ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/46

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੋ ਰਿਕਸ਼ਿਆਂ ਵਿੱਚ ਉਹ ਜਾ ਰਹੇ ਸਨ। ਰਾਹ ਵਿੱਚ ਸੜਕ ਉੱਤੇ ਦੋ ਨਵੇਂ ਸਿਨਮਾ ਘਰ ਆਏ। ਰੇਸ਼ਮਾ ਸੁਦੀਪ ਨਾਲ ਬੈਠੀ ਹੋਈ ਸੀ ਤੇ ਨਾਲ ਹੀ ਰੇਸ਼ਮਾ ਦਾ ਮੁੰਡਾ ਰੋਹਿਤ। ਅਲਕਾ ਆਪਣੇ ਦੋਵੇਂ ਬੱਚਿਆਂ ਨੂੰ ਲੈ ਕੇ ਦੂਜੇ ਰਿਕਸ਼ਾ ਵਿੱਚ ਸੀ। ਟੋਕਰੀ ਵੀ ਉਹਦੇ ਕੋਲ ਸੀ। ਸੁਦੀਪ ਨੇ ਦੱਸਿਆ ਕਿ ਇਹ ਦੋਵੇਂ ਸਿਨਮਾਘਰ ਬਠਿੰਡੇ ਦੀ ਨਵੀਂ ਉਸਾਰੀ ਵੇਲੇ ਬਣੇ ਸਨ। ਨਹੀਂ ਤਾਂ ਪਹਿਲਾਂ ਬਠਿੰਡੇ ਵਿੱਚ ਸਿਰਫ਼ ਇੱਕ ਸਿਨਮਾਘਰ ਹੁੰਦਾ ਸੀ। ਉਹ ਹੁਣ ਬੰਦ ਪਿਆ, ਉਹਦਾ ਕੋਈ ਝਗੜਾ ਚੱਲ ਰਿਹਾ ਹੈ। ਰੇਸ਼ਮਾ ਨੇ ਦੋਵੇਂ ਸਿਨਮਿਆਂ ਦੇ ਬੋਰਡਾਂ ਵੱਲ ਝਾਤ ਤਾਂ ਮਾਰੀ ਕਿ ਕਿਹੜੀ-ਕਿਹੜੀ ਪਿਕਚਰ ਲੱਗੀ ਹੋਈ ਹੈ, ਪਰ ਪਿਕਚਰ ਦੇਖਣ ਦੀ ਦਿਲਚਸਪੀ ਨਹੀਂ ਦਿਖਾਈ। ਨਹੀਂ ਤਾਂ ਨਵੀਂ ਫ਼ਿਲਮ ਦਾ ਨਾਉਂ ਸੁਣ ਕੇ ਉਹ ਟੱਪ ਉੱਠਿਆ ਕਰਦੀ ਸੀ- "ਜੀਜਾ ਜੀ, ਹਾਏ! ਇਹ ਫ਼ਿਲਮ ਤਾਂ ਮੈਂ ਜ਼ਰੂਰ ਦੇਖਾਂਗੀ।" ਪਰ ਇਹ ਗੱਲਾਂ ਅੰਮ੍ਰਿਤਸਰ ਦੀਆਂ ਸਨ। ਜਦੋਂ ਉਹ ਕੰਵਾਰੀ ਹੁੰਦੀ। ਜਦੋਂ ਉਹ ਵਕਤ ਦੇ ਝਮੇਲਿਆਂ ਵਿੱਚ ਤਿਲ-ਮਾਤਰ ਵੀ ਨਹੀਂ ਫ਼ਸੀ ਸੀ। ਵਿਆਹ ਨੇ ਪਤਾ ਨਹੀਂ ਹੁਣ ਉਹਨੂੰ ਐਨਾ ਗੰਭੀਰ ਕਿਉਂ ਕਰ ਦਿੱਤਾ ਸੀ। ਉਹ ਐਸੀ 'ਸਮਝਦਾਰ' ਜਿਹੀ ਕਿਉਂ ਬਣ ਗਈ ਸੀ? ਉਹਦੀਆਂ ‘ਸਮਝਾਂ’ ਨੇ ਤਾਂ ਜਿਵੇਂ ਉਹਨੂੰ ਦਸ ਵਰ੍ਹੇ ਅਗਾਂਹ ਲਿਜਾ ਕੇ ਕਿਸੇ ਉਦਾਸ ਜਿਹੀ ਫ਼ਿਜ਼ਾ ਵਿੱਚ ਖੜ੍ਹਾ ਕਰ ਦਿੱਤਾ ਹੋਵੇ।

ਸੁਦੀਪ ਸੋਚ ਰਿਹਾ ਸੀ ਕਿ ਰੇਸ਼ਮਾ ਆਪਣੇ ਸੱਸ-ਸਹੁਰੇ, ਕਿਸੇ ਨਣਦ-ਦਿਉਰ ਜਾਂ ਤਰਸੇਮ ਲਾਲ ਦੀ ਗੱਲ ਕਿਉਂ ਨਹੀਂ ਕਰਦੀ, ਹੋਰਾਂ ਦੀਆਂ ਕਹਾਣੀਆਂ ਹੀ ਸੁਣਾਉਂਦੀ ਜਾ ਰਹੀ ਹੈ?

ਰੋਜ਼ ਗਾਰਡਨ ਜਾ ਕੇ ਪਹਿਲਾਂ ਤਾਂ ਉਹਨਾਂ ਸਭ ਨੇ ਫਿਰ ਤੁਰ ਕੇ ਫੁੱਲਾਂ ਦੇ ਬੂਟੇ ਦੇਖੇ। ਹਰ ਕਿਆਰੀ ਦੀ ਤਖਤੀ ਪੜ੍ਹਦੇ ਜਾ ਰਹੇ ਸਨ। ਸੁਦੀਪ ਖ਼ਾਸ ਤੌਰ 'ਤੇ ਰੇਸ਼ਮਾ ਨੂੰ ਫੁੱਲਾਂ ਬਾਰੇ ਦੱਸ ਰਿਹਾ ਸੀ। ਬੱਚਿਆਂ ਨੂੰ ਫੁੱਲ ਬੂਟੇ ਦੇਖਣ ਦਾ ਕੋਈ ਖ਼ਾਸ ਚਾਅ ਨਹੀਂ ਸੀ। ਉਹ ਤਾਂ ਇੱਕ ਦੂਜੇ ਨੂੰ ਛੇੜਦੇ ਤੇ ਭੱਜਦੇ ਹੋਏ ਦੂਰ ਨਿੱਕਲ ਜਾਂਦੇ। ਫੇਰ ਓਧਰੋਂ ਭੱਜੇ ਆਉਂਦੇ ਤੇ ਮੰਮੀਆਂ ਕੋਲ ਆ ਖੜ੍ਹਦੇ। ਮੰਮੀਆਂ ਦੇ ਹੱਥਾਂ ਦੀਆਂ ਉਂਗਲਾਂ ਫੜ ਕੇ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ। ਘੰਟਾ ਭਰ ਘੁੰਮ ਫਿਰ ਕੇ ਉਨ੍ਹਾਂ ਨੇ ਇੱਕ ਟੂਟੀ ਤੋਂ ਪਾਣੀ ਪੀਤਾ। ਫੇਰ ਇੱਕ ਵੱਡੇ ਸਾਰੇ ਥੜ੍ਹੇ ਦੀ ਛਾਂ ਵਿੱਚ ਘਾਹ ਉੱਤੇ ਬੈਠ ਗਏ। ਬੱਚੇ ਟਿਕ ਕੇ ਨਹੀਂ ਬੈਠ ਰਹੇ ਸਨ। ਅਲਕਾ ਉਹਨਾਂ ਨੂੰ ਝਿੜਕ-ਝਿੜਕ ਬਿਠਾਉਂਦੀ, ਪਰ ਉਹ ਝਿੜਕਾਂ ਦੀ ਕੋਈ ਪਰਵਾਹ ਨਾ ਕਰਦੇ ਤੇ ਉੱਠ ਕੇ ਏਧਰ-ਓਧਰ ਭੱਜ ਜਾਂਦੇ, ਫੁੱਲਾਂ ਉੱਤੇ ਬੈਠੀਆਂ ਤਿਤਲੀਆਂ ਵਾਂਗ। ਅਲਕਾ ਘਾਹ ਉੱਤੇ ਟੇਢੀ ਹੋ ਗਈ। ਉਹ ਥੱਕੀ ਥੱਕੀ ਲੱਗਦੀ ਸੀ। ਬੱਚੇ ਹੁਣ ਦੂਰ ਜਾ ਚੁੱਕੇ ਸਨ। ਤਿਤਲੀਆਂ ਮਗਰ ਦੌੜਦੇ-ਦੌੜਦੇ। ਰੇਸ਼ਮਾ ਨੇ ਇੱਕ ਹੋਰ ਕਹਾਣੀ ਛੋਹ ਦਿੱਤੀ। ਕਹਿ ਰਹੀ ਸੀ- "ਇਹ ਬਿਲਕੁਲ ਸੱਚੀ ਐ।"

"ਤੂੰ ਸੱਚੀ ਆਖ ਕੇ ਸੁਣਾ ਰਹੀ ਐਂ ਤਾਂ ਮੈਂ ਸੱਚੀ ਸਮਝ ਕੇ ਹੀ ਸੁਣ ਰਿਹਾਂ, ਸੁਣਾ।"

"ਜਿੱਥੇ ਸਾਡਾ ਪੁਰਾਣਾ ਮਕਾਨ ਹੈ ਨਾ, ਓਸੇ ਮੁਹੱਲੇ ਦੀ ਦੂਜੀ ਗਲੀ ਵਿੱਚ ਇੱਕ ਹਵੇਲੀ ਹੈ, ਛੋਟੀਆਂ ਇੱਟਾਂ ਦੀ, ਤੁਸੀਂ ਦੇਖੀ ਹੋਣੀ ਐ। ਮੇਨ-ਗੇਟ ਉੱਚਾ ਜਿਹਾ,

46

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ