-ਫਿਟੇ ਮੂੰਹ। ਫੇਰ ਕੀ ਕਰਨ ਆਇਐਂ ਹੁਣੇ?
-ਮੈਂ ਤਾਂ ਦੇਖਣ ਈ ਆਇਆ ਸੀ, ਬਈ ਸੌਂ ’ਗੀ ਕਿ ਜਾਗਦੀ ਐ।
ਉਹ ਚੁਬਾਰੇ ਮੂਹਰੇ ਆ ਕੇ ਅਸਮਾਨ ਵੱਲ ਦੇਖਣ ਲੱਗਿਆ।
ਘੁੱਪ-ਹਨੇਰੀ ਰਾਤ ਸੀ। ਬੱਦਲ ਛਾਏ ਹੋਏ ਸਨ। ਕੋਈ ਵੀ ਤਾਰਾ ਨਹੀਂ ਸੀ ਦਿਸ ਰਿਹਾ। ਫਿਰ ਉਹ ਜੰਗਲੇ ਉੱਤੋਂ ਦੀ ਝੁਕ ਕੇ ਰਾਹ 'ਤੇ ਕਿਸੇ ਆਉਂਦੇ ਜਾਂਦੇ ਬੰਦੇ ਨੂੰ ਦੇਖਣ ਲੱਗਿਆ। ਕੋਈ ਵੀ ਨਹੀਂ ਸੀ ਆ ਜਾ ਰਿਹਾ। ਇਸ ਵੇਲੇ ਕਿਸ ਨੇ ਆਉਣਾ ਜਾਣਾ ਸੀ ਤੇ ਫਿਰ ਉਸ ਨੇ ਇੱਕ ਊਠ-ਗੱਡੀ ਆਉਂਦੀ ਸੁਣੀ। ਸ਼ਾਇਦ ਸ਼ਹਿਰੋਂ ਆ ਰਹੀ ਸੀ। -ਗਿੰਦਰ ਝਿਊਰ ਹੋਊਗਾ। ਐਨਾ ਨ੍ਹੇਰਾ ਕਰਕੇ ਓਹੀ ਔਂਦਾ ਹੁੰਦੈ। ਉਸ ਨੇ ਅੰਦਾਜ਼ਾ ਲਾਇਆ। ਉਹ ਓਸੇ ਤਰ੍ਹਾਂ ਬੋਚ-ਬੋਚ ਪੈਰ ਧਰਦਾ ਪੌੜੀਆਂ ਉੱਤਰ ਆਇਆ। ਬੈਠਕ ਵਿੱਚ ਆ ਕੇ ਦੇਖਿਆ, ਟੀਟੂ ਸੌਂ ਚੁੱਕਿਆ ਸੀ ਤੇ ਗੁੱਡੀ ਉਬਾਸੀਆਂ ਲੈ ਰਹੀ ਸੀ।
ਵੱਡੇ ਤੜਕੇ ਜਦ ਉਹ ਚੁਬਾਰੇ ’ਤੋਂ ਬਾਹਰ ਨਿੱਕਲਣ ਲੱਗਿਆ ਤਾਂ ਉਸ ਨੂੰ ਮਹਿਸੂਸ ਹੋਇਆ ਜਿਵੇਂ ਪੰਦਰਾਂ ਸਾਲ ਪਿੱਛੋਂ ਅੱਜ ਪਹਿਲੀ ਵਾਰ ਉਸ ਨੇ ਇੱਕ ਜਾਣੀ-ਪਹਿਚਾਣੀ ਮਹਿਕ ਹੰਢਾਈ ਹੋਵੇ। ਪਿੰਡੇ ਦੀ ਇਹ ਖ਼ਾਸ ਮਹਿਕ ਰਾਤ ਭਰ ਲੰਘਾ ਕੇ ਹੀ ਜਾਣੀ ਜਾ ਸਕਦੀ ਸੀ। ਨਹੀਂ ਤਾਂ ਪਹਿਲਾਂ ਜਦ ਕਦੇ ਉਹ ਹੈਲਥ-ਸੈਂਟਰ ਵਾਲੇ ਪਿੰਡ ਜਾਂਦਾ ਸੀ ਤੇ ਆਪਣੇ ਇੱਕ ਮਿਲਾਪੀ ਦੇ ਬਾਹਰਲੇ ਘਰ ਪਰਮਿੰਦਰ ਨੂੰ ਮਿਲਦਾ ਸੀ, ਉਸ ਨੂੰ ਲੱਗਦਾ ਹੁੰਦਾ ਸੀ, ਜਿਵੇਂ ਦਾਵੀ ਨੂੰ ਹੱਥ ਲਾ ਕੇ ਉੱਡ ਆਇਆ ਹੋਵੇ। ਓਥੇ ਮਿਲ ਕੇ ਤਾਂ ਇਉਂ ਲੱਗਦਾ ਹੁੰਦਾ ਸੀ, ਜਿਵੇਂ ਮਿਲਿਆ ਹੀ ਨਾ ਹੋਵੇ। ਸੁਪਨੇ ਵਿੱਚ ਹੀ ਮਿਲਣ ਵਾਂਗ। ਆਪਣੇ ਪਿੰਡ ਵੀ ਚੁਬਾਰੇ ਵਿੱਚ ਜਦ ਕਦੇ ਉਹ ਉਸ ਨੂੰ ਮਿਲਿਆ ਸੀ ਤਾਂ ਬੜੀ ਹੀ ਕਾਹਲ ਵਿਚ। ਇਹੋ ਜਿਹੀ ਕਾਹਲ ਵਿੱਚ ਉਸ ਨੂੰ ਆਪਣਾ ਦਿਲ ਧੜਕਦਾ ਸਾਫ਼ ਸੁਣਾਈ ਦਿੰਦਾ। ਸ੍ਹੇਲੀਆਂ ਦੇ ਸਿਰਿਆਂ 'ਤੇ ਪੋਟੇ ਛੁਹਾ ਕੇ ਉਹ ਮਹਿਸੂਸ ਕਰਦਾ, ਪੁੜਪੁੜੀਆਂ ਦੀਆਂ ਨਾੜਾਂ ਠੱਕ-ਠੱਕ ਹਥੌੜੇ ਵਾਂਗ ਵੱਜ ਰਹੀਆਂ ਹੁੰਦੀਆਂ। ਕਿੰਨਾ ਡਰ ਹੁੰਦਾ ਉਸ ਨੂੰ। ਕਿੰਨੀ ਤੇਜ਼ੀ। ਕਦੇ-ਕਦੇ ਤਾਂ ਉਸ ਨੂੰ ਇਉਂ ਲੱਗਦਾ, ਜਿਵੇਂ ਉਸ ਦਾ ਦਿਲ ਫੇਲ੍ਹ ਹੋ ਜਾਵੇਗਾ। ਇਸ ਤਰ੍ਹਾਂ ਤੇਜ਼ ਧੜਕਣ ਨਾਲ ਹੀ ਲੋਕਾਂ ਦੇ ਦਿਲ ਫੇਲ੍ਹ ਹੋ ਜਾਂਦੇ ਹੋਣਗੇ, ਉਹ ਸੋਚਦਾ ਹੁੰਦਾ।
ਜਦ ਉਹ ਕਾਲਜ ਵਿੱਚ ਪੜ੍ਹਦਾ ਹੁੰਦਾ ਸੀ, ਉਸ ਦੀ ਜਮਾਤਣ ਸ਼ਮਿੰਦਰ ਨਾਲ ਉਸ ਦਾ ਸੰਬੰਧ ਬਹੁਤ ਗੂਹੜਾ ਹੋ ਗਿਆ ਸੀ। ਉਨ੍ਹਾਂ ਨੇ ਕਸਮਾਂ ਖਾਧੀਆਂ ਸਨ ਕਿ ਉਹ ਵਿਆਹ ਕਰਾਉਣਗੇ। ਕਾਲਜ ਦੇ ਨੇੜੇ ਹੀ ਕਾਲਜ ਦੀ ਇੱਕ ਚਪੜਾਸਨ ਦੇ ਘਰ ਉਹ ਮਿਲਿਆ ਕਰਦੇ ਸਨ। ਕੁੜੀ ਗ਼ਰੀਬ ਘਰ ਦੀ ਸੀ। ਪਤਾ ਨਹੀਂ ਕਿਵੇਂ ਉਸ ਨਾਲ ਫ਼ਸ ਗਈ ਸੀ, ਪਰ ਫਿਰ ਤਾਂ ਉਹ ਸੋਚਦੀ ਸੀ, ਸੁਖਪਾਲ ਨਾਲ ਉਸ ਦਾ ਵਿਆਹ ਹੋ ਗਿਆ ਤਾਂ ਉਹ ਮੌਜਾਂ ਕਰੇਗੀ। ਪੜ੍ਹਿਆ ਲਿਖਿਆ ਮੁੰਡਾ ਹੈ। ਸੋਹਣਾ ਹੈ, ਜ਼ਮੀਨ ਵੀ ਚੰਗੀ ਹੈ। ਹੋਰ ਉਸ ਨੂੰ ਕੀ ਚਾਹੀਦਾ ਹੈ, ਪਰ ਚੁੱਪ-ਗੜੁੱਪ ਵਿੱਚ ਹੀ ਸੁਖਪਾਲ ਲਈ ਨਛੱਤਰ ਕੌਰ ਭਾਲੀ ਜਾ ਚੁੱਕੀ ਸੀ। ਮਾਂ ਦੇ ਘਰ ਇਕੱਲੀ ਕੁੜੀ ਨਾ ਬਾਪ ਤੇ ਨਾ ਹੋਰ ਕੋਈ ਭੈਣ-ਭਰਾ। ਸਤਾਈ ਕਿੱਲੇ ਜ਼ਮੀਨ ਦਾ ਸਵਾਲ ਸੀ। ਸੁਖਪਾਲ ਦਾ ਪਿਓ ਆਪਣੇ ਮੁੰਡੇ ਲਈ ਇਹ ਲਾਲਚ ਕਿਵੇਂ ਤਿਆਗ਼ ਸਕਦਾ ਸੀ। ਸੁਖਪਾਲ ਨੇ ਕਿੰਨੇ ਹੀ ਡਰਾਵੇ ਦਿੱਤੇ ਸਨ-ਮੈਂ ਘਰੋਂ ਭੱਜ ਜਾਵਾਂਗਾ।
ਕੱਟੇ ਖੰਭਾਂ ਵਾਲਾ ਉਕਾਬ
25