ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਤੁਸੀਂ ਦਫ਼ਤਰੋਂ ਅੱਜ ਛੁੱਟੀ ਲੈ ਲਓ।" ਰੇਸ਼ਮਾ ਨੇ ਕਿਹਾ।

"ਛੁੱਟੀ ਮੈਂ ਕੀਹਤੋਂ ਲੈਣੀ ਐ। ਏਥੋਂ ਗੁਆਂਢ ਵਿੱਚੋਂ ਕਲਰਕ ਕੁੜੀ ਨੂੰ ਫ਼ੋਨ ਕਰ ਦੇਣੈ ਬਸ। ਨਵਾਂ ਇਸ਼ੂ ਕੱਲ੍ਹ ਪੋਸਟ ਹੋ ਗਿਆ ਸੀ। ਅੱਜ ਮੈਟਰ ਦੇਣਾ ਐ ਪ੍ਰੈੱਸ ਨੂੰ, ਕੱਲ੍ਹ ਦੇ ਦਿਆਂਗੇ। ਬਸ ਅੱਲ੍ਹਾ ਅੱਲ੍ਹਾ, ਖ਼ੈਰ ਸੱਲਾ।"

ਮੰਮੀ-ਪਾਪਾ ਦੀਆਂ ਗੱਲਾਂ ਸੁਣ ਕੇ ਦਿਨੇਸ਼ ਤੇ ਸੋਨੀਆ ਆਪਣੇ ਬਸਤਿਆਂ ਵਿੱਚੋਂ ਕਾਪੀਆਂ ਕੱਢ ਕੇ ਛੁੱਟੀ ਦੀ ਅਰਜ਼ੀ ਲਿਖਣ ਲੱਗੇ।

ਰੇਸ਼ਮਾ ਨੇ ਤਿੰਨਾਂ ਬੱਚਿਆਂ ਨੂੰ ਤਿਆਰ ਕਰ ਦਿੱਤਾ। ਫੇਰ ਆਪ ਵੀ ਨ੍ਹਾ ਕੇ ਤਿਆਰ ਹੋ ਗਈ। ਓਨੀ ਦੇਰ ਤੱਕ ਸੁਦੀਪ ਅਖ਼ਬਾਰ ਪੜ੍ਹਦਾ ਰਿਹਾ। ਅਲਕਾ ਨੇ ਆਲੂ ਉੱਬਲਣੇ ਧਰ ਦਿੱਤੇ ਸਨ। ਫੇਰ ਸੁਦੀਪ ਨ੍ਹਾ ਲਿਆ। ਬੱਚੇ ਸਵੇਰ ਦਾ ਟੈਲੀਵਿਜ਼ਨ ਦੇਖਣ ਲੱਗੇ। ਅਲਕਾ ਪਰੌਂਠੇ ਪਕਾ ਰਹੀ ਸੀ। ਰੇਸ਼ਮਾ ਸੁਦੀਪ ਨੂੰ ਲੈ ਕੇ ਬੈਠ ਗਈ। ਉਹ ਇੱਕ ਅਲੱਗ ਕਮਰੇ ਵਿੱਚ ਸਨ। ਰੇਸ਼ਮਾ ਕਹਿ ਰਹੀ ਸੀ- "ਜੀਜਾ ਜੀ, ਲਓ ਮੈਂ ਤੁਹਾਨੂੰ ਇੱਕ ਔਰਤ ਦੀ ਸੱਚੀ ਕਹਾਣੀ ਸੁਣਾਉਂਦੀ ਹਾਂ।"

"ਕੱਲ੍ਹ ਜੋ ਸੁਣਾਈ ਸੀ, ਉਹ ਨਹੀਂ ਸੀ ਸੱਚੀ?"

"ਉਹ ਵੀ ਸੱਚੀ ਸੀ। ਇੱਕ ਹੋਰ ਸੁਣੋ। ਇਹ ਵੀ ਲਿਖਿਓ।"

"ਚੱਲ, ਸੁਣਾ ਦੇ।"

"ਉਹ ਔਰਤ ਨੇ ਖ਼ੁਦ ਮੈਨੂੰ ਇਹ ਗੱਲ ਸੁਣਾਈ ਸੀ। ਦੋ ਦੋਸਤ ਨੇ ਓਥੇ ਅੰਮ੍ਰਿਤਸਰ ਹੀ ਇੱਕ ਧਾਗਾ ਫ਼ੈਕਟਰੀ ਵਿੱਚ ਕੰਮ ਕਰਦੇ ਐ। ਇੱਕੋ ਕਮਰੇ ਵਿੱਚ ਰਹਿੰਦੇ ਹੁੰਦੇ, ਹੁਣ ਵੀ ਓਸੇ ਕਮਰੇ ਵਿੱਚ ਨੇ। ਲਓ ਜੀ, ਬੜਾ ਪਿਆਰ ਦੋਵਾਂ ਵਿੱਚ। ਸਕੇ ਭਰਾਵਾਂ ਤੋਂ ਵੱਧ। ਜਿਵੇਂ ਇੱਕ ਨੂੰ ਦੂਜੇ ਵਿੱਚ ਦੀ ਸਾਹ ਆਉਂਦਾ ਹੋਵੇ। ਇੱਕੋ ਖਾਣ-ਪੀਣ, ਇੱਕੋ ਜਿਹੇ ਕੱਪੜੇ ਆਉਂਦੇ। ਮਿੱਤਰ-ਮੰਡਲ ਵਿੱਚੋਂ ਫੇਰ ਇੱਕ ਦਾ ਵਿਆਹ ਹੋ ਗਿਆ। ਸ਼ਾਦੀ-ਸ਼ੁਦਾ ਬੰਦੇ ਨੇ ਆਪਣੀ ਘਰਵਾਲੀ ਨੂੰ ਪਹਿਲੇ ਦਿਨ ਹੀ ਕਹਿ ਦਿੱਤਾ ਕਿ ਉਹ ਉਹਦੇ ਦੋਸਤ ਨੂੰ ਆਪਣਾ ਪਤੀ ਸਮਝੇ। ਉਹਨਾਂ ਵਿੱਚ ਕੋਈ ਫ਼ਰਕ ਨਹੀਂ। ਉਹ ਚੀਜ਼ ਵੰਡ ਕੇ ਖਾਂਦੇ ਹਨ। ਪਤੀ ਦੀ ਗੱਲ ਸੁਣ ਕੇ ਉਹਦੇ ਜਿਵੇਂ ਔਸਾਣ ਹੀ ਮਾਰੇ ਗਏ ਹੋਣ। ਉਹਦੀ ਹੋਸ਼ ਉੱਡ ਗਈ। ਉਹਨੂੰ ਕੋਈ ਸਮਝ ਨਹੀਂ ਆਈ ਕਿ ਉਹ ਬੁਰਾ ਕਰ ਰਹੀ ਹੈ। ਸੁਪਨੇ ਜਿਹੀ ਜ਼ਿੰਦਗੀ ਵਿੱਚ ਕਈ ਮਹੀਨੇ ਲੰਘ ਗਏ। ਹੁਣ ਉਹਨੂੰ ਬੱਚਾ ਹੋਣਾ ਹੈ, ਪਰ ਉਹਨੂੰ ਸੋਝੀ ਨਹੀਂ ਕਿ ਉਹ ਆਪਣੇ ਆਉਣ ਵਾਲੇ ਬੱਚੇ ਦੇ ਚਿਹਰੇ ਵਿੱਚ ਕਿਸ ਮਰਦ ਦੀ ਨੁਹਾਰ ਦੇਖੇਗੀ। ਕੁਝ ਉਹਦੇ ਅੰਦਰੋਂ ਖੁਰਦਾ ਰਹਿੰਦਾ ਹੈ। ਵਿਆਹ ਦਾ ਸੰਕਲਪ ਕਦੇ ਉਹਦੇ ਚੇਤੇ ਵਿੱਚ ਆਇਆ ਹੀ ਨਹੀਂ। ਵਿਆਹ ਦੇ ਨਾਉਂ ਉੱਤੇ ਉਹਨੂੰ ਵੇਸਵਾਪਣ ਮਿਲਿਆ। ਉਹ ਇਹ ਵੀ ਨਹੀਂ ਸੋਚ ਸਕਦੀ ਕਿ ਹੁਣ ਕੀ ਕੀਤਾ ਜਾਵੇ। ਉਹਦਾ ਪਤੀ ਉਹਨੂੰ ਤਾਂ ਛੱਡ ਸਕਦਾ ਹੈ, ਆਪਣੇ ਦੋਸਤ ਨੂੰ ਕਦੇ ਨਹੀਂ ਛੱਡੇਗਾ।"

"ਪਲਾਸਟਿਕ ਦੀ ਟੋਕਰੀ ਵਿੱਚ ਖਾਣ-ਪੀਣ ਦਾ ਸਾਰਾ ਸਾਮਾਨ ਪਾ ਕੇ ਉਹ ਚੱਲ ਪਏ। ਘਰ ਨੂੰ ਬਾਹਰੋਂ ਜਿੰਦਾ ਲਾ ਦਿੱਤਾ। ਕਾਫ਼ੀ ਦਿਨ ਚੜ੍ਹ ਆਇਆ ਸੀ। ਉਹ ਬਾਜ਼ਾਰ ਵਿੱਚ ਆ ਗਏ ਤੇ ਰਿਕਸ਼ਿਆਂ ਦੀ ਇੰਤਜ਼ਾਰ ਕਰਨ ਲੱਗੇ। ਸੁਦੀਪ ਇੱਕ ਦੁਕਾਨ ਉੱਤੇ ਗਿਆ ਤੇ ਆਪਣੇ ਦਫ਼ਤਰ ਦੀ ਕਲਰਕ-ਕੁੜੀ ਨੂੰ ਫ਼ੋਨ ਕਰ ਦਿੱਤਾ। ਓਦੋਂ ਤੱਕ ਉਹ ਦਫ਼ਤਰ ਆ ਚੁੱਕੀ ਸੀ।

ਰੇਸ਼ਮਾ

45