ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੇਸ਼ਮਾ

ਸੁਦੀਪ ਇੱਕ ਲੇਖਕ ਸੀ, ਕਹਾਣੀ ਲੇਖਕ। ਉਹਨੂੰ ਤਿੰਨਾਂ ਭਾਸ਼ਾਵਾਂ ਵਿੱਚ ਇੱਕੋ ਜਿੰਨੀ ਮੁਹਾਰਤ ਹਾਸਲ ਸੀ। ਮੂਲ ਰੂਪ ਵਿੱਚ ਉਹ ਪੰਜਾਬੀ ਦਾ ਕਹਾਣੀਕਾਰ ਸੀ, ਪਰ ਉਹਦੀਆਂ ਕਹਾਣੀਆਂ ਹਿੰਦੀ ਤੇ ਉਰਦੂ ਵਿੱਚ ਵੀ ਲਗਾਤਾਰ ਛਪਦੀਆਂ ਰਹਿੰਦੀਆਂ। ਆਪਣੀਆਂ ਕਹਾਣੀਆਂ ਦੇ ਅਨੁਵਾਦ ਉਹ ਖ਼ੁਦ ਹੀ ਕਰਦਾ।

ਪੰਜਾਬੀ ਵਿੱਚ ਉਹਦੇ ਕਈ ਕਹਾਣੀ-ਸੰਗ੍ਰਹਿ ਛਪ ਚੁੱਕੇ ਸਨ। ਹਿੰਦੀ ਤੇ ਉਰਦੂ ਵਿੱਚ ਵੀ ਕਹਾਣੀ-ਸੰਗ੍ਰਹਿ ਛਪੇ ਸਨ। ਮੈਗ਼ਜ਼ੀਨਾਂ ਵਿੱਚ ਉਹਦੀਆਂ ਕਹਾਣੀਆਂ ਛਪਦੀਆਂ ਤਾਂ ਉਹਨੂੰ ਦੂਰ-ਦੂਰ ਤੋਂ ਪਾਠਕਾਂ ਦੇ ਖ਼ਤ ਮਿਲਦੇ। ਇਸਤਰੀ-ਪਾਠਕਾਂ ਤੇ ਮਰਦ-ਪਾਠਕਾਂ ਦੋਵਾਂ ਦੇ। ਇਸਤਰੀ-ਪਾਠਕਾਂ ਦੇ ਖ਼ਤ ਪੜ੍ਹ ਕੇ ਉਹ ਕਦੇ ਭਾਵੁਕ ਨਹੀਂ ਹੋਇਆ ਸੀ। ਸਹਿਜ ਅਵਸਥਾ ਵਿੱਚ ਰਹਿ ਕੇ ਹੀ ਉਹ ਖ਼ਤਾਂ ਦਾ ਜੁਆਬ ਲਿਖਦਾ। ਹਰ ਕਿਸੇ ਨਾਲ ਉਹਦਾ ਬਸ ਇੱਕ ਲੇਖਕ-ਪਾਠਕ ਵਾਲਾ ਰਿਸ਼ਤਾ ਸੀ। ਆਮ ਜੀਵਨ ਨਾਲੋਂ ਇਹ ਇੱਕ ਅਲੱਗ ਸੰਸਾਰ ਸੀ। ਇਸ ਸੰਸਾਰ ਵਿੱਚ ਵਿਚਰ ਕੇ ਉਹਨੂੰ ਅਜੀਬ ਕਿਸਮ ਦੀ ਤਸਕੀਨ ਮਿਲਦੀ ਸੀ।

ਕਈ ਪਾਠਕ ਤਾਂ ਉਹਨੂੰ ਹਰ ਵਾਰ ਖ਼ਤ ਲਿਖਦੇ। ਹਰ ਵਾਰ ਉਹ ਜਵਾਬ ਭੇਜਦਾ। ਬਸ ਆਮ ਜਿਹੀ ਭਾਸ਼ਾ ਵਿੱਚ- "ਤੁਹਾਡਾ ਖ਼ਤ ਮਿਲਿਆ। ਬਹੁਤ ਸ਼ੁਕਰੀਆ। ਖ਼ੁਸ਼ੀ ਹੈ ਕਿ ਤੁਸੀਂ ਮੇਰੀ ਕਹਾਣੀ ਨੂੰ ਐਨਾ ਪਸੰਦ ਕੀਤਾ। ਖ਼ਤ-ਪੱਤਰ ਲਿਖਦੇ ਰਿਹਾ ਕਰੋ, ਸੰਬੰਧ ਬਣਿਆ ਰਹਿੰਦਾ ਹੈ।"

ਹਰ ਇੱਕ ਲਈ ਉਹਦਾ ਇਹੀ ਸਾਈਕਲੋ ਸਟਾਈਲ ਜਿਹਾ ਖ਼ਤ ਹੁੰਦਾ। ਇਸ ਤਰ੍ਹਾਂ ਦਾ ਖ਼ਤ ਲਿਖਣ ਲਈ ਉਹਨੂੰ ਕੋਈ ਉਚੇਚ ਨਹੀਂ ਕਰਨੀ ਪੈਂਦੀ ਸੀ। ਪਾਠਕ ਲਈ ਹੋ ਸਕਦਾ ਸੀ, ਕੋਈ ਮਹੱਤਵ ਹੋਵੇ।

ਪਰ ਅੰਮ੍ਰਿਤਸਰ ਦੀ ਇੱਕ ਕੁੜੀ ਅਲਕਾ ਨੇ 'ਸੰਬੰਧ ਬਣੇ ਰਹਿਣ' ਵਾਲੀ ਗੱਲ ਨੂੰ ਐਨਾ ਗੰਭੀਰ ਲਿਆ ਕਿ ਸੱਚਮੁੱਚ ਹੀ ਸੰਬੰਧ ਵਧਾਉਣੇ ਸ਼ੁਰੂ ਕਰ ਦਿੱਤੇ। ਕਹਾਣੀ ਸੰਬੰਧੀ ਖ਼ਤਾਂ ਤੋਂ ਬਗੈਰ ਵੀ ਖ਼ਤ ਆਉਣ ਲੱਗੇ। ਕਈ ਖ਼ਤ ਆਏ, ਸੁਦੀਪ ਨੇ ਵੀ ਲਿਖੇ।

ਸੁਦੀਪ ਦੀ ਉਮਰ ਪੈਂਤੀ ਤੋਂ ਉੱਤੇ ਹੋ ਚੁੱਕੀ ਸੀ, ਪਰ ਹਾਲੇ ਤੱਕ ਉਹਨੇ ਸ਼ਾਦੀ ਨਹੀਂ ਕਰਾਈ ਸੀ। ਕਾਰਨ ਸਨ, ਪਹਿਲਾਂ-ਪਹਿਲਾਂ ਤਾਂ ਕੋਈ ਕੁੜੀ ਉਹਨੂੰ ਜਚੀ ਹੀ ਨਹੀਂ। ਫੇਰ ਦੋ ਕੁੜੀਆਂ ਨਾਲ ਸੰਬੰਧ ਬਣੇ, ਪਰ ਵਿਆਹ ਕਿਸੇ ਨਾਲ ਵੀ ਨਾ ਹੋ

36

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ