ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਛਲੇ ਮਹੀਨੇ ਦੀ ਰਿਪੋਰਟ ਬਣੌਣੀ ਐ। ਨਿਰੋਧ ਦੀ ਖਪਤ ਦਿਖੌਣੀ ਐ। ਏਸੇ ਕਰਕੇ ਤਾਂ ਮੈਂ ਆਪਣੇ ਪਿੰਡ ਲੋਹੜੀ ਦੇਖਣ ਨ੍ਹੀਂ ਗਈ।

ਉਨ੍ਹਾਂ ਦੇ ਦਰਵਾਜ਼ੇ ਤੋਂ ਸੱਥ ਨੇੜੇ ਹੀ ਸੀ। ਪੈਂਟੂ ਰੋਂਦਾ-ਰੋਂਦਾ ਧੂਣੀ ਕੋਲ ਆ ਖੜੋਤਾ। ਉਸ ਦੀਆਂ ਅੱਖਾਂ ਵਿੱਚ ਧੂੰਆਂ ਪੈ ਰਿਹਾ ਸੀ। ਉਹ ਉੱਚੀ-ਉੱਚੀ ਚਾਂਗਾਂ ਮਾਰ ਰਿਹਾ ਸੀ। ਕਦੇ ਓਸ ਹੱਥ ਦੇ ਹੁੱਡੂ ਨਾਲ, ਕਦੇ ਓਸ ਹੱਥ ਦੇ ਹੁੱਡੂ ਨਾਲ ਅੱਖਾਂ ਮਲ਼ ਰਿਹਾ ਸੀ।

-ਨੀ ਮਾਂ, ਪੈਂਟੂ ਆਪਣਾ। ਗੁੱਡੀ ਨੇ ਭੱਜ ਕੇ ਉਸ ਨੂੰ ਚੁੱਕਿਆ ਤੇ ਲਿਆ ਕੇ ਮਾਂ ਦੀ ਗੋਦੀ ਵਿੱਚ ਬਿਠਾਇਆ। ਨਛੱਤਰ ਕੌਰ ਨੇ ਉਸ ਨੂੰ ਚੁੰਮਿਆ ਤੇ ਦੁੱਧ ਦਿੱਤਾ।

-ਕੁੜੇ ਨਛੱਤਰ, ਖਾਸਾ ਕਰ ਲਿਆ ਮੁੰਡਾ ਤਾਂ ਤੈਂ। ਗਹਾਂ ਕੋਈ ਗੱਲ ਬਾਤ?

ਨਛੱਤਰ ਕੌਰ ਚੁੱਪ ਸੀ।

-ਲੈ ਭੈਣੇ ਨਰਸ ਤਾਂ ਘਰ ‘ਚ ਐ। ਸੌ ਕੁਸ ਵਰਦਤੀ ਹੋਣੀ ਐ, ਨਛੱਤਰ ਤਾਂ।

ਪੈਂਟੂ ਦੋ ਘੁੱਟਾਂ ਚੁੰਘਦਾ ਸੀ ਤੇ ਬੁੱਕਲ ’ਚੋਂ ਮੂੰਹ ਕੱਢ ਕੇ ਰੋਣ ਲੱਗ ਪੈਂਦਾ ਸੀ। ਵਿਰਦਾ ਹੀ ਨਹੀਂ ਸੀ। ਹਾਰ ਕੇ ਉਹ ਉੱਠ ਹੀ ਖੜ੍ਹੀ। ਪੀਹੜੀ ਚੁੱਕਣ ਲਈ ਗੁੱਡੀ ਨੂੰ ਹਾਕ ਮਾਰੀ। ਮੁੰਡੇ ਨੂੰ ਕਿਹਾ-ਆ ਵੇ ਟੀਟੂ, ਕਿੱਥੇ ਐਂ।

-ਚੱਲੋ ਚੱਲੀਏ, ਥੋਡਾ ਬਾਪੁ ਉਡੀਕਦਾ ਹੋਣੈਂ।

ਨਾ, ਅਸੀਂ ਤਾਂ ਫੇਰ ਆ ਜਾਂ ’ਗੇ।

ਬੈਠਕ ਵਿੱਚ ਜਾ ਕੇ ਉਸ ਨੇ ਦੇਖਿਆ, ਬਲਬ ਜਗ ਰਿਹਾ ਸੀ। ਸੁਖਪਾਲ ਨਹੀਂ ਸੀ। -ਪੈਂਟੂ ਨੂੰ ਛੱਡ ਕੇ ਕਿੱਧਰ ਤੁਰ ਗਿਆ? ਉਸ ਨੇ ਸੋਚਿਆ।

-ਬੋਲਿਆ ਨੀ। ਕਿੱਥੇ ਐਂ ਤੂੰ। ਮਖਿਆ ਬੋਲਦਾ ਨੀ। ਵਿਹੜੇ ਵਿੱਚ ਖੜ੍ਹ ਕੇ ਉਸ ਨੇ ਉੱਚੀ-ਉੱਚੀ ਹਾਕਾਂ ਮਾਰੀਆਂ। ਗਵਾਂਢ ਵਿੱਚ ਅਖੰਡ ਪਾਠ ਖੁੱਲ੍ਹਿਆ ਹੋਇਆ ਸੀ। ਲਾਊਡ-ਸਪੀਕਰਾਂ ਦੀ ਆਵਾਜ਼ ਵਿੱਚ ਉਸ ਦਾ ਬੋਲ ਕਿਧਰੇ ਵੀ ਨਹੀਂ ਸੀ ਗਿਆ, ਕਿਧਰੇ ਵੀ ਨਹੀਂ ਸੀ ਸੁਣਿਆ। ਪੈਂਟੂ ਅਜੇ ਵੀ ਹੌਲ਼ੀ-ਹੌਲ਼ੀ ਡੁਸਕ ਰਿਹਾ ਸੀ।

-ਖੰਡ ਦੇਵਾਂ? ਖੰਡ ਖਾਣੀ ਐਂ?

ਪੈਂਟੂ ਰੋਂਦਾ-ਰੋਂਦਾ ਇੱਕ ਦਮ ਚੁੱਪ ਹੋ ਗਿਆ। ਉਹ ਸਬ੍ਹਾਤ ਵੱਲ ਜਾਣ ਲੱਗੀ। ਉਸ ਨੇ ਦੇਖਿਆ, ਬੈਠਕ ਦੇ ਖੱਬੇ ਪਾਸੇ ਵਾਲੇ ਕਮਰੇ ਵਿੱਚੋਂ ਇੱਕ ਕਾਲ਼ਾ ਕੁੱਤਾ ਮੂੰਹ ਵਿੱਚ ਗੁੜ ਦਾ ਡਲਾ ਲਈ ਨਿੱਕਲਿਆ ਹੈ ਤੇ ਸਣੇ ਡਲੇ ਵਿਹੜੇ ਵਿੱਚ ਦੀ ਦੌੜ ਗਿਆ।-ਮਰ ਵੇ, ਤੇਰੇ ਦੇ। ਉਹ ਬੋਲੀ ਤੇ ਉਸ ਕਮਰੇ ਵੱਲ ਹੀ ਚਲੀ ਗਈ। -ਬਾਰ ਖੁੱਲ੍ਹਾ ਕੀਹਨੇ ਛੱਡ ਤਾ? ਉਸ ਨੇ ਜਿਵੇਂ ਆਪਣੇ ਆਪ ਤੋਂ ਹੀ ਪੁੱਛਿਆ ਹੋਵੇ। ਉਸ ਕਮਰੇ ਦੀ ਸਵਿੱਚ ਦੱਬ ਕੇ ਉਹ ਅੰਦਰ ਹੋਈ। ਕਣਕ ਦੀਆਂ ਬੋਰੀਆਂ ਤੋਂ ਅਗਾਂਹ ਲੰਘ ਕੇ ਕਮਰੇ ਦੀ ਡਾਟ ਥੱਲੇ ਖੜ੍ਹ ਗਈ। ਗੁੜ ਵਾਲੇ ਢੋਲ ਨੂੰ ਦੇਖਣ ਲੱਗੀ। ਢੋਲ ਟੇਢਾ ਹੋਇਆ ਪਿਆ ਸੀ। ਇਸ ਕਮਰੇ ਦੇ ਪਿਛਲੇ ਅੱਧ ਉੱਤੇ ਚੁਬਾਰਾ ਸੀ। ਛੱਤ ਉੱਤੇ ਹੁੰਦਾ ਕੋਈ ਖੜਾਕ ਜਿਹਾ ਉਸ ਨੇ ਸੁਣਿਆ। ਮੰਜੇ ਦੇ ਪਾਵੇ ਖੜਕਣ ਵਰਗਾ ਖੜਾਕ। ਜਿਵੇਂ ਕੋਈ ਮੰਜੇ ਉੱਤੇ ਅੱਧ-ਰਿੜਕ ਮੁੰਡਿਆਂ ਵਾਂਗ ਘੁਲ ਰਿਹਾ ਹੋਵੇ। ਬਲਬ ਬੁਝਾ ਕੇ ਉਸ ਨੇ ਕਮਰੇ ਦੇ ਤਖ਼ਤੇ ਬੰਦ ਕੀਤੇ, ਕੁੰਡਾ ਲਾਇਆ ਤੇ ਬੈਠਕ ਵਿੱਚ ਪੈਂਟੂ ਨੂੰ ਮੰਜੇ ਉੱਤੇ ਸੁੱਟ ਕੇ ਉਹ ਚੁਬਾਰੇ ਦੀਆਂ ਪੌੜੀਆਂ ਜਾ ਚੜ੍ਹੀ। ਦੜਦੜਾਂਦੀ ਗਈ।

32

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ