ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁੱਡੀ ਨੂੰ ਕਿਹਾ ਕਿ ਉਹ ਦੁੱਧ ਪੀ ਲਵੇ ਤੇ ਨਾਲੇ ਟੀਟੂ ਨੂੰ ਬਾਟੀ ਚੁੱਕ ਕੇ ਫੜਾ ਦੇਵੇ। ਗੁੱਡੀ ਕਹਿ ਰਹੀ ਸੀ-ਪੀਨੀਂ ਆਂ, ਬਸ ਦੋ ਸ਼ਬਦਾਂ ਦੇ ਸਪੈਲਿੰਗ ਹੋਰ ਯਾਦ ਕਰ ਲਵਾਂ।

ਅੱਜ ਸੁਖਪਾਲ ਨੇ ਸ਼ਰਾਬ ਨਹੀਂ ਸੀ ਪੀਤੀ। ਪਤਾ ਨਹੀਂ ਕਿਉਂ?

ਦੁੱਧ ਪੀ ਕੇ ਆਪਣੀ ਬਾਟੀ ਉਸ ਨੇ ਕਦੋਂ ਦੀ ਖ਼ਾਲੀ ਕਰ ਦਿੱਤੀ ਸੀ। ਹੁਣ ਉਹ ਇੱਕ ਰਸਾਲਾ ਫ਼ਰੋਲ ਰਿਹਾ ਸੀ। ਥੋੜ੍ਹੇ ਚਿਰ ਬਾਅਦ ਹੀ ਕਹਿ ਦਿੰਦਾ-ਗੁੱਡੀ, ਦੁੱਧ ਪੀ ਲੈ ਪਹਿਲਾਂ, ਫੇਰ ਪੜ੍ਹੀ ਜਾਈਂ।

ਉਹ ਉੱਠਣ ਵਿੱਚ ਹੀ ਨਹੀਂ ਸੀ ਆ ਰਹੀ।

-ਚੰਗਾ, ਤੂੰ ਚੁੱਕ ਓਏ। ਉਸ ਨੇ ਟੀਟੂ ਨੂੰ ਕਿਹਾ।

-ਗੁੱਡੀ, ਤੂੰ ਫ਼ੜਾ ਮੈਨੂੰ ਤਾਂ ਐਥੇ ਈ। ਉਹ ਰਿਹਾੜ ਪਿਆ ਹੋਇਆ ਸੀ।

ਸੁਖਪਾਲ ਉੱਠਿਆ ਤੇ ਦੋਵੇਂ ਹੱਥਾਂ ਵਿੱਚ ਬਾਟੀਆਂ ਚੁੱਕ ਕੇ ਦੋਵਾਂ ਨੂੰ ਇਕ-ਇਕ ਫ਼ੜਾ ਦਿੱਤੀ।-ਦੁੱਧ ਪੀਓ ਪਹਿਲਾਂ। ਜੇ ਬਿੱਲੀ ਪੀ ’ਗੀ?

ਮੁੰਡਾ ਕੁੜੀ ਦੋਵੇਂ ਦੁੱਧ ਪੀਣ ਲੱਗੇ।

-ਗੁੱਡੀ, ਕਿੰਨੇ ਮਾਅਨੇ ਰਹਿ ’ਗੇ ਤੇਰੇ? ਸੁਖਪਾਲ ਨੇ ਪੁੱਛਿਆ।

-ਛੱਬੀ ਨੇ ਸਾਰੇ। ਸਤਾਰਾਂ ਤਾਂ ਜਮਾਂ ਪੱਕੇ ਰੁੜਕ ਜਾਦ ਕਰ ’ਲੇ। ਕੁੜੀ ਨੇ ਛੇਤੀ ਛੇਤੀ ਦੁੱਧ ਪੀਂਦੀ ਨੇ ਵਿੱਚੋਂ ਹੀ ਪਚਾਕਾ ਮਾਰ ਕੇ ਜਵਾਬ ਦਿੱਤਾ।

-ਫੇਰ ਤਾਂ ਨੌਂ ਰਹਿ ’ਗੇ?

-ਹਾਂ।

-ਇਹ ਕਰ ਲੈ ਛੇਤੀ। ਇਹ ਸਾਰੇ ਅੱਜ ਈ ਯਾਦ ਕਰਨੇ ਨੇ?

-ਤੇ ਹੋਰ। ਕੱਲ੍ਹ ਨੂੰ ਸਾਰੇ ਸੁਣਾਉਣੇ ਨੇ। ਇੱਕ ਸ਼ਬਦ ਦਾ, ਭੈਣ ਜੀ ਇੱਕ ਡੰਡਾ ਲੌਣਗੇ ਤੇ ਫਿਰ ਉਹ ਦੱਸਣ ਲੱਗੀ-ਬਾਪੂ ਜੀ, ਆਹ ਇੱਕ ਸ਼ਬਦ ਬੜਾ ਔਖੈ। ਜਾਦ ਈ ਨੀ ਹੁੰਦਾ। ਕਦੋਂ ਦੀ ਲੱਗੀ ਆਂ।

-ਕਿਹੜਾ? ਬੋਲ ਖਾਂ।

ਬਾਟੀ ਖ਼ਾਲੀ ਕਰਕੇ ਉਸ ਨੇ ਮੰਜੇ ਥੱਲੇ ਰੱਖ ਦਿੱਤੀ ਤੇ ਫੇਰ ਕਾਪੀ ਵਿੱਚੋਂ ਦੇਖ ਕੇ ਸ਼ਬਦ ਬੋਲਿਆ-‘ਮਿਸਲੇਨੀਅਸ’।

-ਚੱਲ, ਜ਼ਰੂਰੀ ਤਾਂ ਨਹੀਂ ਬਈ ਤੇਰੀ ਵਾਰੀ ਨੂੰ ਇਹੀ ਸ਼ਬਦ ਆਵੇ।

ਕੁੜੀ ਚੁੱਪ ਕਰ ਗਈ। ਗੰਭੀਰ ਹੋ ਕੇ ਫਿਰ ਮਾਅਨੇ ਯਾਦ ਕਰਨ ਲੱਗੀ।

-ਤੂੰ ਵੀ ਪਕਾ ਲੈ ਓਏ ਸਬਕ ਛੇਤੀ-ਛੇਤੀ। ਅੱਖਾਂ ਮੀਚਦਾ ਜਾਂਦੈ ਹੁਣੇ ਸਾਲ਼ਾ ਲੰਡਰ। ਕਹਿ ਕੇ ਉਹ ਬੈਠਕ ਵਿੱਚੋਂ ਬਾਹਰ ਵਿਹੜੇ ਵਿੱਚ ਆਇਆ ਤੇ ਬੇਮਤਲਬ ਹੀ ਪੰਪ ਨੂੰ ਗੇੜਨ ਲੱਗਿਆ। ਬੇਮਤਲਬ ਹੀ ਅੱਖਾਂ ਧੋਤੀਆਂ ਤੇ ਪਾਣੀ ਦੀ ਕੁਰਲੀ ਕੀਤੀ। ਫਿਰ ਉਹ ਬੋਚ-ਬੋਚ ਪੈਰ ਧਰਦਾ ਹੌਲ਼ੀ-ਹੌਲ਼ੀ ਚੁਬਾਰੇ ਦੀਆਂ ਪੌੜੀਆਂ ਚੜ੍ਹਨ ਲੱਗਿਆ।

ਪਰਮਿੰਦਰ ਬਿਸਤਰੇ ਵਿੱਚ ਬੈਠੀ ਸਵੈਟਰ ਬੁਣ ਰਹੀ ਸੀ। ਉੱਠ ਕੇ ਉਹ ਬਿਜਲੀ ਬੁਝਾਉਣ ਲੱਗੀ।

-ਅਜੇ ਨੀ। ਮੈਂ ਤਾਂ ਊਈਂ ਗੇੜਾ ਮਾਰਨ ਆਇਆਂ। ਅਜੇ ਤਾਂ ਜਵਾਕ ਜਾਗਦੇ ਨੇ।

24

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ