ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਦੇ ਰੁੱਸ ਜਾਂਦੀ ਤਾਂ ਰੋਣ ਲੱਗਦੀ। ਅਲਕਾ ਆਖਦੀ- "ਤੁਸੀਂ ਰੇਸ਼ਮਾ ਨੂੰ ਬਹੁਤ ਸਿਰ ਚੜ੍ਹਾ ਰੱਖਿਐ। ਮਨਾਓ ਹੁਣ ਆਪ ਜੀ ਜਾ ਕੇ, ਆਪਣੀ ਲਾਡਲੀ ਨੂੰ।"

ਤੇ ਫੇਰ ਕਈ ਸਾਲ ਬੀਤ ਗਏ। ਇਸ ਦੌਰਾਨ ਵਿਨੋਦ ਤੇ ਪ੍ਰਮੋਦ ਨੌਕਰੀਆਂ ਉੱਤੇ ਲੱਗ ਚੁੱਕੇ ਸਨ। ਉਹਨਾਂ ਦੇ ਵਿਆਹ ਵੀ ਹੋ ਗਏ ਸਨ। ਅਲਕਾ ਦੇ ਪਿਤਾ ਰਿਟਾਇਰ ਹੋ ਕੇ ਬਾਜ਼ਾਰ ਵਿੱਚ ਦੁਕਾਨਾਂ ਦਾ ਹਿਸਾਬ-ਕਿਤਾਬ ਦੇਖਣ ਲੱਗੇ ਸਨ। ਉਹਨਾਂ ਕੋਲ ਸੱਤ-ਅੱਠ ਦੁਕਾਨਾਂ ਸਨ। ਘੰਟਾ-ਘੰਟਾ ਹਰ ਦੁਕਾਨ ਉੱਤੇ ਲਾਉਂਦੇ। ਰੇਸ਼ਮਾ ਨੇ ਬੀ. ਏ. ਤੋਂ ਬਾਅਦ ਬੀ. ਐੱਡ. ਕੀਤੀ ਸੀ ਤੇ ਉੱਥੇ ਅੰਮ੍ਰਿਤਸਰ ਹੀ ਇੱਕ ਪ੍ਰਾਈਵੇਟ ਸਕੂਲ ਵਿੱਚ ਉਹਨੂੰ ਨੌਕਰੀ ਮਿਲ ਗਈ ਸੀ। ਫੇਰ ਉਹਦਾ ਵਿਆਹ ਵੀ ਹੋ ਗਿਆ। ਮੁੰਡਾ ਬੈਂਕ ਵਿੱਚ ਕਲਰਕ ਸੀ। ਚੰਗੀ ਤਨਖ਼ਾਹ ਸੀ ਉਹਦੀ। ਰੇਸ਼ਮਾ ਕੋਲ ਇੱਕ ਮੁੰਡਾ ਸੀ। ਓਧਰ ਅਲਕਾ ਨੇ ਦੋ ਜੁਆਕ ਜੰਮ ਲਏ ਸਨ। ਇੱਕ ਮੁੰਡਾ ਤੇ ਇੱਕ ਕੁੜੀ। ਪਟਿਆਲਾ ਛੱਡ ਕੇ ਉਹ ਬਠਿੰਡੇ ਆ ਟਿਕੇ ਸਨ।

ਥਰਮਲ ਪਲਾਂਟ ਲੱਗ ਜਾਣ ਕਰਕੇ ਬਠਿੰਡਾ ਦਿਨੋਂ-ਦਿਨ ਤਰੱਕੀ ਕਰਦਾ ਜਾ ਰਿਹਾ ਸੀ। ਥਰਮਲ ਪਲਾਂਟ ਦੇ ਕੋਲ ਹੀ ਰੋਜ਼ ਗਾਰਡਨ ਬਣ ਗਿਆ ਸੀ। ਕਦੇ ਕਿਸੇ ਨੂੰ ਇਹ ਸੁਪਨਾ ਵੀ ਨਹੀਂ ਸੀ ਕਿ ਬਠਿੰਡੇ ਦੇ ਟਿੱਬਿਆਂ ਵਿੱਚ ਕਦੇ ਕੋਈ ਫੁੱਲਾਂ ਦਾ ਬਾਗ਼ ਲੱਗੇਗਾ। ਏਥੇ ਝੀਲਾਂ ਬਣ ਜਾਣਗੀਆਂ। ਓਧਰ ਛਾਉਣੀ ਬਣ ਕੇ ਇੱਕ ਨਵਾਂ ਬਠਿੰਡਾ ਉਸਰਦਾ ਜਾ ਰਿਹਾ ਸੀ। ਖ਼ਾਦ-ਫੈਕਟਰੀ ਅਲੱਗ। ਬਰਸਾਤਾਂ ਵਿੱਚ ਟੋਭੇ ਦੇ ਪਾਣੀ ਵਾਂਗ਼ ਫ਼ੈਲ ਰਿਹਾ ਸੀ ਸ਼ਹਿਰ। ਆਲੇ-ਦੁਆਲੇ ਦੇ ਕਈ ਨਿੱਕੇ-ਨਿੱਕੇ ਪਿੰਡ ਇਸ ਸ਼ਹਿਰ ਦੀ ਲਪੇਟ ਵਿੱਚ ਆ ਗਏ ਸਨ। ਸਿਆਣਿਆਂ ਦਾ ਅਨੁਮਾਨ ਸੀ ਕਿ ਕਿਸੇ ਦਿਨ ਬਠਿੰਡਾ ਪੰਜਾਬ ਦਾ ਸਭ ਤੋਂ ਵੱਡਾ ਸ਼ਹਿਰ ਬਣ ਜਾਵੇਗਾ। ਨਾਉਂ ਤਾਂ ਪਹਿਲਾਂ ਹੀ ਵੱਡਾ ਸੀ, ਬਠਿੰਡੇ ਵਿੱਚ ਸੱਤ ਰੇਲਵੇ-ਲਾਈਨਾਂ ਪੈਂਦੀਆਂ।

ਸ਼ਹਿਰ ਵਧਦਾ ਦੇਖ ਕੇ ਏਥੋਂ ਅਖ਼ਬਾਰ-ਰਸਾਲੇ ਨਿੱਕਲਣੇ ਵੀ ਜ਼ਰੂਰੀ ਸਨ। ਕਿੰਨੇ ਸਾਰੇ ਜ਼ਿਲ੍ਹਾ-ਦਫ਼ਤਰ ਸਨ, ਪ੍ਰਾਈਵੇਟ ਅਦਾਰੇ ਤੇ ਫੇਰ ਇਲਾਕੇ ਦੀਆਂ ਰਾਜਨੀਤਕ ਸਰਗਰਮੀਆਂ ਦਾ ਕੇਂਦਰ। ਇੱਕ ਸੇਠ, ਜਿਹੜਾ ਕੱਪੜੇ ਦਾ ਬਹੁਤ ਵੱਡਾ ਵਪਾਰੀ ਸੀ, ਪਰ ਰਾਜਨੀਤੀ ਵਿੱਚ ਵੀ ਮੂੰਹ ਮਾਰਦਾ, ਨੇ ‘ਸ਼ਕਤੀ ਪੰਜਾਬ’ ਨਾਉਂ ਦਾ ਇੱਕ ਸਪਤਾਹਿਕ ਪੱਤਰ ਛਾਪਣਾ ਸ਼ੁਰੂ ਕੀਤਾ। ਸੋਲ੍ਹਾਂ ਸਫ਼ੇ ਦਾ ਇੱਕ ਪਰਚਾ ਪੰਜਾਬੀ ਵਿੱਚ ਛਪਦਾ ਹੁੰਦਾ। ਇਸ ਵਿੱਚ ਇੱਕ ਕਹਾਣੀ ਤੇ ਚਾਰ-ਪੰਜ ਗ਼ਜ਼ਲਾਂ ਵੀ ਹੁੰਦੀਆਂ, ਪਰ ਬਹੁਤੀਆਂ ਖ਼ਬਰਾਂ ਇਲਾਕੇ ਦੀਆਂ ਛਪਦੀਆਂ। ਬਠਿੰਡੇ ਦੀਆਂ ਸਥਾਨਕ ਖ਼ਬਰਾਂ ਵੀ। ਪਰਚੇ ਵਿੱਚ ਸਾਫ਼-ਸੁਥਰਾ ਮੈਟਰ ਹੁੰਦਾ। ਇਹ ਸਪਤਾਹਿਕ ਬਲੈਕ-ਮੇਲਰ ਬਿਲਕੁਲ ਨਹੀਂ ਸੀ। ਘਰਾਂ ਵਿੱਚ ਪੜ੍ਹਨ ਵਾਲਾ ਪਰਚਾ ਸੀ- 'ਸ਼ਕਤੀ ਪੰਜਾਬ'। ਜਦੋਂ ਤੋਂ ਸੁਦੀਪ ਇਹਦਾ ਸੰਪਾਦਕ ਬਣਿਆ, ਪਰਚਾ ਹੋਰ ਵੀ ਦਿਲਚਸਪ ਹੋ ਗਿਆ। ਅਸ਼ਾਇਤ ਵਧ ਗਈ। ਰੇਲਵੇ ਬੁੱਕਸਟਾਲ ਤੇ ਬੱਸ-ਸਟੈਂਡ ਉੱਤੇ ਇਹ ਵੱਧ ਗਿਣਤੀ ਵਿੱਚ ਵਿਕਣ ਲੱਗਿਆ।

ਸੁਦੀਪ ਨੇ ਬਠਿੰਡੇ ਆ ਕੇ ਕਹਾਣੀਆਂ ਲਿਖਣੀਆਂ ਘੱਟ ਕਰ ਦਿੱਤੀਆਂ। ਸੇਠ ਚੰਗੀ ਤਨਖਾਹ ਦਿੰਦਾ ਸੀ। ਦਿੰਦਾ ਵੀ ਕਿਵੇਂ ਨਾ, 'ਸ਼ਕਤੀ ਪੰਜਾਬ' ਵਿੱਚੋਂ ਉਹਨੂੰ ਚੰਗਾ 'ਪੜਤਾ' ਪੈਂਦਾ ਸੀ। ਬਾਣੀਆਂ ਹਰ ਉਹ ਕੰਮ ਕਰਨ ਲਈ ਤਿਆਰ ਹੁੰਦਾ ਹੈ, ਜਿਸ ਵਿੱਚ ਉਹਨੂੰ 'ਪੜਤਾ' ਪੈਂਦਾ ਹੋਵੇ।

ਰੇਸ਼ਮਾ

39