ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/33

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚੁਬਾਰੇ ਵਿੱਚ ਹਨੇਰਾ ਸੀ। ਬਾਰ ਖੁੱਲ੍ਹਾ ਸੀ। ਉਸ ਨੇ ਆਪ ਹੀ ਸਵਿੱਚ ਦੱਬ ਦਿੱਤੀ। ਅੰਦਰਲਿਆਂ ਨੇ ਸ਼ਾਇਦ ਉਸ ਦੀ ਪੈੜ-ਚਾਲ ਸੁਣ ਲਈ। ਬਿਜਲੀ ਦਾ ਚਾਨਣ ਹੋਇਆ ਤਾਂ ਨਛੱਤਰ ਕੌਰ ਨੇ ਦੇਖਿਆ, ਸੁਖਪਾਲ ਇੱਕ ਖੂੰਜੇ ਵਿੱਚ ਮੂੰਹ ਦਈ ਖੜ੍ਹਾ ਸੀ ਤੇ ਪਰਮਿੰਦਰ ਛੇਤੀ-ਛੇਤੀ ਆਪਣੇ ਕੱਪੜੇ ਠੀਕ ਕਰ ਰਹੀ ਸੀ। ਪੈਰ ਦੀ ਜੁੱਤੀ ਲਾਹ ਕੇ ਉਸ ਨੇ ਸੁਖਪਾਲ ਦੇ ਮੋਢੇ ’ਤੇ ਮਾਰੀ। -ਚੰਡਾਲਾ, ਮੈਨੂੰ ਪਤਾ ਹੁੰਦਾ ਏਸ ਭਾਣੇ ਦਾ...। ਕਹਿ ਕੇ ਉਹ ਫਰਸ਼ ’ਤੇ ਬੈਠ ਗਈ। ਸਿਰ ਫੜ ਲਿਆ।

ਸੁਖਪਾਲ ਬਾਹਰ ਚਲਿਆ ਗਿਆ ਤੇ ਫਿਰ ਪੌੜੀਆਂ ਉੱਤਰ ਗਿਆ।

-ਕੁੱਤੀਏ, ਕੰਜਰੀਏ, ਏਹਨਾਂ ਕਰਤੂਤਾਂ ਵਾਸਤੇ ਚੁਬਾਰਾ ਲਿਆ ਸੀ? ਉਹ ਫ਼ਰਸ਼ ’ਤੇ ਬੈਠੀ-ਬੈਠੀ ਹੀ ਕੜਕੀ-ਨਿੱਕਲ ਜਾ, ਮੇਰੇ ਘਰੋਂ ਐਸੇ ਵਖਤ।

ਪਰਮਿੰਦਰ ਖੂੰਜੇ ਵਿੱਚ ਖੜ੍ਹੀ ਸੀ। ਚੁੱਪ। ਫਰਸ਼ ਉੱਤੇ ਅੱਖਾਂ ਸਨ।

ਨਛੱਤਰ ਕੌਰ ਪੌੜੀਆਂ ਉੱਤਰੀ।

ਪੈਂਟੂ ਰੋ ਰਿਹਾ ਸੀ।

ਸੁਖਪਾਲ ਕਿਤੇ ਵੀ ਨਹੀਂ ਸੀ।

ਪਿੰਡ ਵਿੱਚ ਹੀ ਕਿਸੇ ਦੇ ਘਰ ਉਹ ਜਾ ਸੁੱਤਾ।

ਗੁੱਡੀ ਤੇ ਟੀਟੂ ਲੋਹੜੀ ਤੋਂ ਆ ਗਏ। ਮਨ ਵਿੱਚ ਪਤਾ ਨਹੀਂ ਕੀ ਸੋਚਦੀ ਉਹ ਬੈਠਕ ਵਿੱਚ ਪੈ ਗਈ। ਉਸ ਦੀ ਗੰਭੀਰਤਾ ਨੂੰ ਦੇਖ ਕੇ ਗੁੱਡੀ ਤੇ ਟੀਟੂ ਵੀ ਬਿਨਾ ਕੋਈ ਗੱਲ-ਬਾਤ ਕਰੇ ਹੀ ਸੌਂ ਗਏ।

ਸਵੇਰੇ ਸਦੇਹਾਂ ਜਾਗ ਕੇ ਪਰਮਿੰਦਰ ਨੇ ਚੁਬਾਰੇ ਨੂੰ ਜਿੰਦਾ ਲਾਇਆ ਤੇ ਚੁੱਪ ਕੀਤੀ ਹੀ ਘਰੋਂ ਬਾਹਰ ਹੋ ਕੇ ਬੱਸ ਅੱਡੇ ’ਤੇ ਆ ਬੈਠੀ।

ਨਛੱਤਰ ਕੌਰ ਨੂੰ ਕੋਈ ਪਤਾ ਨਹੀਂ ਸੀ ਲੱਗਿਆ ਕਿ ਉਹ ਕਦੋਂ ਚੁਬਾਰਾ ਬੰਦ ਕਰਕੇ ਘਰੋਂ ਚਲੀ ਗਈ ਸੀ।

ਸੁਖਪਾਲ ਘਰ ਨਹੀਂ ਸੀ ਆਇਆ। ਕਿਸੇ ਦੇ ਘਰੋਂ ਹੀ ਓਨ੍ਹੀਂ ਕੱਪੜੀਂ ਉਹ ਸਿੱਧਾ ਆਪਣੇ ਪਿਓ ਵਾਲੇ ਪਿੰਡ ਨੂੰ ਚਲਿਆ ਗਿਆ ਸੀ।

ਦੂਜੇ ਦਿਨ ਨਰਸ ਆਈ। ਚੁਬਾਰੇ ਵਿੱਚੋਂ ਆਪਣਾ ਸਾਮਾਨ ਚੁਕਵਾ ਕੇ ਓਸੇ ਸੰਧੂਆਂ ਵਾਲੀ ਬੈਠਕ ਵਿੱਚ ਜਾ ਰੱਖਿਆ। ਬਦਲੀ ਕਰਵਾਉਣ ਦੀ ਕੋਸ਼ਿਸ਼ ਤਾਂ ਉਹ ਦੋ-ਤਿੰਨ ਮਹੀਨਿਆਂ ਤੋਂ ਕਰ ਰਹੀ ਸੀ। ਉਸ ਦੀ ਬਦਲੀ ਦੇ ਆਰਡਰ ਵੀ ਹਫ਼ਤਾ ਕੁ ਬਾਅਦ ਆ ਗਏ। ਸੰਗਰੂਰ ਦੀ ਹੱਦ ਉੱਤੇ ਆਖ਼ਰੀ ਪਿੰਡ ਵਿੱਚ ਰਾਏਕੋਟ ਦੇ ਨੇੜੇ ਉਸ ਦੀ ਬਦਲੀ ਹੋ ਗਈ ਸੀ। ਇਹ ਪਿੰਡ ਸੜਕ ਦੇ ਵੀ ਨੇੜੇ ਹੀ ਸੀ। ਸੋ ਹੁਣ ਉਹ ਹਫ਼ਤੇ ਬਾਅਦ ਆਪਣੇ ਪਿੰਡ ਗੇੜਾ ਮਾਰ ਆਉਂਦੀ। ਉਹ ਖ਼ੁਸ਼ ਸੀ। ਮਾਪਿਆਂ ਦੀ ਵੀ ਤਸੱਲੀ ਸੀ।

ਸੁਖਪਾਲ ਪੰਦਰਾਂ ਦਿਨਾਂ ਬਾਅਦ ਆਇਆ। ਸ਼ਾਮ ਨੂੰ ਘਰ ਵੜਿਆ। ਸ਼ਰਾਬ ਪੀਤੀ ਹੋਈ ਸੀ। ਆਉਣ ਸਾਰ ਵਿਹੜੇ ਵਿੱਚ ਖੜ੍ਹ ਕੇ ਉਸ ਨੇ ਗਾਲ੍ਹ ਕੱਢੀ। ਪਤਾ ਨਹੀਂ ਕਿਸ ਨੂੰ ਕੱਢੀ ਸੀ। ਨਛੱਤਰ ਕੌਰ ਨੂੰ ਹੀ ਕੱਢੀ ਹੋਵੇਗੀ। ਨਰਸ ਦੀ ਬਦਲੀ ਹੋ ਜਾਣ ਦਾ ਪਤਾ ਤਾਂ ਉਸ ਨੂੰ ਪਿੰਡ ਵਿੱਚੋਂ ਹੀ ਪਟਵਾਰੀ ਤੋਂ ਲੱਗ ਗਿਆ ਸੀ। ਪਟਵਾਰੀ ਉਸ ਦੇ ਪਿਓ ਵਾਲੇ ਪਿੰਡ ਦਾ ਹੀ ਰਹਿਣ ਵਾਲਾ ਸੀ। ਉਸ ਨਾਲ ਉਸ ਦੀ ਬੁੱਕਲ ਖੁੱਲ੍ਹੀ ਸੀ।

ਕੱਟੇ ਖੰਭਾਂ ਵਾਲਾ ਉਕਾਬ

33