ਵਿਹੜੇ ਵਿੱਚੋਂ ਹਿੱਲ ਕੇ ਫਿਰ ਉਹ ਚੁਬਾਰੇ ਵਿੱਚ ਗਿਆ। ਮੰਜੇ ਉੱਤੇ ਪੈ ਗਿਆ। ਬਹੁਤ ਉੱਚੀ ਕੂਕ ਮਾਰੀ ਤੇ ਫਿਰ ਬਹੁਤ ਉੱਚੀ ਕੜਕਵੀਂ ਗਾਲ੍ਹ ਕੱਢੀ। ਗੁੱਡੀ ਤੇ ਟੀਟੂ ਦੋਵੇਂ ਉਸ ਕੋਲ ਗਏ ਤੇ ਭੰਵੱਤਰੇ ਜਿਹੇ ਉਸ ਵੱਲ ਝਾਕਣ ਲੱਗੇ।
-ਜਾਓ ਏਥੋਂ... ਫੂਕ ਦੂੰ ਸਾਲਿਓ ਸਾਰੇ ਟੱਬਰ ਨੂੰ। ਵੱਡੀ ਜਾਇਦਾਦ ਵਾਲੇ। ਉੱਲੂ ਦੇ ਪੱਠੇ। ਤੇ ਫਿਰ ਉਹ ਕਹਿਣ ਲੱਗਿਆ-ਨਹੀਂ, ਨਹੀਂ, ਮੈਂ ਉੱਲੂ ਦਾ ਪੱਠਾ। ਓਏ... ਚਲੋ ਏਥੋਂ। ਮਨ ਵਿੱਚ ਜੋ ਆਇਆ, ਉਹ ਕਹਿ ਰਿਹਾ ਸੀ। ਗੁੱਡੀ ਤੇ ਟੀਟੂ ਮਸੋਸੇ ਜਿਹੇ ਮੁੰਹ ਬਣਾਈ ਥੱਲੇ ਉੱਤਰ ਗਏ।
ਕੁਝ ਦੇਰ ਬਾਅਦ ਨਛੱਤਰ ਕੌਰ ਚੁਬਾਰੇ ਵਿੱਚ ਆਈ। ਕਹਿਣ ਲੱਗੀ-ਸ਼ਰਮ ਕਰ ਕੁਸ। ਵੱਡੀ ਅਣਖ ਵਾਲਾ, ਧੱਕੇ ਖਾਣ ਆਇਐਂ ਹੁਣ?
-ਹਾਂ, ਧੱਕੇ ਖਾਣ ਆਇਆਂ। ਤੂੰ ਬਕਵਾਸ ਕਰ, ਜੋ ਕਰਦੀ ਐਂ। ਕਹਿ ਕੇ ਉਸ ਨੇ ਮੂੰਹ ਅੱਡ ਲਿਆ ਤੇ ਨਸ਼ਈ ਲਾਲ ਝਰੰਗ ਅੱਖਾਂ ਨਾਲ ਝਾਕਣ ਲੱਗਿਆ।
-ਤੇਰਾ ਹੈ ਕੀ ਏਸ ਘਰ 'ਚ, ਦੱਸ ਖਾਂ? ਕਾਹਦੇ ਸਿਰ ’ਤੇ ਲਾਲੜੀਆਂ ਤਾੜਦੈਂ? ਚੱਪਣੀ ’ਚ ਨੱਕ ਡਬੋਅ ਕੇ ਮਰ ਜਾ, ਏਦੂੰ ਤਾਂ
-ਠੀਕ ਐ ਸਰਦਾਰਨੀਏਂ, ਮੇਰਾ ਕੁਝ ਨਹੀਂ। ਏਸ ਘਰ ’ਚ ਮੇਰਾ ਕੋਈ ਨੀ। ਮੈਨੂੰ ਮਰ ਜਾਣਾ ਚਾਹੀਦੈ। ਮੈਂ ਉੱਲੂ ਦਾ ਪੱਠਾ ਆਂ। ਉਹ ਰੋਣ ਲੱਗ ਪਿਆ। ਹੁੱਬਕੀਂ-ਹੁਬਕੀਂ ਰੋਣ ਲੱਗਿਆ।
-ਸਭ ਧੰਦੜੇ ਜਾਣਦੀ ਆਂ ਤੇਰੇ। ਕਹਿ ਕੇ ਨਛੱਤਰ ਕੌਰ ਥੱਲੇ ਉੱਤਰ ਆਈ।
ਗੁੱਡੀ ਰੋਟੀ ਲੈ ਕੇ ਗਈ। ਉਸ ਨੇ ਰੋਟੀ ਨਹੀਂ ਖਾਧੀ ਤੇ ਫੇਰ ਰਜ਼ਾਈ-ਗਦੈਲਾ ਗੁੱਡੀ ਚੁਬਾਰੇ ਵਿੱਚ ਹੀ ਰੱਖ ਗਈ।
ਦੂਜੇ ਦਿਨ ਤੜਕੇ ਹੀ ਉਸ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਸ਼ਰਾਬ ਪੀਂਦਾ ਰਿਹਾ। ਬੋਲਿਆ ਕਿਸੇ ਨੂੰ ਕੁਝ ਨਹੀਂ, ਰੋਟੀ ਵੇਲੇ ਉਹ ਪਟਵਾਰੀ ਕੋਲ ਚਲਿਆ ਗਿਆ। ਉੱਥੇ ਵੀ ਪੀਂਦਾ ਰਿਹਾ। ਪਟਵਾਰੀ ਨੂੰ ਵੀ ਪੀਣ ਲਾ ਲਿਆ। ਉਸ ਕੋਲ ਹੀ ਰੋਟੀ ਖਾਧੀ। ਘਰ ਆਇਆ। ਚੁਬਾਰੇ ਵਿੱਚ ਹੀ ਸੌਂ ਗਿਆ। ਸਵੇਰੇ ਹੀ ਜਾਗਿਆ, ਬੱਸ ਅੱਡੇ ’ਤੇ ਆ ਕੇ ਬੈਠ ਗਿਆ। ਬੱਸ ਚੜ੍ਹ ਕੇ ਬਰਨਾਲੇ ਆਇਆ। ਬਰਨਾਲੇ ਤੋਂ ਦੱਧਾਹੂਰ ਦੇ ਪੁਲਾਂ ’ਤੇ ਤੇ ਫਿਰ ਉਹ ਉਸ ਪਿੰਡ ਨੂੰ ਚਲਿਆ ਗਿਆ, ਜਿੱਥੇ ਪਰਮਿੰਦਰ ਨਰਸ ਲੱਗੀ ਹੋਈ ਸੀ।
ਓਥੇ ਵੀ ਉਹ ਕਿਸੇ ਦੇ ਚੁਬਾਰੇ ਵਿੱਚ ਰਹਿੰਦੀ ਸੀ। ਬਾਣੀਏ ਦੀ ਇੱਕ ਦੁਕਾਨ ਤੋਂ ਉਸ ਬਾਰੇ ਉਸ ਨੇ ਸਭ ਕੁਝ ਪੁੱਛ ਲਿਆ। ਉਸ ਘਰ ਜਾ ਕੇ ਚੁਬਾਰੇ ਵਿੱਚ ਉਸ ਨੇ ਸੁਨੇਹਾ ਭੇਜਿਆ-ਸੁਖਪਾਲ ਸਿੰਘ ਆਇਆ ਹੈ।
ਘਰ ਦੇ ਵਿਹੜੇ ਵਿੱਚ ਆ ਕੇ ਪਰਮਿੰਦਰ ਟੱਬਰ ਦੀਆਂ ਬੁੜ੍ਹੀਆਂ ਕੁੜੀਆਂ ਦੇ ਸਾਹਮਣੇ ਹੀ ਉਸ ਨੂੰ ਮਿਲੀ। ਓਪਰਿਆਂ ਵਾਂਗ। ਜਿਵੇਂ ਜਾਣਦੀ ਹੀ ਨਾ ਹੋਵੇ। ਪੁੱਛਿਆ -ਦੱਸੋ, ਕੀ ਕੰਮ ਐ?
-ਕੰਮ ਤਾਂ ਕੋਈ ਨੀ। ਮੈਂ ਕਿਹਾ, ਚਲੋ, ਮਿਲ ਈ ਜਾਵਾਂ।
ਉਹ ਕੁਝ ਵੀ ਨਾ ਬੋਲੀ। ਚੁਬਾਰੇ ਵਿੱਚ ਲੈ ਜਾਣ ਲਈ ਵੀ ਨਹੀਂ ਕਿਹਾ। ਚਾਹ ਦਾ ਨਾਉਂ ਤੱਕ ਵੀ ਨਹੀਂ।
34
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ