ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/47

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦਿਹਲੀ ਤੱਕ ਤਿੰਨ ਚਾਰ ਪੌੜੀਆਂ ਨੇ। ਓਸ ਹਵੇਲੀ ਨੂੰ ਰਾਮ ਦਾਸ ਹਵੇਲੀ ਆਖਦੇ ਨੇ। ਸੇਠ ਰਾਮ ਦਾਸ ਬੜਾ ਵੱਡਾ ਵਪਾਰੀ ਸੀ, ਕੱਪੜੇ ਦਾ। ਉਹਦੇ ਚਾਰ ਮੰਡੇ ਸੀ ਹੁਣ ਤਿੰਨ ਰਹਿ ਗਏ। ਇੱਕ ਮਰ ਗਿਆ। ਵੱਡੇ ਤੋਂ ਛੋਟਾ ਸੀ, ਮਰਨ ਵਾਲਾ। ਖਾਨਦਾਨੀ ਰਵਾਇਤ, ਉਨ੍ਹਾਂ ਦੇ ਪਰਿਵਾਰਾਂ ਵਿੱਚ ਬਹੂ ਜੇ ਰੰਡੀ ਹੋ ਜਾਏ ਤਾਂ ਮਾਪੇ ਉਹਦਾ ਦੂਜਾ ਵਿਆਹ ਨਹੀਂ ਕਰਦੇ। ਉਹ ਸਹੁਰੇ ਘਰ ਹੀ ਆਪਣੀ ਸਾਰੀ ਉਮਰ ਬਿਤਾ ਦਿੰਦੀ ਹੈ। ਉਹਦਾ ਇੱਕ ਬੱਚਾ ਵੀ ਹੈ। ਉਹਨੂੰ ਵੱਖਰਾ ਕਮਰਾ ਦਿੱਤਾ ਹੋਇਆ ਹੈ। ਸਾਰਾ ਟੱਬਰ ਇਕੱਠਾ ਹੈ। ਸਾਰਿਆਂ ਦੀ ਇੱਕ ਥਾਂ ਰੋਟੀ ਬਣਦੀ ਹੈ। ਓਸ ਔਰਤ ਦੇ ਦੋਵੇਂ ਦਿਉਰ ਵਿਆਹੇ ਵਰ੍ਹੇ ਨੇ। ਉਹ ਰੰਡੀ-ਔਰਤ ਤਿੰਨਾਂ ਭਰਾਵਾਂ ਦੀ ਰਖੇਲ ਬਣ ਕੇ ਰਹਿ ਗਈ ਹੈ। ਜੇਠ ਕੋਈ ਵੀ ਮੌਕਾ ਤਾੜ ਕੇ ਉਹਦੇ ਕਮਰੇ ਵਿੱਚ ਆ ਵੜਦਾ ਹੈ। ਦਿਉਰ ਵੀ ਏਵੇਂ ਹੀ ਕਰਦੇ ਨੇ। ਉਹ ਆਪਣੇ ਮਾਂ-ਬਾਪ ਕੋਲ ਜਾਵੇ ਤਾਂ ਪੰਜਾਂ ਸੱਤਾਂ ਦਿਨਾਂ ਬਾਅਦ ਹੀ ਕੋਈ ਉਹਨੂੰ ਜਾ ਕੇ ਲੈ ਆਉਂਦਾ ਹੈ। ਕਦੇ-ਕਦੇ ਦਿਉਰ ਤੇ ਕਦੇ ਜੇਠ ਸਾਹਿਬ। ਤਿੰਨਾਂ ਦੀਆਂ ਬਹੂਆਂ ਨੂੰ ਸਭ ਪਤਾ ਹੈ, ਪਰ ਬੋਲਦੀ ਕੁਸਕਦੀ ਕੋਈ ਨਹੀਂ। ਖ਼ਾਨਦਾਰੀ ਰੋਅਬ ਬਹੁਤ ਭਾਰੂ ਹੈ। ਉਹ ਵਿਚਾਰੀ ਘਰ ਵਿੱਚ ਖਾਧੀ ਜਾਣ ਵਾਲੀ ਇੱਕ ਵਸਤੁ ਬਣ ਕੇ ਰਹਿ ਗਈ, ਜਿਵੇਂ ਕੱਕੜੀ ਖਰਬੂਜ਼ਾ ਜਾਂ ਕੋਈ ਵੀ ਚੀਜ਼। ਫਰਿੱਜ ਵਿੱਚ ਪਈ ਹੋਈ, ਕੋਈ ਵੀ ਫਰਿੱਜ ਖੋਲ੍ਹੇ ਤੇ ਇੱਛਾ ਅਨੁਸਾਰ ਖਾ ਲਵੇ।"

"ਓਸ ਔਰਤ ਨੇ ਕਦੇ ਕੋਈ ਇਨਕਾਰ ਦੀ ਭਾਵਨਾ ਨਹੀਂ ਦਿਖਾਈ?" ਸੁਦੀਪ ਨੇ ਪੁੱਛਿਆ।

"ਉਹ ਖਾਨਦਾਨੀ ਔਰਤ ਐ। ਬਾਹਰ ਤਾਂ ਇਹ ਹਵਾ ਬਣੀ ਹੋਈ ਹੈ ਕਿ ਤਿੰਨੇ ਭਰਾ ਆਪਣੀ ਇੱਕ ਵਿਧਵਾ ਭਰਜਾਈ ਦੀ ਕਿੰਨੀ ਸੇਵਾ-ਸੰਭਾਲ ਕਰਦੇ ਨੇ। ਭਤੀਜਾ ਪਲ ਰਿਹਾ ਹੈ। ਉਹ ਕੋਈ ਵਿਦਰੋਹ ਕਰੇਗੀ ਤਾਂ ਬਾਹਰਲੀ ਹਵਾ ਖ਼ਰਾਬ ਹੋ ਜਾਏਗੀ। ਉਹ ਚੁੱਪ-ਚਾਪ ਸਭ ਸਹਿੰਦੀ ਜਾ ਰਹੀ ਹੈ। ਖ਼ਾਨਦਾਨ ਦੀ ਸਾਊ ਨੂੰਹ-ਧੀ ਜੋ ਹੋਈ।"

"ਉਂਝ ਕਦੇ ਵੀ ਕੋਈ ਹੋਰ ਘਟਨਾ ਵਾਪਰੀ ਹੋਵੇ?"

"ਹਾਂ, ਇਹੀ ਮੈਂ ਤੁਹਾਨੂੰ ਦੱਸਣ ਲੱਗੀ ਸੀ। ਉਨ੍ਹਾਂ ਦੀ ਕੱਪੜੇ ਦੀ ਬਹੁਤ ਵੱਡੀ ਦੁਕਾਨ ਹੈ। ਥੋਕ ਦੀ ਦੁਕਾਨ। ਲੱਖਾਂ ਰੁਪਏ ਦਾ ਲੈਣ-ਦੇਣ ਰਹਿੰਦਾ ਹੈ। ਦੁਕਾਨ ਉੱਤੇ ਅਠਾਰਾਂ ਵੀਹ ਨੌਕਰ ਵੀ ਕੰਮ ਕਰਦੇ ਨੇ। ਨੌਕਰ ਘਰ ਵੀ ਕੰਮਾਂ-ਕਾਰਾਂ ਦੇ ਸਿਲਸਿਲੇ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ। ਇੱਕ ਨੌਕਰ-ਮੁੰਡੇ ਨਾਲ ਇੱਕ ਵਾਰ ਉਸ ਰੰਡੀ-ਔਰਤ ਦਾ ਸੰਬੰਧ ਹੋ ਗਿਆ। ਕਿਵੇਂ ਹੋ ਗਿਆ, ਕਦੋਂ ਹੋ ਗਿਆ, ਕਿਸੇ ਨੂੰ ਕੋਈ ਪਤਾ ਨਹੀਂ। ਇੱਕ ਦਿਨ ਉਨ੍ਹਾਂ ਨੂੰ ਦੇਖ ਲਿਆ, ਜੇਠ ਦੀ ਘਰਵਾਲੀ ਨੇ। ਉਹਨੇ ਅਗਾਂਹ ਆਪਣੇ ਪਤੀ ਨੂੰ ਦੱਸ ਦਿੱਤਾ। ਹਵੇਲੀ ਵਿੱਚ ਤੂਫ਼ਾਨ ਖੜ੍ਹਾ ਹੋ ਗਿਆ। ਨੌਕਰ-ਮੁੰਡੇ ਨੂੰ ਪੁਲਿਸ-ਥਾਣੇ ਪਹੁੰਚਾ ਦਿੱਤਾ ਗਿਆ। ਸਿਪਾਈਆਂ ਨੇ ਉਹਦੀ ਚੰਗੀ ਕੁਟਾਈ ਕੀਤੀ। ਫੇਰ ਸੇਠਾਂ ਨੇ ਉਹਨੂੰ ਕੰਮ ਤੋਂ ਹਟਾ ਦਿੱਤਾ। ਓਧਰ ਬਹੂ ਨੂੰ ਚਾਰ ਦਿਨ ਅੰਦਰ ਕਮਰੇ ਵਿੱਚ ਬੰਦ ਰੱਖਿਆ। ਨਾ ਰੋਟੀ, ਨਾ ਪਾਣੀ। ਉਹਦੇ ਰੌਂਦੇ-ਕੁਰਲਾਉਂਦੇ ਮੁੰਡੇ ਨੂੰ ਚਾਚੀਆਂ ਸੰਭਾਲਦੀਆਂ ਰਹੀਆਂ। ਮੁੜ ਕੇ ਨੋਜਵਾਨ ਨੌਕਰਾਂ ਦਾ ਘਰ ਆਉਣਾ-ਜਾਣਾ ਬੰਦ। ਚਾਰ ਬੁੱਢੇ-ਠੇਰੇ ਹੀ ਆਉਂਦੇ।"

ਰੇਸ਼ਮਾ

47