ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਰਸਾਂ ਨੇ, ਗਰਾਮ ਸੇਵਕਾਂ ਨੇ, ਕੋਈ ਡਰ ਨ੍ਹੀਂ। ਸੋ ਉਸ ਨੂੰ ਸੰਗਰੂਰ ਜ਼ਿਲ੍ਹੇ ਵਿੱਚ ਬਰਨਾਲਾ ਦੇ ਨੇੜੇ ਇਸ ਪਿੰਡ ਵਿੱਚ ਲਗਾ ਦਿੱਤਾ ਗਿਆ ਸੀ।

ਪਹਿਲਾਂ-ਪਹਿਲਾਂ ਉਹ ਦੋ ਕੁ ਮਹੀਨੇ ਸੰਧੂਆਂ ਦੀ ਬੈਠਕ ਵਿੱਚ ਰਹੀ। ਇਹ ਬੈਠਕ ਰਾਹ ਦੇ ਉੱਤੇ ਹੀ ਸੀ। ਬੈਠਕ ਵਿੱਚ ਬਾਰੀ ਕੋਈ ਨਹੀਂ ਸੀ ਤੇ ਉਸ ਦਾ ਅੰਦਰਲਾ ਬਾਰ ਵੀ ਲੱਗਿਆ ਹੀ ਰਹਿੰਦਾ। ਪਰਮਿੰਦਰ ਰਾਹ ਵਾਲਾ ਬਾਰ ਬੰਦ ਕਰਦੀ ਤਾਂ ਸੰਘੱਟ ਆ ਜਾਂਦਾ। ਉਸ ਦਾ ਦਮ ਘੁਟਣ ਲੱਗਦਾ। ਸੋ ਰਾਹ ਵਾਲਾ ਬਾਰ ਖੁੱਲ੍ਹਾ ਹੀ ਰੱਖਣਾ ਪੈਂਦਾ। ਬਾਰ ਮੂਹਰੇ ਦੀ ਲੰਘਣ ਵਾਲੇ ਆਦਮੀ, ਤੀਵੀਂ, ਮੁੰਡਾ, ਕੁੜੀ ਤੇ ਸਭ ਬੁੱਢੇ-ਠੇਰੇ ਅੱਖਾਂ ਪਾੜ-ਪਾੜ ਦੇਖਦੇ। ਪਰਮਿੰਦਰ ਨੂੰ ਇਹ ਬਹੁਤ ਬੁਰਾ ਲੱਗਦਾ। ਕਈ ਬੰਦੇ ਤਾਂ ਇਉਂ ਝਾਕਦੇ, ਜਿਵੇਂ ਉਸ ਨੂੰ ਮੂੰਹ ਵਿੱਚ ਹੀ ਪਾ ਲੈਣਾ ਹੋਵੇ।-ਸਿੱਧੇ ਤੁਰੇ ਔਂਦੇ ਨੇ ਤਾਂ ਸਿੱਧੇ ਈ ਤੁਰੇ ਜਾਣ। ਬੈਠਕ ਵਿੱਚ ਨਵੀਂ ਕਿਹੜੀ ਚੀਜ਼ ਹੁੰਦੀ ਐ। ਨਿੱਤ ਮੈਂ ਈ ਹੁੰਦੀ ਆਂ। ਮੈਂ ਈ ਆਂ। ਉਹ ਚਿੱਤ ਵਿੱਚ ਖਿਝਦੀ।

ਇੱਕ ਦਿਨ ਤਾਂ ਰਾਤ ਨੂੰ ਉਹਦੇ ਤਖ਼ਤੇ ਵੀ ਕੋਈ ਖੜਕਾ ਗਿਆ ਸੀ। ਉਸ ਨੇ ਅੰਦਰੋਂ ਪੁੱਛਿਆ ਸੀ-ਕੌਣ ਐਂ? ਜਵਾਬ ਵਿੱਚ ਤਖ਼ਤੇ ਹੀ ਖੜਕੇ ਸਨ। ਉਹ ਡਰ ਗਈ ਸੀ। ਕੁੰਡਾ ਨਹੀਂ ਸੀ ਖੋਲ੍ਹਿਆ। ਪਿਛਲੇ ਮਹੀਨੇ ਹੀ ਉਸ ਨੇ ਖ਼ਬਰ ਸੁਣੀ ਸੀ- ਇੱਕ ਪਿੰਡ ਵਿੱਚ ਨਰਸ ਨੂੰ ਰਾਤ ਵੇਲੇ ਕੋਈ ਇਹ ਕਹਿ ਕੇ ਨਾਲ ਲੈ ਗਿਆ ਸੀ ਕਿ ਉਸ ਦੀ ਘਰ ਵਾਲੀ ਦੇ ਨਿੱਕਾ-ਨਿਆਣਾ ਹੋਣਾ ਹੈ, ਬਹੁਤ ਤੰਗ ਹੈ, ਛੇਤੀ ਚੱਲ। ਉਹ ਉਸ ਨੂੰ ਆਪਣੇ ਘਰ ਦੀ ਥਾਂ ਧੋਖੇ ਨਾਲ ਕਿਤੇ ਹੋਰ ਹੀ ਲੈ ਗਿਆ ਸੀ, ਜਿੱਥੇ ਦੋ ਹੋਰ ਬੰਦੇ ਸ਼ਰਾਬ ਪੀ ਕੇ ਬੈਠੇ ਹੋਏ ਸਨ। ਸਾਰੀ ਰਾਤ ਉਨ੍ਹਾਂ ਤਿੰਨਾ ਨੇ ਉਸ ਨਾਲ ਖੇਹ-ਖਰਾਬੀ ਕੀਤੀ ਸੀ। ਤੜਕੇ ਨੂੰ ਉਸ ਨਰਸ ਦੀ ਲਾਸ਼ ਪਿੰਡ ਤੋਂ ਬਾਹਰ ਇੱਕ ਟੋਭੇ ਦੀ ਪੱਤਣ ’ਤੇ ਮਿਲੀ ਸੀ। ਪਤਾ ਲੱਗਿਆ ਸੀ, ਨਰਸ ਨੂੰ ਵੀ ਬਹੁਤ ਜ਼ਿਆਦਾ ਸ਼ਰਾਬ ਪਿਆਈ ਗਈ ਸੀ।

ਮਾਰਚ ਦਾ ਮਹੀਨਾ ਜਾ ਰਿਹਾ ਸੀ, ਰਾਤ ਨੂੰ ਬੈਠਕ ਦੇ ਅੰਦਰ ਸੌਣਾ ਮੁਸ਼ਕਿਲ ਹੋ ਗਿਆ ਸੀ। ਪਿੰਡ ਵਿੱਚ ਉਸ ਨੇ ਹੋਰ ਕਈ ਥਾਂ ਦੇਖੇ ਸਨ। ਕੋਈ ਵੀ ਮਕਾਨ ਚੰਗਾ ਨਹੀਂ ਸੀ। ਆਖ਼ਰ ਤੇਜ਼ੋ ਬੁੜ੍ਹੀ ਦਾ ਚੁਬਾਰਾ ਉਸ ਨੂੰ ਪਸੰਦ ਆ ਗਿਆ ਸੀ। ਬੁੜ੍ਹੀਆਂ ਨੇ ਵੀ ਉਸ ਘਰ ਦੀ ਚੰਗੀ ਸਰਾਹਨਾ ਕੀਤੀ ਸੀ-ਕੁੜੀ ਨਛੱਤਰ ਕੌਰ ਦਾ ਸੁਭਾਅ ਚੰਗੈ। ਪ੍ਰਾਹੁਣਾ। ਪ੍ਰਾਹੁਣਾ ਵੀ ਨੇਕ ਐ। ਬੰਦਿਆਂ ਵਰਗਾ ਤਾਂ ਉਹ ਬੰਦਾ ਈ ਨੀ। ਅੱਖ ਭਰ ਕੇ ਨੀ ਝਾਕਿਆ ਵਿਚਾਰਾ ਕਦੇ ਕਿਸੇ ਕੁੜੀ-ਕੱਤਰੀ ਕੰਨੀਂ।

ਦਿਨਾਂ ਵਿੱਚ ਉਹ ਨਛੱਤਰ ਕੌਰ ਨਾਲ ਘੁਲ-ਮਿਲ ਗਈ ਸੀ। ਸੁਖਪਾਲ ਦਾ ਸਾਊ ਜਿਹਾ ਸੁਭਾਅ ਉਸ ਨੂੰ ਬੜਾ ਹੀ ਚੰਗਾ ਲੱਗਦਾ ਸੀ। ਉਸ ਤੋਂ ਤਾਂ ਉਹ ਸੰਗਦੀ ਹੀ ਨਹੀਂ ਸੀ। ਉਹ ਤਾਂ ਉਸ ਨੂੰ ਇਉਂ ਲੱਗਦਾ, ਜਿਵੇਂ ਆਪਣੇ ਘਰ ਦਾ ਹੀ ਕੋਈ ਬੰਦਾ ਹੋਵੇ। ਉਹ ਤਾਂ ਸਗੋਂ ਕੋਸ਼ਿਸ਼ ਵਿੱਚ ਰਹਿੰਦੀ ਕਿ ਉਸ ਨਾਲ ਉਹ ਬੋਲੇ, ਕਦੇ ਕੋਈ ਗੱਲ ਕਰੇ। ਸੁਖਪਾਲ ਸੀ ਕਿ ਝਾਕਦਾ ਵੀ ਕਦੇ ਕਦੇ ਮਸਾਂ। ਝਾਕਦਾ ਤੇ ਮੂੰਹੋਂ ਨਹੀਂ ਸੀ ਬੋਲਦਾ। ਖ਼ਾਲੀ-ਖ਼ਾਲੀ ਅੱਖਾਂ ਨਾਲ ਝਾਕਦਾ ਰਹਿੰਦਾ। ਉਸ ਦਾ ਸਾਰਾ ਦਿਨ ਬੈਠਕ ਵਿੱਚ ਪਏ ਰਹਿਣਾ, ਕਿਤਾਬਾਂ ਰਸਾਲੇ ਪੜ੍ਹਨਾ ਪਰਮਿੰਦਰ ਨੂੰ ਚੰਗਾ-ਚੰਗਾ ਲੱਗਦਾ। ਜ਼ਿੰਦਗੀ ਹੋਵੇ ਤਾਂ ਇਹੋ ਜਿਹੀ ਹੋਵੇ। ਨਾ ਕੰਮ, ਨਾ ਕਾਰ। ਐਸ਼ ਦੀ ਜ਼ਿੰਦਗੀ। ਇਹੋ ਜਿਹਾ ਹੋਵੇ ਕੋਈ,

30

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ