ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/23

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਸੁਖਪਾਲ ਨੇ ਉਸ ਦੀ ਗੱਲ ਸੁਣ ਕੇ ਮੱਥੇ ਵੱਟ ਪਾਇਆ ਸੀ ਤੇ ਕਿਹਾ ਸੀ-ਨਾ ਭਰਾਵਾ, ਆਪਣੀ ਮਸਾਂ ਸੰਭਦੀ ਐ।

ਤੇ ਫਿਰ ਉਹ ਅਨੰਦ-ਕਾਰਜ ਹੋਣ ਸਾਰ ਵਾਪਸ ਪਿੰਡ ਆ ਗਏ ਸਨ। ਸੁਖਪਾਲ ਜ਼ਿੱਦ ਕਰਕੇ ਉਸ ਨੂੰ ਓਥੋਂ ਲੈ ਆਇਆ ਸੀ। ਉਸ ਦੀ ਮਾਂ ਰਹਿ ਪਈ ਸੀ ਤੇ ਦੇਣ ਲੈਣ ਕਰਕੇ ਚਾਰ ਪੰਜ ਦਿਨਾਂ ਬਾਅਦ ਮੁੜੀ ਸੀ।

ਹੁਣ ਨਛੱਤਰ ਕੌਰ ਸੋਚਦੀ-ਇਹ ਕਾਹਨੂੰ ਐ ਏਹਾ ਜ੍ਹਾ। ਇਹ ਤਾਂ ਵਿਚਾਰਾ ਸਤਿਆਮਾਨ ਐ। ਨੰਗੀ ਤੀਵੀਂ ਸਾਹਮਣੇ ਪਈ ਹੋਵੇ ਤਾਂ ਕਿਹੜਾ ਝਾਕੇ ਇਹ।

ਮਾਮੇ ਦੇ ਤਿੰਨੇ ਮੁੰਡੇ ਅੱਡ ਹੋ ਚੁੱਕੇ ਸਨ। ਮਾਮਾ ਛੋਟੇ ਮੁੰਡੇ ਦੇ ਚੁੱਲ੍ਹੇ ਉੱਤੇ ਸੀ। ਮਾਮੀ ਦੋ ਸਾਲ ਹੋਏ, ਮਰ ਚੁੱਕੀ ਸੀ।

ਕਪਾਹ ਦੀ ਭਰੀ ਹੋਈ ਟਰਾਲੀ ਉੱਤੇ ਬੈਠਾ ਮਾਮਾ ਮੰਡੀ ਨੂੰ ਜਾ ਰਿਹਾ ਸੀ। ਰਸਤੇ ਵਿੱਚ ਇੱਕ ਟਰੱਕ ਆਇਆ ਸੀ। ਟਰੱਕ ਵਾਲੇ ਨੇ ਭੋਰਾ ਵੀ ਨਹੀਂ ਸੀ ਵੱਟਿਆ। ਟਰੈਕਟਰ ਨੂੰ ਇਕਦਮ ਕੱਟਣਾ ਪਿਆ ਸੀ। ਉਸ ਥਾਂ ਸੜਕ ਉੱਚੀ-ਨੀਵੀਂ ਸੀ। ਸੋ ਟਰੈਕਟਰ ਵੱਸ ਤੋਂ ਬਾਹਰ ਹੋ ਗਿਆ ਸੀ ਤੇ ਟਰਾਲੀ ਉਲਟ ਗਈ ਸੀ। ਮਾਮਾ ਬੁੜ੍ਹਕ ਕੇ ਦੂਰ ਜਾ ਡਿੱਗਿਆ ਸੀ। ਜ਼ਖ਼ਮ ਤਾਂ ਕੋਈ ਵੀ ਨਹੀਂ ਸੀ ਹੋਇਆ, ਪਰ ਉਸ ਦੇ ਸਿਰ ਵਿੱਚ ਪਤਾ ਨਹੀਂ ਕਿੱਥੇ ਕਿਹੋ ਜਿਹੀ ਸੱਟ ਲੱਗੀ ਸੀ, ਉਹ ਬੋਲ ਨਹੀਂ ਸੀ ਰਿਹਾ। ਬਿਟ-ਬਿਟ ਝਾਕ ਰਿਹਾ ਸੀ ਬਸ। ਅੱਖਾਂ ਦਾ ਇਸ਼ਾਰਾ ਵੀ ਕੋਈ ਨਹੀਂ, ਹੁਣ ਲੁਧਿਆਣੇ ਹਸਪਤਾਲ ਵਿੱਚ ਸੀ। ਸਾਰੇ ਰਿਸ਼ਤੇਦਾਰ ਪਤਾ ਲੈ ਲੈ ਆਉਂਦੇ ਸਨ। ਨਛੱਤਰ ਕੌਰ ਦਾ ਜਾਣਾ ਵੀ ਜ਼ਰੂਰੀ ਸੀ।

ਪਹਿਲਾਂ ਤਾਂ ਉਹ ਨਾਨਕੀਂ ਗਈ। ਇੱਕ ਰਾਤ ਠਹਿਰ ਕੇ ਫਿਰ ਲੁਧਿਆਣੇ ਤੇ ਫਿਰ ਸ਼ਾਮ ਨੂੰ ਪਿੰਡ ਮੁੜ ਆਈ। ਮਾਮੇ ਦੀ ਹਾਲਤ ਬਹੁਤ ਖ਼ਰਾਬ ਸੀ।

ਜਿਸ ਦਿਨ ਉਹ ਨਾਨਕਿਆਂ ਨੂੰ ਗਈ ਸੀ, ਟੀਟੂ ਤੇ ਗੁੱਡੀ ਨੂੰ ਘਰ ਹੀ ਛੱਡ ਗਈ ਸੀ। ਤਿੰਨ ਜਣਿਆਂ ਦੇ ਦੋ ਡੰਗ ਦਾ ਆਟਾ ਉਹ ਗਵਾਂਢ ਵਿੱਚ ਧੰਨੀ ਬੁੜ੍ਹੀ ਨੂੰ ਫੜਾ ਗਈ ਸੀ। ਗੁੱਡੀ ਨੂੰ ਕਹਿ ਗਈ ਸੀ ਕਿ ਉਹ ਦਾਲ-ਸਬਜ਼ੀ, ਜੋ ਮਰਜ਼ੀ ਆਪ ਬਣਾ ਲਿਆ ਕਰਨ, ਪੱਕੀਆਂ ਪਕਾਈਆਂ ਰੋਟੀਆਂ ਧੰਨੀ ਬੁੜ੍ਹੀ ਤੋਂ ਲੈ ਲਿਆ ਕਰਨ।

ਅੱਸੂ-ਕੱਤੇ ਦੇ ਦਿਨ ਸਨ। ਠੰਡ ਉੱਤਰਨੀ ਸ਼ੁਰੂ ਹੋ ਚੁੱਕੀ ਸੀ। ਟਾਂਵੇਂ ਟਾਂਵੇਂ ਲੋਕ ਹੀ ਰਾਤ ਨੂੰ ਛੱਤਾਂ ਤੋਂ ਬਾਹਰ ਸੌਂਦੇ।

ਰੋਟੀ ਖਾ ਕੇ ਗੁੱਡੀ ਤੇ ਟੀਟੂ ਬੈਠਕ ਵਿੱਚ ਪੜ੍ਹਨ ਲੱਗ ਪਏ। ਓਥੇ ਹੀ ਉਨ੍ਹਾਂ ਨੇ ਸੌਣਾ ਸੀ। ਸੋ ਆਪਣੇ ਬਿਸਤਰਿਆਂ ਵਿੱਚ ਬੈਠੇ ਹੀ ਉਹ ਪੜ੍ਹ ਰਹੇ ਸਨ। ਗੁੱਡੀ ਅੰਗਰੇਜ਼ੀ ਦੇ ਮਾਅਨੇ ਯਾਦ ਕਰ ਰਹੀ ਸੀ ਤੇ ਟੀਟੂ ਪੰਜਾਬੀ ਦਾ ਸਬਕ।

ਅੱਜ ਸੁਖਪਾਲ ਨੇ ਰਿੜਕਣੇ ਵਿੱਚ ਆਪ ਦੁੱਧ ਵਧਾਇਆ। ਹੋਰ ਨਿੱਕੇ-ਮੋਟੇ ਕੰਮ ਵੀ ਆਪ ਹੀ ਕੀਤੇ। ਆਲੂ ਗੋਭੀ ਦੀ ਸਬਜ਼ੀ ਵੀ ਉਸ ਨੇ ਆਪ ਹੀ ਬਣਾਈ। ਕੌਲੀ ਭਰ ਕੇ ਚੁਬਾਰੇ ਵਿੱਚ ਵੀ ਭੇਜ ਦਿੱਤੀ। ਇੱਕ ਸਾਈਕਲ-ਰੇੜ੍ਹੀ ਵਾਲੇ ਤੋਂ ਮਹਿੰਗੇ ਭਾਅ ਦੀ ਅਗੇਤੀ ਗੋਭੀ ਉਚੇਚ ਨਾਲ ਉਸ ਨੇ ਖਰੀਦੀ ਸੀ। ਧੰਨੀ ਬੁੜ੍ਹੀ ਤੋਂ ਸਦੇਹਾਂ ਹੀ ਰੋਟੀ ਪਕਵਾ ਲਈ। ਮੁੰਡਾ ਕੁੜੀ ਪੜ੍ਹ ਰਹੇ ਸਨ ਤੇ ਉਹ ਪੀਣ ਵਾਲਾ ਦੁੱਧ ਚੁੱਲ੍ਹੇ ਉੱਤੇ ਤੱਤਾ ਕਰਕੇ ਬੈਠਕ ਵਿੱਚ ਲੈ ਆਇਆ। ਠਾਰ-ਠਾਰ ਕੇ ਦੁੱਧ ਨੂੰ ਬਾਟੀਆਂ ਵਿੱਚ ਪਾਇਆ ਤੇ

ਕੱਟੇ ਖੰਭਾਂ ਵਾਲਾ ਉਕਾਬ

23