ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀ। ਹੱਥਾਂ ਦੀਆਂ ਉਂਗਲਾਂ ਲੱਗਦਾ ਨਹੀਂ ਸੀ, ਕੰਵਾਰੀ ਕੁੜੀ ਦੀਆਂ ਹਨ। ਛਾਤੀਆਂ ਵੀ ਢਿਲਕੀਆਂ ਹੋਈਆਂ ਸਨ। ਉਹ ਕੁਰਸੀ ਤੋਂ ਉੱਠੀ, ਜਿਵੇਂ ਥੱਕੀ-ਥੱਕੀ ਹੋਵੇ, ਪਰ ਹਾਂ, ਬੋਲਾਂ ਵਿੱਚ ਅਲਸਾਹਟ ਸੀ। ਨਜ਼ਾਕਤ ਤੇ ਮਸਤੀ ਦਾ ਵਿਚ-ਵਿਚਾਲਾ ਵੀ ਕੁਝ ਕੁਝ।

ਗੱਲਾਂ ਹੋਈਆਂ, ਅਸਲ ਵਿੱਚ ਤਾਂ ਉਹ ਦੋਵੇਂ ਹੀ ਬਾਕੀ ਬਚੇ ਔਰਤ-ਮਰਦ ਸਨ। ਦੋਵਾਂ ਵਿੱਚ ਹੀ ਹੁਣ ਕੀ ਰਹਿ ਗਿਆ ਸੀ, ਆਪਣਾ। ਨਿਰਣੇ ‘ਅੱਧੀ ਹਾਂ’ ਤੱਕ ਪਹੁੰਚ ਗਏ ਤੇ ਫੇਰ ਪੰਦਰਾਂ ਦਿਨਾਂ ਬਾਅਦ ਹੀ ਸੁਦੀਪ ਅਲਕਾ ਨੂੰ ਵਿਆਹ ਕੇ ਪਟਿਆਲੇ ਲੈ ਗਿਆ। ਵਿਆਹ ਵੀ ਕੀ ਸੀ ਉਹ। ਉਹ ਆਪਣੇ ਇੱਕ ਦੋਸਤ ਨੂੰ ਨਾਲ ਲੈ ਕੇ ਅੰਮ੍ਰਿਤਸਰ ਗਿਆ ਸੀ। ਅਲਕਾ ਲਈ ਦੋ ਸੂਟ ਤੇ ਕੰਨਾਂ ਲਈ ਸੋਨੇ ਦੇ ਟਾਪਸ। ਇੱਕ ਨੱਕ ਦਾ ਕੋਕਾ ਬਣਵਾ ਕੇ ਲੈ ਗਿਆ। ਵਿਆਹ ਦੀ ਸਾਦੀ ਜਿਹੀ ਰਸਮ ਹੋਈ। ਟੈਕਸੀ ਵਿੱਚ ਬਿਠਾ ਕੇ ਉਹ ਉਹਨੂੰ ਲੈ ਆਇਆ ਸੀ।

ਫੇਰ ਜਦੋਂ ਵੀ ਉਹ ਅੰਮ੍ਰਿਤਸਰ ਜਾਂਦਾ,ਰੇਸ਼ਮਾ ਉਹਦੇ ਪੈਰ ਮਿੱਧਦੀ ਰਹਿੰਦੀ। ਬੈਠ ਕੇ ਗੱਲਾਂ ਮਾਰਨ ਲੱਗਦੀ ਤਾਂ ਗੱਲਾਂ ਹੀ ਮਾਰੀ ਜਾਂਦੀ। ਰੋਟੀ ਵੀ ਉਹੀ ਖਵਾਉਂਦੀ। ਸੁਦੀਪ ਦੇ ਕੱਪੜੇ ਧੋ ਦਿੰਦੀ। ਸ਼ਾਮ ਵਕਤ ਬਾਜ਼ਾਰ ਦੀ ਸੈਰ ਨੂੰ ਲੈ ਤੁਰਦੀ ਤੇ ਸੁਦੀਪ ਦਾ ਖਰਚ ਕਰਵਾਉਂਦੀ। ਜੀਜਾ ਜੀ, ਜੀਜਾ ਜੀ ਕਰਦੀ ਦਾ ਜਿਵੇਂ ਮੂੰਹ ਸੁੱਕਦਾ ਹੋਵੇ।

ਅਲਕਾ ਬਹੁਤ ਘੱਟ ਬੋਲਦੀ। ਕਦੇ-ਕਦੇ ਰੇਸ਼ਮਾ ਨੂੰ ਝਿੜਕਦੀ- “ਏ ਲੜਕੀ, ਜ਼ਰਾ ਸੰਕੋਚ ਰੱਖ ਬਈ। ਨਹੀਂ ਤਾਂ ਕੀ ਕਹਿਣਗੇ ਜੀਜਾ ਜੀ ਤੇਰੇ। ਇੰਪਰੈਸ਼ਨ ਬਣਾ ਕੇ ਰੱਖ।”

-"ਕਿਉਂ ਰੱਖਾਂ ਮੈਂ ਇੰਪਰੈਸ਼ਨ ਬਣਾ ਕੇ। ਜੀਜਾ ਜੀ ਮੇਰੇ ਹੀ ਨੇ ਨਾ। ਤੇ ਹਾਂ..." ਉਹ ਫੇਰ ਬੋਲਣ ਲੱਗ ਪੈਂਦੀ।

ਕਦੇ-ਕਦੇ ਉਹ ਸੁਦੀਪ ਨਾਲ ਇਕੱਲੀ ਬਾਹਰ ਜਾਂਦੀ। ਉਹਨੇ ਸੁਦੀਪ ਨੂੰ ਅੰਮ੍ਰਿਤਸਰ ਦੀਆਂ ਸਾਰੀਆਂ ਪ੍ਰਸਿੱਧ ਥਾਵਾਂ ਦਿਖਾਈਆਂ ਸਨ। ਦਰਬਾਰ ਸਾਹਿਬ, ਜਲ੍ਹਿਆਂ ਵਾਲਾ ਬਾਗ਼, ਦੁਰਗਿਆਣਾ ਮੰਦਰ, ਬਾਬਾ ਅਟੱਲ, ਯੂਨੀਵਰਸਿਟੀ ਤੇ ਹਵਾਈ ਅੱਡਾ। ਜਦੋਂ ਉਹ ਸੁਦੀਪ ਨਾਲ ਇਕੱਲੀ ਹੁੰਦੀ ਤਾਂ ਘੱਟ ਬੋਲਦੀ। ਖਾਣ-ਪੀਣ ਨੂੰ ਵੀ ਨਾ ਆਖਦੀ, ਪਰ ਅਲਕਾ ਨਾਲ ਹੁੰਦੀ ਤਾਂ ਅਲਕਾ ਨੂੰ ਗੱਲ ਨਾ ਕਰਨ ਦਿੰਦੀ। ਪੂਰੀ ਮਛਰੀ ਰਹਿੰਦੀ। ਸੁਦੀਪ ਨੂੰ ਉਹਦੀ ਚੁਲਬੁਲਾਹਟ ਪਿਆਰੀ ਲੱਗਦੀ। ਉਹਦੇ ਧੁਰ ਅੰਦਰ ਕਿਧਰੇ ਉਮੰਗ ਉੱਠਦੀ-ਰੇਸ਼ਮਾ ਵਰਗੀ ਕੋਈ ਹੋਵੇ। ਅਜਿਹੀ ਕੁੜੀ ਨਾਲ ਬੰਦਾ ਬਿਨਾਂ ਖੰਭਾਂ ਤੋਂ ਹੀ ਉੱਡਦਾ ਫਿਰਦਾ ਰਹਿੰਦੈ। ਅਜਿਹੀ ਕੁੜੀ ਦਾ ਸੰਗ ਬੰਦੇ ਨੂੰ ਵਰ੍ਹਿਆਂ ਦਾ ਅਹਿਸਾਸ ਨਹੀਂ ਹੋਣ ਦਿੰਦਾ।

ਕਦੇ ਉਹਨੇ ਆਖਣਾ- “ਜੀਜਾ ਜੀ, ਮੇਰੇ ਵਾਲ਼ ਦੇਖੋ, ਹਨ ਨਾ ਕਿੰਨੇ ਲੰਮੇ।"

ਰੇਸ਼ਮਾ ਦੀਆਂ ਅੱਖਾਂ ਬਹੁਤ ਪ੍ਰਭਾਵਪੂਰਤ ਸਨ। ਕਦੇ-ਕਦੇ ਉਹਨੇ ਬਹੁਤਾ ਹੀ ਖੁੱਲ੍ਹ ਜਾਣਾ ਤਾਂ ਪੁੱਛਣਾ- "ਜੀਜਾ ਜੀ, ਤੁਹਾਨੂੰ ਅੱਖ ਦੱਬਣੀ ਆਉਂਦੀ ਐ?"

ਸੁਦੀਪ ਉਹਦੀ ਹਰ ਹਰਕਤ ਉੱਤੇ ਬਸ ਹੱਸ ਛੱਡਦਾ। ਇਹ ਅਲਕਾ ਨਾਲ ਬਣੇ ਇਕ ਵਿਸ਼ਵਾਸ ਦਾ ਬੰਧਨ ਸੀ। ਰੇਸ਼ਮਾ ਨੂੰ ਉਹ ਉਹਦੀ ਵੱਡੀ ਭੈਣ ਦੀ ਅੱਖ ਨਾਲ ਦੇਖਦਾ। ਕਦੇ-ਕਦੇ ਉਹ ਆਪ ਵੀ ਉਹਨੂੰ ਝਿੜਕ ਦਿੰਦਾ- "ਰੇਸ਼ਮਾ, ਚੁੱਪ ਹੋ ਜਾ। ਅੱਗੇ ਬੋਲੀ ਤਾਂ ਮਾਰਾਂਗਾ ਤੈਨੂੰ, ਸਮਝੀ।" ਉਹ ਜੀਭ ਕੱਢਦੀ ਤੇ ਉੱਠ ਕੇ ਦੂਜੇ ਕਮਰੇ ਵਿੱਚ ਜਾ ਬੈਠਦੀ।

38

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ