ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਅਜੀਬ ਖ਼ਾਨਦਾਨੀ ਰਿਵਾਇਤਾਂ ਨੇ ਬਈ ਇਹ ਤਾਂ। ਮੈਂ ਕਹਾਣੀ ਲਿਖੀ ਤਾਂ ਉਹ ਔਰਤ ਦੇ ਮੂੰਹੋਂ ਨੰਗਾ ਸੱਚ ਬੁਲਵਾ ਦਿਆਂਗਾ। ਅਜਿਹੇ ਖ਼ਾਨਦਾਨੀ ਵੱਕਾਰ ਦਾ ਚੌਰਾਹੇ ਵਿੱਚ ਭਾਂਡਾ ਭੰਨਣਾ ਚਾਹੀਦਾ ਹੈ। ਉਹ ਔਰਤ ਉਸ ਖ਼ਾਨਦਾਨ ਦੀ ਝੂਠੀ ਇੱਜ਼ਤ ਨੂੰ ਮਿੱਟੀ ਵਿੱਚ ਮਿਲਾ ਸਕਦੀ ਹੈ। ਕਹਾਣੀ ਦਾ ਇਸ ਤਰ੍ਹਾਂ ਦਾ ਹੀ ਕੋਈ ਅੰਤ ਹੋਣਾ ਚਾਹੀਦਾ ਹੈ।"

"ਲਿਖੋ ਫੇਰ। ਏਸੇ ਕਰਕੇ ਤਾਂ ਤੁਹਾਨੂੰ ਸੁਣਾਈ ਹੈ ਇਹ ਕਹਾਣੀ।"

ਉਹਨਾਂ ਨੇ ਦੇਖਿਆ, ਅਲਕਾ ਘਾਹ ਉੱਤੇ ਹੀ ਸੌਂ ਚੁੱਕੀ ਸੀ। ਹਵਾ ਵਿੱਚ ਅਜੇ ਕੁਝ ਠੰਡਕ ਸੀ। ਉਹਦੇ ਨਿੱਕੇ-ਨਿੱਕੇ ਘੁਰਾੜੇ ਸੁਗੰਧੀਆਂ ਭਰੀ ਖ਼ਾਮੋਸ਼ ਫ਼ਿਜ਼ਾ ਵਿੱਚ ਤਰੰਗਾਂ ਛੇੜ ਰਹੇ ਸਨ। ਰੋਜ਼ ਗਾਰਡਨ ਵਿੱਚ ਇਸ ਸਮੇਂ ਬਹੁਤ ਘੱਟ ਲੋਕ ਆਉਂਦੇ ਹਨ। ਸਵੇਰੇ ਤੇ ਡੂੰਘੀ ਸ਼ਾਮ ਨੂੰ ਹੀ ਖ਼ਾਸ ਚਹਿਲ-ਪਹਿਲ ਹੁੰਦੀ ਹੈ।

ਥੋੜ੍ਹੇ ਸਮੇਂ ਬਾਅਦ ਰੋਹਿਤ ਆਉਂਦਾ ਉਨ੍ਹਾਂ ਨੇ ਦੇਖਿਆ। ਸੋਨੀਆ ਉਹਨੂੰ ਵਰਿਆਉਂਦੀ ਆ ਰਹੀ ਸੀ, ਪਰ ਉਹਦੀ ਰੀਂ-ਰੀਂ ਜਾਰੀ ਸੀ। ਸੋਨੀਆ ਨੇ ਨੇੜੇ ਆ ਕੇ ਦੱਸਿਆ ਕਿ ਦੀਨੂੰ ਤੇ ਰੋਹੀ ਦਾ ਇੱਕ ਫੁੱਲ ਪਿੱਛੇ ਝਗੜਾ ਹੋ ਗਿਆ। ਦੀਨੂੰ ਨੇ ਰੋਹੀ ਨੂੰ ਮਾਰਿਆ ਹੈ। ਪਿੱਛੇ-ਪਿੱਛੇ ਆ ਰਿਹਾ ਦਿਨੇਸ਼ ਰੋਹੀ ਦੀ ਸ਼ਿਕਾਇਤ ਲਾ ਰਿਹਾ ਸੀ ਕਿ ਰੋਹੀ ਨੇ ਉਸ ਨੂੰ ਗਾਲ੍ਹ ਕੱਢੀ।

ਰੇਸ਼ਮਾ ਰੋਹਿਤ ਨੂੰ ਗੋਦੀ ਵਿੱਚ ਲੈ ਕੇ ਪਿਆਰ ਕਰਨ ਲੱਗੀ। ਬੱਚਿਆਂ ਦਾ ਰੌਲ਼ਾ-ਗੌਲ਼ਾ ਸੁਣ ਕੇ ਅਲਕਾ ਜਾਗ ਉੱਠੀ ਤੇ ਅੱਖਾਂ ਮਲਣ ਲੱਗੀ। ਪੁੱਛਿਆ, "ਕੀ ਟਾਈਮ ਹੋ ਗਿਆ?"

"ਨਾਸ਼ਤਾ ਕਰੀਏ, ਬੇਗ਼ਮ ਸਾਹਿਬਾ?" ਸੁਦੀਪ ਨੇ ਟੁਣਕ ਕੇ ਕਿਹਾ।

"ਹੋ ਗਈਆਂ ਗੱਲਾਂ" ਅਲਕਾ ਮੁਸਕਰਾ ਰਹੀ ਸੀ।

ਮੀਆਂ-ਬੀਵੀ ਦਾ ਵਿਵਹਾਰ ਦੇਖ ਕੇ ਰੇਸ਼ਮਾ ਹੋਰ ਉਦਾਸ ਹੋ ਗਈ। ਅੱਧਾ ਸਾਹ ਉਹਨੇ ਆਪਣੇ ਸੰਘੋਂ ਥੱਲੇ ਹੀ ਮੋੜ ਲਿਆ ਤੇ ਫੇਰ ਰੋਹਿਤ ਦੇ ਵਾਲ਼ਾਂ ਉੱਤੇ ਹੱਥ ਫੇਰਨ ਲੱਗੀ।

"ਭੁੱਖ ਤਾਂ ਖ਼ੂਬ ਲੱਗੀ ਹੋਣੀ ਐਂ, ਰੇਸ਼ਮਾ?" ਸੁਦੀਪ ਉਹਦੇ ਵੱਲ ਸਨੇਹ ਨਾਲ ਝਾਕਿਆ।

"ਤੁਹਾਨੂੰ ਨਹੀਂ ਲੱਗੀ ਭੁੱਖ? ਕਰ ਲਓ, ਨਾਸ਼ਤਾ ਤਾਂ ਕਰਨਾ ਹੀ ਕਰਨਾ ਹੈ। ਰੇਸ਼ਮਾ ਨੇ ਕਿਹਾ।

ਨਾਸ਼ਤੇ ਬਾਅਦ ਉਹ ਉੱਠਣ ਹੀ ਲੱਗੇ ਸਨ ਕਿ ਅਲਕਾ ਨੇ ਯਾਦ ਕਰਾਇਆ-"ਇਕ-ਇਕ ਕੱਪ ਚਾਹ ਵੀ ਲੈ ਲਓ। ਥਰਮਸ ਭਰ ਕੇ ਕਾਹਦੇ ਲਈ ਲਿਆਂਦੀ ਐ।"

"ਵਾਹ! ਕਮਾਲ ਐ, ਚਾਹ ਵੀ ਹੈ?" ਸੁਦੀਪ ਖਿੜ ਉੱਠਿਆ।

ਰੋਜ਼ ਗਾਰਡਨ ਤੋਂ ਬਾਹਰ ਆ ਕੇ ਉਹ ਝੀਲਾਂ ਦੇਖਣ ਲੱਗੇ। ਇੱਕ ਝੀਲ ਕਿਨਾਰੇ ਦੋ ਕਿਸ਼ਤੀਆਂ ਖੜ੍ਹੀਆਂ ਸਨ। ਬੋਟਿੰਗ ਵੀ ਹੁੰਦੀ ਹੋਵੇਗੀ।

ਧੁੱਪ ਪੂਰੀ ਤੇਜ਼ ਹੋ ਚੁੱਕੀ ਸੀ, ਪਰ ਹਾਲੇ ਤਿੱਖੀ ਲੂਅ ਨਹੀਂ ਵਗਣ ਲੱਗੀ ਸੀ। ਉਹ ਪਹਿਲਾਂ ਵਾਂਗ ਹੀ ਦੋ ਰਿਕਸ਼ਿਆਂ ਵਿੱਚ ਬੈਠ ਗਏ। ਓਸੇ ਤਰ੍ਹਾਂ ਇੱਕ ਵਿੱਚ ਸੁਦੀਪ

48

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ