ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਰੇ ਕੰਮ ਮੁਕਾ ਕੇ ਅਲਕਾ ਛੱਤ ਉੱਤੇ ਆ ਗਈ। ਗੁਟਕੀ- "ਜੀਜਾ ਸਾਲ਼ੀ ਵਿੱਚ ਕੀ ਗੁੱਝੀਆਂ ਗੱਲਾਂ ਹੋ ਰਹੀਆਂ ਨੇ?"

"ਕੋਈ ਖ਼ਾਸ ਨਹੀਂ।" ਸੁਦੀਪ ਨੇ ਸਹਿਜਤਾ ਨਾਲ ਕਿਹਾ।

"ਖ਼ਾਸ ਫੇਰ ਕਦੋਂ ਕਰਨੀਆਂ ਨੇ ਜੀਜਾ ਸਾਲ਼ੀ ਨੇ? ਨਿੱਤ ਇਹਨੂੰ ਯਾਦ ਕਰਦੇ ਓ, ਹੁਣ ਆ ਗਈ ਤਾਂ ਕਰੋ ਗੱਲਾਂ ਜੀਅ ਭਰ ਕੇ, ਆਪਣੀ ਲਾਡਲੀ ਨਾਲ।"

"ਹਾਂ, ਹੁਣ ਤਾਂ ਕਈ ਦਿਨ ਰਹੇਗੀ ਇਹ। ਗੱਲਾਂ ਵੀ ਹੁੰਦੀਆਂ ਰਹਿਣਗੀਆਂ।" ਸੁਦੀਪ ਨੇ ਕਿਹਾ।

"ਰੇਸ਼ਮਾ, ਕਿੰਨੇ ਦਿਨਾਂ ਦਾ ਪ੍ਰੋਗਰਾਮ ਬਣਾ ਕੇ ਆਈ ਐਂ?" ਅਲਕਾ ਨੇ ਪੁੱਛਿਆ।

"ਜਿੰਨੇ ਦਿਨ ਰੱਖ ਸਕੋ?"

"ਅਸੀਂ ਤਾਂ ਕਹਿੰਦੇ ਹਾਂ, ਏਥੇ ਹੀ ਰਹਿ।" ਅਲਕਾ ਹੱਸਣ ਲੱਗੀ।

"ਸ਼ਾਇਦ ਏਥੇ ਹੀ ਰਹਿਣਾ ਪੈ ਜਾਏ।" ਰੇਸ਼ਮਾ ਦੇ ਬੋਲਾਂ ਵਿੱਚ ਉਦਾਸੀ ਸੀ, ਪਰ ਮੀਆਂ ਬੀਵੀ ਨੇ ਇਸਦਾ ਕੋਈ ਨੋਟਿਸ ਨਹੀਂ ਲਿਆ।

ਅਗਲੇ ਦਿਨ ਸਵੇਰੇ ਉਹ ਜਾਗੇ ਤਾਂ ਚਾਹ ਪੀਂਦੇ ਵਕਤ ਰੇਸ਼ਮਾ ਬੋਲੀ- "ਜੀਜਾ ਜੀ, ਅੱਜ ਕਿੱਥੇ ਲੈ ਕੇ ਜਾ ਰਹੇ ਓ ਮੈਨੂੰ?"

"ਬਈ ਵਾਹ! ਤੂੰ ਸਾਡੇ ਕੋਲ ਈ ਐਂ। ਮੈਂ ਤੈਨੂੰ ਹੋਰ ਕਿਧਰ ਲੈ ਕੇ ਜਾਣੈ?"

"ਨਹੀਂ, ਮੇਰਾ ਮਤਲਬ ਏਥੇ ਬਠਿੰਡੇ ਵਿੱਚ ਕਿਹੜੀ ਕੋਈ ਥਾਂ ਹੈ, ਦੇਖਣ ਆਲ਼ੀ?"

"ਕਹਿਣ ਨੂੰ ਤਾਂ ਕਈ ਨੇ, ਪਰ ਕੀ ਪਤਾ ਉਹ ਤੇਰੇ ਦੇਖਣ ਲਈ ਥਾਂ ਹੋਵੇਗੀ ਜਾਂ ਨਹੀਂ।"

"ਮਸਲਨ?"

"ਬਠਿੰਡੇ ਦਾ ਕਿਲ੍ਹਾ ਬਹੁਤ ਮਸ਼ਹੂਰ ਐ। ਰਜ਼ੀਆ ਸੁਲਤਾਨਾ ਇਸ ਕਿਲ੍ਹੇ ਵਿੱਚ ਰਹਿ ਕੇ ਰਾਜ ਕਰਦੀ ਰਹੀ ਐ। ਇਤਿਹਾਸਕ ਕਿਲ੍ਹਾ ਹੈ।

"ਹੋਰ?"

"ਨਵੀਆਂ ਥਾਵਾਂ 'ਚੋਂ ਥਰਮਲ ਪਲਾਂਟ ਕਹਿ ਸਕਦੇ ਹਾਂ। ਉਹਦੇ ਨਾਲ ਹੀ ਰੋਜ਼ ਗਾਰਡਨ ਐ।"

"ਪੁਰਾਣੀਆਂ ਵਿਚੋਂ?"

"ਸੱਤ ਲਾਈਨਾਂ ਵਾਲਾ ਰੇਲਵੇ ਸਟੇਸ਼ਨ।"

"ਰੇਲਵੇ ਸਟੇਸ਼ਨ ਤਾਂ ਹਰ ਥਾਂ ਇੱਕੋ ਜਿਹੇ ਹੁੰਦੇ ਐ। ਉਹਦੇ ਵਿੱਚ ਕੁਛ ਨਵਾਂ ਨਹੀਂ ਹੋਵੇਗਾ, ਉਹ ਛੱਡੋ।"

"ਕੈਂਟ ਐ। ਉਹਦੇ ਵਿੱਚ ਵੀ ਨਵਾਂ ਕੁਛ ਨਹੀਂ, ਛਾਉਣੀਆਂ ਸਭ ਥਾਂ ਇੱਕੋ ਜਿਹੀਆਂ ਹੁੰਦੀਆਂ ਨੇ, ਹੈ ਨਾ?" ਉਹ ਹੱਸਿਆ।

"ਅੱਛਾ ਚਲੋ, ਰੋਜ਼ ਗਾਰਡਨ ਚੱਲਦੇ ਹਾਂ।" ਰੇਸ਼ਮਾ ਨੇ ਲਾਚੜ ਕੇ ਕਿਹਾ।

"ਠੀਕ ਐ।" ਤੇ ਫੇਰ ਸੁਦੀਪ ਅਲਕਾ ਨੂੰ ਕਹਿਣ ਲੱਗਿਆ- "ਆਲੂਆਂ ਵਾਲੇ ਪਰੌਂਠੇ ਪਕਾ ਲੈ। ਕੋਈ ਆਚਾਰ ਲੈ ਚੱਲ। ਅੰਡਿਆਂ ਦੀ ਭੁਰਜੀ। ਨਾਸ਼ਤਾ ਓਥੇ ਹੀ ਕਰਾਂਗੇ। ਬਾਰ੍ਹਾਂ ਵਜੇ ਤੋਂ ਪਹਿਲਾਂ ਵਾਪਸੀ। ਫੇਰ ਤਾਂ ਧੁੱਪ ਬਹੁਤ ਤਿੱਖੀ ਹੋ ਜਾਂਦੀ ਐ।"

44

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ