ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/27

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਓਪਰੀ-ਓਪਰੀ ਲੱਗਦੀ। ਰਾਤ ਨੂੰ ਜਦ ਉਹ ਉਸ ਕੋਲ ਆਪਣਾ ਮੰਜਾ ਡਾਹੁੰਦੀ ਤਾਂ ਸੁਖਪਾਲ ਨੂੰ ਕੰਬਣੀ ਜਿਹੀ ਛਿੜਦੀ। ਉਸ ਦੇ ਮੰਜੇ ਤੋਂ ਉੱਠ ਕੇ ਜਦੋਂ ਉਹ ਆਪਣੇ ਮੰਜੇ ‘ਤੇ ਜਾਂਦੀ ਤਾਂ ਸੁਖਪਾਲ ਨੂੰ ਲੱਗਦਾ, ਜਿਵੇਂ ਉਸ ਨੇ ਕਿਸੇ ਪਸ਼ੂ ਨਾਲ ਸੰਭੋਗ ਕੀਤਾ ਹੋਵੇ। ਨਛੱਤਰ ਕੌਰ ਦੇ ਪਿੰਡੇ ਵਿੱਚੋਂ ਉਸ ਨੂੰ ਮੁਸ਼ਕ ਆਉਂਦਾ ਸੀ। ਇੱਕ ਤਰ੍ਹਾਂ ਨਾਲ ਉਸ ਨੂੰ ਆਪਣੇ ਪਿੰਡੇ ਵਿੱਚੋਂ ਮੁਸ਼ਕ ਆਉਂਦਾ ਰਹਿੰਦਾ।

ਨਛੱਤਰ ਕੌਰ ਨੂੰ ਨਾ ਤਾਂ ਬੋਲਣ ਦਾ ਸਲੀਕਾ ਸੀ ਤੇ ਨਾ ਕੱਪੜੇ ਪਹਿਨਣ ਦਾ ਢੰਗ। ਸੁਖਪਾਲ ਨੂੰ ਉਹ ‘ਤੂੰ’ ਕਹਿ ਕੇ ਬੁਲਾਉਂਦੀ। ਉਹ ਬਹੁਤ ਸਮਝਾਉਂਦਾ-‘ਜੀ’ ਕਿਹਾ ਕਰ। ਬਹੁਤ ਕੋਸ਼ਿਸ਼ ਕਰ ਕੇ ਵੀ ਉਹ ਇਸ ਤਰ੍ਹਾਂ ਦੇ ਫ਼ਿਕਰੇ ਬੋਲਦੀ, ਜਿਨ੍ਹਾਂ ਨੂੰ ਸੁਣ ਕੇ ਗੁੱਸੇ ਦੀ ਥਾਂ ਸੁਖਪਾਲ ਨੂੰ ਹਾਸਾ ਹੀ ਆਉਂਦਾ। ਜਿਵੇਂ, ਤੂੰ ਜੀ ਰੋਟੀ ਤਾਂ ਖਾ ਲੈਂਦਾ। ਆਮ ਜੀਵਨ ਵਿੱਚ ਵਰਤੀਂਦੇ ਕਈ ਲਫ਼ਜ਼ਾਂ ਨੂੰ ਵਿਗਾੜ ਕੇ ਬੋਲਦੀ। ਜਿਵੇਂ ‘ਬਨੈਣ' ਨੂੰ 'ਬਲੈਣ’, ‘ਅਟੈਚੀ ਨੂੰ “ਟੇਂਚੀ’, ‘ਬੁਰਸ਼ਟ’ ਨੂੰ ‘ਬੁਰਛੱਟ’ ਤੇ ਹੋਰ ਕਿੰਨੇ ਹੀ ਲਫ਼ਜ਼। ਦਵਾਈਆਂ ਦੇ ਨਾਉਂ ਰੱਖੇ ਹੋਏ ਸਨ ‘ਮਾਂ ਆਲੀ ਦੁਆਈ’ (ਗਾਲੀਕੋਡਿਨ), ‘ਅੱਖਾਂ ਵਾਲੀ ਦੁਆਈ’ (ਲਾਕੂਲਾ), ‘ਗੁੱਡੀ ਆਈ ਦੁਆਈ’ (ਗਰਾਈਪ ਵਾਟਰ), ‘ਨਿਰੋਧ’ ਨੂੰ ‘ਰਬੜ’। ਸੁਖਪਾਲ ਨੇ ਉਸ ਨੂੰ ਕਿੰਨੇ ਹੀ ਲਫ਼ਜ਼ ਸਿਖਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਇੱਕ ਦਾ ਵੀ ਸਹੀ ਉਚਾਰਣ ਨਹੀਂ ਸੀ ਸਿੱਖੀ। ਸੁਖਪਾਲ ਨੂੰ ਬਹੁਤ ਬੁਰਾ ਲੱਗਦਾ। ਉਸਨੂੰ ਨਛੱਤਰ ਕੌਰ ਉੱਤੇ ਅਥਾਹ ਗੁੱਸਾ ਆਉਂਦਾ। ਅਖ਼ੀਰ ਉਹ ਆਪਣੇ ਮੱਥੇ ਉੱਤੇ ਹੀ ਜ਼ੋਰ ਦੀ ਹੱਥ ਮਾਰਦਾ ਤੇ ਹਉਂਕਾ ਲੈਂਦਾ।

ਤੰਗ ਕੱਪੜੇ ਪਾਉਣ ਦਾ ਰਵਾਜ ਚੱਲ ਪਿਆ ਸੀ। ਸੁਖਪਾਲ ਉਹਦੇ ਲਈ ਸ਼ਹਿਰੋਂ ਤੰਗ ਮੋਹਰੀ ਦੀ ਸਲਵਾਰ ਸਿਲਾ ਕੇ ਲਿਆਇਆ। ਪਹਿਲਾਂ ਤਾਂ ਉਹ ਪਾਵੇ ਹੀ ਨਾ। ਪਾਈ ਤਾਂ ਹੱਸੀ ਜਾਵੇ, ਹੱਸੀ ਜਾਵੇ, ਮਾਂ ਨੂੰ ਦਿਖਾਵੇ। ਗਵਾਂਢਣਾਂ ਦੇਖਣ ਆਈਆਂ, ਓਸੇ ਦਿਨ ਉਸ ਨੇ ਉਹ ਸਲਵਾਰ ਲਾਹ ਕੇ ਆਪਣੀ ਪੁਰਾਣੀ ਖੁੱਲ੍ਹੇ-ਖੁੱਲ੍ਹੇ ਪੌਂਚਿਆਂ ਵਾਲੀ ਸਲਵਾਰ ਪਾ ਲਈ ਸੀ। ਕਈ ਦਿਨਾਂ ਬਾਅਦ ਸੁਖਪਾਲ ਨੇ ਦੇਖਿਆ ਸੀ, ਓਹੀ ਤੰਗ ਮੂਹਰੀ ਦੀ ਸਲਵਾਰ ਉਸ ਨੇ ਪਾਈ ਹੋਈ ਸੀ, ਪਰ ਗਿਰ੍ਹਾ-ਗਿਰ੍ਹਾ ਕਟਵਾ ਕੇ ਮੋਹਰੀਆਂ ਦੁਬਾਰਾ ਲੜ੍ਹਿਆਈਆਂ ਹੋਈਆਂ ਸਨ। ਉਸ ਨੂੰ ਬਹੁਤ ਗੁੱਸਾ ਆਇਆ ਸੀ। ਅੱਗ ਲਾ ਦਿੰਦੀ ਏਦੂੰ ਤਾਂ ਏਹਨੂੰ। ਉਹ ਕੜਕਿਆ ਸੀ।

-ਨਾਂਹ, ਮੈਨੂੰ ਤਾਂ ਸ਼ਰਮ ਆਈ। ਨਛੱਤਰ ਕੌਰ ਨੇ ਹੱਸ ਕੇ ਗੱਲ ਨੂੰ ਟਾਲ ਦਿੱਤਾ ਸੀ।

ਟੀਟੂ ਜਦ ਜੰਮਿਆ ਤਾਂ ਸੁਖਪਾਲ ਨੂੰ ਥੋੜ੍ਹੀ ਜਿਹੀ ਖ਼ੁਸ਼ੀ ਹੋਈ ਸੀ। ਸਹੁਰੇ ਘਰ ਰਹਿਣਾ ਤੇ ਨਛੱਤਰ ਕੌਰ ਨਾਲ ਨਿਭਣਾ ਤਾਂ ਪੈ ਹੀ ਗਿਆ ਸੀ, ਮੁੰਡੇ ਦੀ ਖ਼ੁਸ਼ੀ ਕੁਦਰਤੀ ਸੀ। ਟੋਏ ਵਿੱਚ ਡਿੱਗ ਕੇ ਜਿਵੇਂ ਕੋਈ ਟੋਏ ਨੂੰ ਹੀ ਆਪਣਾ ਮੁਕਾਮ ਸਮਝ ਬੈਠੇ।

ਸਤਾਈ ਕਿੱਲੇ ਜ਼ਮੀਨ ਪਹਿਲੇ ਦਿਨੋਂ ਹੀ ਉਸ ਦੀ ਸੱਸ ‘ਹਿੱਸੇ’ 'ਤੇ ਦੇ ਕੇ ਰੱਖਦੀ ਸੀ। ਨਛੱਤਰ ਕੌਰ ਦਾ ਜਦ ਵਿਆਹ ਹੋ ਗਿਆ ਸੀ ਤੇ ਜਮਾਈ ਘਰ ਆ ਗਿਆ ਸੀ ਤਾਂ ਬੁੜ੍ਹੀ ਨੇ ਸੋਚਿਆ ਸੀ ਕਿ ਹੁਣ ਉਹ ਆਪ ਹੀ ਵਾਹੀ ਕਰੇਗਾ। ਇਕੱਲਾ-ਇਕਹਿਰਾ ਬੰਦਾ ਕਿਹੜਾ ਵਾਹੀ ਕਰ ਨਹੀਂ ਸਕਦਾ। ਜੱਟਾਂ ਦੇ ਪੜ੍ਹੇ ਲਿਖੇ ਮੁੰਡਿਆਂ ਨੂੰ ਨੌਕਰੀਆਂ ਹੁਣ ਕਿੱਥੇ ਮਿਲਦੀਆਂ ਹਨ। ਆਖਰ ਨੂੰ ਵਾਹੀ ਦੇ ਕੰਮ ਵਿੱਚ ਹੀ ਪੈਣਾ ਪੈਂਦਾ ਹੈ। ਵਾਹੀ

ਕੱਟੇ ਖੰਭਾਂ ਵਾਲਾ ਉਕਾਬ
27