਤਰ ਕੌਰ ਨੇ ਉਸ ਨੂੰ ਪੁੱਛਿਆ ਸੀ।

-ਮੈਂ ਆਖਿਆ, ਆਰਾਮ ਨਾਲ ਖਾਵਾਂਗੇ ਰੋਟੀ। ਭੀੜ ਸੰਘੀੜ ਨਿੱਕਲ ਜਾਣ ਦੇ। ਮੈਨੂੰ ਕੀ ਪਤਾ ਸੀ, ਇਹ ਐਹੋ ਜ੍ਹੀ ਐ। ਸੁਖਪਾਲ ਨੇ ਚੁਪਕਾ ਜਿਹਾ ਜਵਾਬ ਦਿੱਤਾ ਸੀ।

-ਕੋਹੜੀ ਰਿਹਾ ਕੰਜਰ ਦਿਆ ਪੁੱਤਾ। ਆਈ ਸੀ ਤਾਂ ਦਖਾ ਦਿੰਦਾ ਤਾਰੇ। ਮੈਂ ਹੁੰਦਾ...। ਮਾਮੇ ਦਾ ਵੱਡਾ ਜਮਾਈ ਸੁਖਪਾਲ ਨੂੰ ਕਹਿੰਦਾ ਨਛੱਤਰ ਕੌਰ ਨੇ ਸੁਣਿਆ ਸੀ।

22

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ