ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਘੇਲੋ ਸਾਧਣੀ

ਗਲ-ਤੇੜ ਕੁੜਤੀ-ਸਲਵਾਰ ਤੇ ਸਿਰ ਦੇ ਵਾਲ਼ਾਂ ਦਾ ਬੰਦਿਆਂ ਵਾਂਗ ਜੂੜਾ ਕਰਕੇ ਦੋ ਗਜ਼ ਚਾਰਖਾਨੇ ਸਮੋਸੇ ਦਾ ਸਾਫ਼ਾ ਬੰਨ੍ਹਿਆ ਹੋਇਆ, ਨੱਕ-ਕੰਨ ਦੀ ਟੂਮ ਕੋਈ ਨਹੀਂ, ਪੈਰੀਂ ਮੋਡੀ ਜੁੱਤੀ, ਮੋਢੇ ਧਰੀ ਕੰਨ ਤੱਕ ਉੱਚੀ ਡਾਂਗ, ਇਹ ਬਘੇਲੋ ਸਾਧਣੀ ਹੈ। ਉਹਦੇ ਮੂੰਹ ’ਤੇ ਉਹਨੂੰ ਬਘੇਲ ਕੁਰ ਆਖਦੈ ਹਰ ਕੋਈ। ਅੱਗੇ ਜਾ ਰਹੀਆਂ ਦੋ ਮੱਝਾਂ ਤੇ ਇੱਕ ਵੱਛੀ, ਪਿੱਛੇ ਉਹਦਾ ਛੋਟਾ ਪੋਤਾ, ਵੱਡੇ ਮੁੰਡੇ ਦਾ, ਨੱਚਦਾ-ਟੱਪਦਾ, ਥਾਂ ਦੀ ਥਾਂ ਖੜ੍ਹਦਾ ਤੇ ਫੇਰ ਤੁਰ ਪੈਂਦਾ।

ਪਸ਼ੂ ਅਗਾਂਹ ਨਿੱਕਲ ਗਏ। ਬਘੇਲੋ ਸੱਥ ਵਿੱਚ ਖੜ੍ਹ ਗਈ ਹੈ। ਖੁੰਢ ਉੱਤੇ ਦੋ ਬੰਦੇ ਬੈਠੇ ਹਨ। ਉਹ ਉਹਨਾਂ ਨਾਲ ਕੋਈ ਗੱਲ ਕਰਦੀ ਹੈ। ਖੜ੍ਹੇ ਹੋਣ ਦਾ ਅੰਦਾਜ਼-ਡਾਂਗ ਦੀ ਇੱਕ ਹੁੱਜ ਖੁੰਢ ਦੇ ਓਟੇ ਨਾਲ, ਦੂਜੀ ਹੁੱਜ ਠੋਡੀ ਹੇਠ। ਡਾਂਗ ਦਾ ਸਿਰਾ ਮੁੱਠੀ ਵਿੱਚ ਘੁੱਟ ਰੱਖਿਆ ਹੈ। ਦੂਜਾ ਹੱਥ ਵੱਖੀ ਉੱਤੇ। ਬੜੇ ਠਰ੍ਹੰਮੇ ਨਾਲ ਗੱਲ ਕਰਦੀ ਹੈ। ਖੁੰਢ ਉੱਤੇ ਬੈਠੇ ਬੰਦੇ ਪੂਰੇ ਗੰਭੀਰ ਹਨ। ਗੱਲ ਮੁਕਾ ਕੇ ਉਹ ਮੱਝਾਂ ਮਗਰ ਤੁਰ ਪੈਂਦੀ ਹੈ। ਸੱਥ ਦੇ ਬੰਦੇ ਉਹਦੀ ਪਿੱਠ ਪਿੱਛੇ ਉਹਦੀ ਕੋਈ ਗੱਲ ਨਹੀਂ ਕਰਦੇ।

ਉਹ ਕਦੇ ਬੜੀ ਚਰਚਿਤ ਔਰਤ ਹੁੰਦੀ ਸੀ। ਹਰ ਮੂੰਹ ਉਹਦੀਆਂ ਗੱਲਾਂ ਕਰਦਾ। ਹਰ ਕੋਈ ਉਹਦੇ ਵੱਲ ਵੱਢ-ਖਾਣੀਆਂ ਅੱਖਾਂ ਨਾਲ ਝਾਕਦਾ। ਹਰ ਕੋਈ ਉਹਨੂੰ ਹੜੱਪ ਕਰ ਜਾਣਾ ਚਾਹੁੰਦਾ, ਪਰ ਹਰ ਕੋਈ ਉਹਤੋਂ ਡਰਦਾ। ਹਰ ਕੋਈ ਆਪਣੀ ਇੱਜ਼ਤ ਬਚਾ ਕੇ ਰੱਖਦਾ।

ਪੇਕਿਆਂ ਦੇ ਪਿੰਡ ਉਹ ਸਾਧ ਦੇ ਡੇਰੇ ਪੜ੍ਹਦੀ ਹੁੰਦੀ। ਹੋਰ ਮੁੰਡੇ-ਕੁੜੀਆਂ ਪੜ੍ਹਦੇ। ਸਭ ਚਿੱਟਾ ਬਾਣਾ ਪਹਿਨਦੇ। ਕੁੜੀਆਂ, ਮੁੰਡਿਆਂ ਵਾਂਗ ਰਹਿੰਦੀਆਂ, ਮੁੰਡਿਆਂ ਵਾਂਗ ਸਿਰ ਦੇ ਵਾਲ਼ਾਂ ਦਾ ਜੂੜਾ ਕਰਦੀਆਂ ਤੇ ਪੱਗਾਂ ਬੰਨ੍ਹਦੀਆਂ। ਬਘੇਲੋ ਸਾਰੀਆਂ ਕੁੜੀਆਂ ਨਾਲੋਂ ਵੱਧ ਹੁੰਦੜ-ਹੇਲ ਸੀ। ਹੱਡਾਂ-ਪੈਰਾਂ ਦੀ ਖੁੱਲ੍ਹੀ ਤੇ ਉੱਚੇ ਕੱਦ ਵਾਲੀ ਲੱਗਦੀ, ਜਿਵੇਂ ਉਹ ਕੋਈ ਭਰ ਜਵਾਨ ਤੇ ਸੋਹਣਾ ਸੁਨੱਖਾ ਮੁੰਡਾ ਹੋਵੇ। ਉਹ ਬੋਲਦੀ ਵੀ ਮੁੰਡਿਆਂ ਵਾਂਗ- "ਮੈਂ ਨ੍ਹੀ ਜਾਂਦਾ ਅੱਜ, ਪਿੰਡ ਵਿੱਚ ਦੁੱਧ ਲੈਣ ਗਜੇ ਨੂੰ।" ਜਾਂ, "ਬਈ ਮੈਂ ਖਾਉਂਗਾ ਪਹਿਲਾਂ, ਪਰਸ਼ਾਦਿਆਂ ਦੀ ਬੜੀ ਭੁੱਖ ਲੱਗੀ ਹੈ।"

ਡੇਰੇ ਦੇ ਮਹੰਤ ਦੀ ਉਹ ਕੁੰਜੀ ਮੁਖਤਿਆਰ ਬਣ ਗਈ। ਪੰਜ ਕਰੇ, ਪੰਜਾਹ ਕਰੇ, ਮਹੰਤ ਉਹਨੂੰ ਟੋਕਦਾ-ਵਰਜਦਾ ਨਹੀਂ ਸੀ। ਉਹ ਇੱਕ ਅੱਖੋਂ ਕਾਣਾ ਸੀ। ਖ਼ਾਸੀ ਉਮਰ ਦਾ ਹੋ ਚੁੱਕਿਆ ਸੀ। ਧਾਗੇ-ਤਵੀਤ ਦਿੰਦਾ ਤੇ ਵੈਦਗੀ ਵੀ ਕਰਦਾ। ਡੇਰੇ ਨਾਉਂ ਥੋੜ੍ਹੀ-

52

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ