ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/54

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਫੇਰ ਵੱਢੀ ਬਾਂਹ ਵਾਲੇ ਜੈਮਲ ਦਾ ਉਹਨਾਂ ਦੇ ਘਰ ਪਤਾ ਨਹੀਂ ਕਦੋਂ ਆਉਣ ਜਾਣ ਹੋ ਗਿਆ ਤੇ ਉਹ ਕਿਵੇਂ ਕਾਕਾ ਸਿਉਂ ਦੇ ਐਨਾ ਨੇੜੇ ਹੋ ਗਿਆ। ਜਿਵੇਂ ਕਾਕਾ ਸਿਉਂ ਨੂੰ ਜੈਮਲ ਬਗ਼ੈਰ ਸਾਹ ਨਾ ਆਉਂਦਾ ਹੋਵੇ। ਘਰੇ ਵੀ ਉਹਦੇ ਨਾਲ, ਖੇਤੀ ਵੀ ਉਹਦੇ ਨਾਲ। ਕਾਕਾ ਸਿੰਘ ਕਿਧਰੇ ਗਰਾਂ-ਘੋਹੀ ਜਾਂਦਾ, ਜੈਮਲ ਉਹਦੇ ਨਾਲ ਹੁੰਦਾ। ਜੈਮਲ ਜਿਵੇਂ ਇਸੇ ਘਰ ਵਿੱਚ ਜੰਮਿਆ-ਪਲ਼ਿਆ ਹੋਵੇ।

ਜੈਮਲ ਦੇ ਪਿਓ ਕੋਲ ਜ਼ਮੀਨ ਥੋੜ੍ਹੀ ਸੀ। ਦਿਨ ਕੱਟੀ ਜਿਹੀ ਕਰਦਾ ਉਹ। ਜੈਮਲ ਜਦੋਂ ਦਾ ਜੁਆਨ ਹੋਇਆ, ਲੋਕਾਂ ਦੇ ਕੰਮ-ਧੰਦੇ ਕਰਦਾ ਰਹਿੰਦਾ। ਇੱਕੋ ਪੁੱਤ ਸੀ ਮਾਂ ਦਾ। ਪਿਓ ਜਦੋਂ ਥਿਵ ਗਿਆ, ਜੈਮਲ ਇਧਰੋਂ-ਉੱਧਰੋਂ ਦਾਣਾ-ਫੱਕਾ ਇੱਕੱਠਾ ਕਰਕੇ ਮਾਂ ਨੂੰ ਦਿੰਦਾ ਰਹਿੰਦਾ, ਘਰ ਦਾ ਗੁਜ਼ਾਰਾ ਚੱਲੀ ਜਾਂਦਾ। ਜੈਮਲ ਨੂੰ ਐਬ ਕੋਈ ਨਹੀਂ ਸੀ। ਉਹ ਸ਼ਰਾਬ ਨਹੀਂ ਪੀਂਦਾ ਸੀ। ਮੁੰਡਿਆਂ ਦੀ ਢਾਣੀ ਵਿੱਚ ਬੈਠ ਕੇ ਮੁੰਡਿਆਂ ਵਾਲੀਆਂ ਗੱਲਾਂ ਨਾ ਕਰਦਾ। ਉਹਨਾਂ ਦੀਆਂ ਗੰਦੀਆਂ ਗੱਲਾਂ ਸੁਣਦਾ ਵੀ ਨਾ, ਉੱਠ ਕੇ ਤੁਰ ਜਾਂਦਾ। ਮੁੰਡੇ ਉਹਨੂੰ 'ਮੋਨੀ ਸਾਧ' ਆਖਦੇ ਹੁੰਦੇ। ਕੰਮ ਨੂੰ ਪੂਰਾ ਜ਼ੋਰਾਵਰ ਸੀ।

ਸੰਧੂਆਂ ਦੀ ਘੁਲਾੜੀ 'ਤੇ ਉਹ ਦੋ ਰਾਤਾਂ ਦਾ ਉਂਘਾਇਆ ਸੀ। ਗੱਡਿਆਂ ਦੇ ਗੱਡੇ ਇੱਖ। ਮੁੱਕਣ ਵਿੱਚ ਹੀ ਨਹੀਂ ਸੀ ਆਉਂਦਾ। ਤੀਜੀ ਰਾਤ ਵੀ ਉਹ ਘੁਲਾੜੀ ਵਿੱਚ ਗੰਨੇ ਲਾ ਰਿਹਾ ਸੀ। ਪਤਾ ਨਹੀਂ ਕਦੋਂ ਉਹਦਾ ਖੱਬਾ ਹੱਥ ਗੰਨਿਆਂ ਦੇ ਨਾਲ ਹੀ ਵੇਲਣਿਆਂ ਵਿੱਚ ਚਲਿਆ ਗਿਆ ਤੇ ਫੇਰ ਇੱਕ ਉੱਚੀ ਦਿਲ ਪਾੜਵੀਂ ਚੀਕ। ਬਲਦ ਹਿੱਕਣ ਵਾਲੇ ਨੇ ਬਲਦ ਥਾਂ ਦੀ ਥਾਂ ਖੜ੍ਹਾ ਲਏ। ਉਹ ਭੱਜ ਕੇ ਜੈਮਲ ਕੋਲ ਆਇਆ। ਉਹ ਬੁਰੀ ਤਰ੍ਹਾਂ ਕਰਾਹ ਰਿਹਾ ਸੀ। ਝੂੰਬੀ ਵਿੱਚ ਗੰਡ ਦੁਆਲੇ ਬੈਠੇ ਬੰਦੇ ਭੱਜ ਕੇ ਆਏ। "ਓਏ ਕੀ ਹੋ ਗਿਆ... ਓਏ ਕੀ ਹੋ ਗਿਆ...।" ਤੇ ਫੇਰ ਬਲਦ ਪਿੱਛੇ ਨੂੰ ਮੋੜੇ ਗਏ, ਪਰ ਭਾਣਾ ਤਾਂ ਬੀਤ ਚੁੱਕਿਆ ਸੀ। ਕੂਹਣੀ ਤੱਕ ਬਾਂਹ ਗੰਨੇ ਦਾ ਫੋਕ ਬਣੀ ਪਈ ਸੀ। ਦੋ ਜਾਣੇ ਉਹਨੂੰ ਮੰਜੇ ਉੱਤੇ ਪਾ ਕੇ ਪਿੰਡ ਲੈ ਗਏ। ਬਾਂਹ ਉੱਤੇ ਸਮੋਸਾ ਬੰਨ੍ਹ ਦਿੱਤਾ ਸੀ। ਪਿੰਡ ਦੇ ਹੀ ਪ੍ਰਾਈਵੇਟ ਡਾਕਟਰ ਨੂੰ ਜਗਾਇਆ ਗਿਆ। ਅੱਧੀ ਰਾਤ ਹੋ ਚੁੱਕੀ ਸੀ। ਉਹਨੇ ਪੱਟੀਆਂ ਕਰ ਦਿੱਤੀਆਂ ਤੇ ਸੂਆ ਲਾ ਦਿੱਤਾ। ਦਿਨ ਚੜ੍ਹਦੇ ਤੱਕ ਉਹਨੂੰ ਘਰ ਦੀ ਕੱਢੀ ਸ਼ਰਾਬ ਪਿਆਉਂਦੇ ਰਹੇ। ਸਿਤਮ ਇਹ ਕਿ ਉਹ ਉਸ ਦਿਨ ਪਹਿਲੀ ਵਾਰ ਸ਼ਰਾਬ ਪੀ ਰਿਹਾ ਸੀ। ਫੇਰ ਵੀ ਬਾਂਹ ਦੀ ਪੀੜ ਐਨੀ, ਪਹਿਲੇ ਤੋੜ ਦੀ ਸ਼ਰਾਬ ਜਿਵੇਂ ਫੋਕਾ ਪਾਣੀ ਹੋਵੇ। ਮੁੱਕਦੀ ਗੱਲ ਸ਼ਹਿਰ ਦੇ ਸਰਕਾਰੀ ਹਸਪਤਾਲ ਜਾ ਕੇ ਉਹਦੀ ਬਾਂਹ ਕੱਟਣੀ ਪਈ। ਕੂਹਣੀ ਤੱਕ ਸਾਰੀ ਦੀ ਸਾਰੀ ਬਾਂਹ। ਮੁੰਡੇ ਦਾ ਲਹੂ ਜਿਵੇਂ ਤਿੱਪ-ਤਿੱਪ ਕਰਕੇ ਸੁੱਕ ਗਿਆ ਹੋਵੇ। ਝੱਕਰੇ ਜਿੱਡਾ ਮੂੰਹ ਬਾਂਦਰ ਦੀ ਬੂਥੀ ਨਿੱਕਲ ਆਇਆ। ਪਰ ਦਿਨ ਪਾ ਕੇ ਉਹ ਫੇਰ ਭਰਨ ਲੱਗਿਆ। ਨਵਾਂ ਹੱਡ ਸੀ, ਸਰੀਰ ਵਿੱਚ ਬੱਜ ਤਾਂ ਪੈ ਗਈ, ਪਰ ਉਹ ਇਕ ਹੱਥ ਨਾਲ ਵੀ ਪਹਿਲਾਂ ਜਿੰਨਾ ਹੀ ਕੰਮ ਕਰਦਾ। ਉਹਦੀ ਸੱਜੀ ਬਾਂਹ ਜਿਵੇਂ ਲੋਹੇ ਦੀ ਬਣੀ ਹੋਵੇ। ਇੱਕ ਬਾਂਹ ਨਾਲ ਹੀ ਉਹ ਕੌਡੀ ਖੇਡਦਾ। ਟੁੰਡੀ ਬਾਂਹ ਦੇ ਡੌਲੇ ਹੇਠ ਨੱਪੇ ਅਗਲੇ ਦੇ ਮੁਰਚੇ ਨੂੰ ਸ਼ਕੰਜੇ ਵਾਂਗ ਕਸ ਲੈਂਦਾ। ਵੱਡੀ ਉਮਰ ਦੇ ਬੰਦੇ ਉਹਨੂੰ ਸ਼ਾਬਾਸ਼ ਦਿੰਦੇ-"ਜੈਮਲ ਤਾਂ ਕਿੱਲ ਆਂਗੂੰ ਠੁਕ ਜਾਂਦੈ।"

ਬਘੇਲੋ ਨੇ ਦੋ-ਦੋ ਸਾਲ ਦੀ ਵਿੱਥ ਨਾਲ ਉੱਪਰੋ-ਥਲੀ ਤਿੰਨ ਪੁੱਤ ਜੰਮੇ। ਤਿੰਨੇ ਪਾਲ਼ ਪੋਸ ਕੇ ਸ਼ੇਰ ਜਵਾਨ ਕੀਤੇ। ਸੌਕਣ ਦੀਆਂ ਦੋਵੇਂ ਧੀਆਂ ਦਾ ਸਾਰਾ ਬਣਤ ਬਣਾਇਆ। ਉਹਨਾਂ ਨੂੰ ਚੰਗੇ ਘਰੀਂ ਤੋਰਿਆ। ਫੇਰ ਆਪਣੇ ਪੁੱਤ ਵਿਆਹੁਣ ਲੱਗੀ।

54

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ