ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/53

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਘਣੀ ਜ਼ਮੀਨ ਵੀ ਸੀ, ਪਰ ਪਿੰਡ ਵਿੱਚ ਮਹੰਤ ਦੀ ਮਾਨਤਾ ਬਹੁਤ ਸੀ। ਵਰਾਂਡੇ ਵਿੱਚ ਕਣਕ ਦੀਆਂ ਬੋਰੀਆਂ ਛੱਤਣ ਨੂੰ ਲੱਗੀਆਂ ਰਹਿੰਦੀਆਂ। ਦੁੱਧ-ਮੱਖਣ ਆਮ ਸੀ। ਲੰਗਰ ਚੌਵੀ ਘੰਟੇ ਖੁੱਲ੍ਹਾ ਰਹਿੰਦਾ। ਤੱਤਾ ਚਾਹੇ ਠੰਢਾ, ਪਰਸ਼ਾਦਾ ਹਰ ਸਮੇਂ ਮਿਲਦਾ। ਰਾਹੀ, ਪਾਂਧੀ ਕੋਈ ਆਉਂਦਾ, ਹਰ ਇੱਕ ਦੀ ਸੇਵਾ ਸੰਭਾਲ ਹੁੰਦੀ।

ਮਹੰਤ ਨਰੈਣ ਦਾਸ ਦਾ ਛੋਟਾ ਭਾਈ ਕਾਕੂ ਦੂਰ ਆਪਣੇ ਪਿੰਡ ਰਹਿੰਦਾ ਤੇ ਖੇਤੀ-ਪੱਤੀ ਦਾ ਕੰਮ ਕਰਦਾ। ਮਹੰਤ ਨੇ ਹੀ ਉਹਦਾ ਵਿਆਹ ਕੀਤਾ। ਉਹਨੂੰ ਹੋਰ ਜ਼ਮੀਨ ਲੈ ਕੇ ਦਿੱਤੀ। ਕਾਕੂ ਇੱਕ ਸੀਰੀ ਰਲ਼ਾ ਕੇ ਖੱਬੀਖਾਨ ਵਾਹੀ ਕਰਦਾ ਤੇ ਫੇਰ ਕਾਕੂ ਤੋਂ ਕਾਕਾ ਸਿਉਂ ਅਖਵਾਉਣ ਲੱਗ ਪਿਆ। ਕਾਕੇ ਦੀ ਬਹੂ ਕੋਲ ਦੋ ਕੁੜੀਆਂ ਸਨ। ਉਹ ਪੰਜਾਹਾਂ ਨੂੰ ਢੁੱਕਣ ਵਾਲਾ ਸੀ। ਉਹਦੀ ਬਹੂ ਮੁੰਡਾ ਜੰਮ ਕੇ ਮਰ ਗਈ। ਦੋ ਸਾਲਾਂ ਦਾ ਹੋ ਕੇ ਫੇਰ ਮੁੰਡਾ ਵੀ ਮਰ ਗਿਆ। ਕੁੜੀਆਂ ਉਡਾਰ ਸਨ। ਬੁਰਾ ਹਾਲ ਹੋ ਗਿਆ, ਕਾਕਾ ਸਿਉਂ ਦੇ ਘਰ ਦਾ। ਵਾਹੀ ਦਾ ਕੰਮ ਖੁਚਲ ਗਿਆ। ਉਹਦੀ ਬਹੂ ਉਹਤੋਂ ਪੰਦਰਾਂ ਸੋਲ੍ਹਾਂ ਸਾਲ ਛੋਟੀ ਸੀ। ਇਹ ਸਾਕ ਉਦੋਂ ਵੀ ਉਹਨੂੰ ਮਸਾਂ ਹੋਇਆ ਸੀ। ਹੁਣ ਇਸ ਉਮਰ ਵਿੱਚ ਡੋਲਾ ਕਿਥੋਂ? ਨਰੈਣ ਦਾਸ ਤੋਂ ਭਾਈ ਦਾ ਦੁੱਖ ਝੱਲਿਆ ਨਹੀਂ ਜਾਂਦਾ ਸੀ। ਉਹ ਸਮਝਦਾ, ਕਾਕੂ ਦਾ ਦੁੱਖ ਉਹਦਾ ਆਪਣਾ ਦੁੱਖ ਹੈ। ਉਹ ਹੋਰਾਂ ਲੋਕਾਂ ਦੇ ਕਸ਼ਟ ਨਿਵਾਰਣ ਕਰਦਾ ਸੀ, ਉਹਦਾ ਆਪਣਾ ਮਾਂ ਜਾਇਆ ਦੁਖੀ ਕਿਉਂ ਰਹੇ? ਉਹਦਾ ਤਾਂ ਅੱਧ ਵਿਚਕਾਰ ਬੇੜਾ ਡੁੱਬ ਗਿਆ ਸੀ। ਡੇਰੇ ਦੀ ਮਹੰਤੀ ਕਿਸ ਕੰਮ?

ਤੇ ਫੇਰ ਬਘੇਲੋ ਦੇ ਮਾਪਿਆਂ ਨੇ ਮਹੰਤ ਨਰੈਣ ਦਾਸ ਉੱਤੇ ਉਪਕਾਰ ਕੀਤਾ। ਉਹ ਗ਼ਰੀਬ ਜੱਟ ਸਨ। ਜ਼ਮੀਨ ਥੋੜ੍ਹੀ ਸੀ। ਖੇਤੀ ਦਾ ਕੰਮ ਮਸਾਂ ਤੁਰਦਾ। ਜਵਾਕਾਂ ਦੀ ਪੂਰੀ ਪਾਲ। ਪੰਜ ਕੁੜੀਆਂ ਪਿੱਛੋਂ ਦੋ ਮੁੰਡੇ। ਬਘੇਲੋ ਸਭ ਤੋਂ ਵੱਡੀ। ਉਹਦਾ ਬਾਪ ਲਾਲਚ ਕਰ ਗਿਆ। ਅੰਦਰਖਾਤੇ ਉਹਨੇ ਮਹੰਤ ਤੋਂ ਪਤਾ ਨਹੀਂ ਕੀ ਕੁਝ ਲੈ ਲਿਆ ਹੋਵੇਗਾ। ਬਘੇਲੋ ਕਾਕੂ ਨੂੰ ਵਿਆਹ ਦਿੱਤੀ ਗਈ। ਜਿਵੇਂ ਗਾਂ ਦਾ ਰੱਸਾ ਕਿੱਲਿਉਂ ਖੋਲ੍ਹ ਕੇ ਕਿਸੇ ਤੀਜੇ ਤਿਹਾਕ ਨੂੰ ਫੜਾ ਦਿੱਤਾ ਹੋਵੇ। ਉਸ ਵੇਲੇ ਉਹਦੀ ਉਮਰ ਮਸਾਂ ਵੀਹ ਵਰ੍ਹਿਆਂ ਦੀ ਹੋਵੇਗੀ। ਉਹ ਤਾਂ ਜਿਵੇਂ ਗੁੰਮ-ਸੁੰਮ ਹੋ ਕੇ ਹੀ ਰਹਿ ਗਈ ਹੋਵੇ। ਕੀ ਉਭਾਸਰਦੀ ਉਹ? ਇੱਕ ਪਾਸੇ ਮਾਪਿਆਂ ਦੇ ਘਰ ਦੀ ਮੰਦਹਾਲੀ, ਦੂਜਾ ਆਪਣੇ ਗੁਰੂ ਮਹੰਤ ਨਰੈਣ ਦਾਸ ਦਾ ਨੇਕ-ਹੁਕਮ।

ਕਾਕੂ ਨੇ ਦੂਜਾ ਵਿਆਹ ਕਰਵਾ ਤਾਂ ਲਿਆ, ਚਲੋ ਰੋਟੀ ਪੱਕਦੀ ਹੋ ਗਈ। ਕੁੜੀਆਂ ਕਿੰਨੇ ਕੁ ਸਾਲ ਘਰ ਬੈਠੀਆਂ ਰਹਿੰਦੀਆਂ, ਪਰ ਉਹ ਇਸ ਉਤਾਰ ਉਮਰ ਵਿੱਚ ਮਰਦਾਂ ਜਿਹਾ ਮਰਦ ਨਹੀਂ ਰਹਿ ਗਿਆ ਸੀ। ਥੋਥ ਸੀ, ਝੂਟੀ ਜਾਂਦਾ। ਬਘੇਲੋ ਕੁੜੀਆਂ ਵਿੱਚ ਕੁੜੀ ਬਣ ਕੇ ਰਹਿੰਦੀ। ਉਹਨਾਂ ਨਾਲ ਹੱਸ ਖੇਡ ਕੇ ਦਿਨ ਨਿੱਕਲ ਜਾਂਦਾ। ਕਾਕਾ ਸੂੰ ਦਾੜ੍ਹੀ ਰੰਗ ਕੇ ਰੱਖਦਾ। ਸਿਆਲਾਂ ਵਿੱਚ ਦੁਆਈਆਂ ਪਾ ਕੇ ਪੰਜੀਰੀ ਰਲਾਉਂਦਾ। ਮਹੰਤ ਨਰੈਣ ਦਾਸ ਉਹਦੇ ਲਈ 'ਤਾਕਤ' ਦੀਆਂ ਗੋਲ਼ੀਆਂ ਭੇਜਦਾ। ਕਾਕਾ ਸਿਉਂ ਚਾਹੁੰਦਾ, ਉਹ ਮੁੜ ਕੇ ਅਠਾਰਾਂ ਬਰਸ ਦਾ ਬਣ ਜਾਵੇ। ਉਹ ਸਦਾ ਜਵਾਨ ਰਹਿਣ ਦੀ ਕੋਸ਼ਿਸ਼ ਕਰਦਾ ਰਹਿੰਦਾ। ਬਣ-ਠਣ ਕੇ ਰਹਿਣ ਲੱਗਿਆ, ਪਰ ਸੁੱਕੀ ਲੱਕੜ ਉੱਤੇ ਚਾਹੇ ਘਿਓ ਦੇ ਪੀਪੇ ਮੂਧੇ ਕਰ ਦਿਓ, ਹਰੀ ਨਹੀਂ ਹੁੰਦੀ। ਪੁਰਾਣੇ ਹੱਡਾਂ ਦਾ ਨਵੇਂ ਹੱਡ ਨਾਲ ਕਾਹਦਾ ਮੇਲ।

ਬਘੇਲੋ ਸਾਧਣੀ

53