ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਨ ਪੈਂਦੇ ਗਏ। ਇੱਕ-ਇੱਕ ਕਰਕੇ ਤਿੰਨੇ ਨੂੰਹਾਂ ਘਰ ਆ ਗਈਆਂ। ਫੇਰ ਪੁੱਤਾਂ ਦਾ ਪਰਿਵਾਰ ਵਧਣ ਲੱਗਿਆ। ਮੁੰਡੇ ਇੱਕੱਠੇ ਸਨ। ਮਾਂ ਦੀ ਆਗਿਆ ਵਿੱਚ ਰਹਿੰਦੇ। ਸਿਰ-ਤੋੜ ਕਮਾਈ ਕਰਦੇ ਤੇ ਚੌਥੇ-ਪੰਜਵੇਂ ਵਰ੍ਹੇ ਨਵੀਂ ਭੋਇੰ ਗਹਿਣੇ-ਬੈਅ ਲੈਂਦੇ ਤੁਰੇ ਜਾਂਦੇ।

ਕਾਕਾ ਸਿੰਘ ਮਰ ਗਿਆ ਹੈ। ਤੀਜੇ ਮੁੰਡੇ ਨੂੰ ਵਿਆਹ ਕੇ ਮਰਿਆ। ਮੁੰਡਿਆਂ ਨੇ ਉਹਦਾ ਹਕਾਮਾ ਕੀਤਾ। ਦਾਨ-ਪੁੰਨ 'ਤੇ ਪੂਰਾ ਪੈਸਾ ਲਾਇਆ। ਅਗਵਾੜ ਵਿੱਚ ਕਾਕਾ ਸਿਉਂ ਦੇ ਘਰ ਦੀ ਬੱਲੇ-ਬੱਲੇ ਹੋ ਗਈ।

ਜੈਮਲ ਜਿਊਂਦਾ ਹੈ। ਉਹ ਬਘੇਲੋ ਦੇ ਘਰ ਹੀ ਰਹਿੰਦਾ ਸੀ। ਹੁਣ ਤਾਂ ਉਹ ਵੀ ਖ਼ਾਸਾ ਬੁੜ੍ਹਾ ਲੱਗਦਾ ਹੈ। ਬਘੇਲੋ ਦੇ ਮੁੰਡੇ ਤੇ ਨੂੰਹਾਂ ਉਹਦਾ ਪੂਰਾ ਉਕਰ-ਆਦਰ ਕਰਦੇ ਹਨ। ਚਾਚਾ-ਚਾਚਾ ਹੁੰਦੀ ਰਹਿੰਦੀ ਹੈ। ਉਹਨੂੰ ਮੰਜੇ 'ਤੇ ਬੈਠੇ ਨੂੰ ਰੋਟੀ-ਟੁੱਕ ਮਿਲਦਾ ਹੈ। ਘਰ ਦੀ ਇੱਕ ਅੱਡ ਬੈਠਕ ਵਿੱਚ ਉਹ ਰਹਿੰਦਾ ਹੈ। ਬੈਠਕ ਦੀ ਅਲਮਾਰੀ ਨੂੰ ਜਿੰਦਰੀ ਲਾ ਕੇ ਰੱਖਦਾ ਹੈ। ਬਘੇਲੋ ਦੇ ਪੋਤੇ-ਪੋਤੀਆਂ ਜੈਮਲ ਦੇ ਅੱਗੇ-ਪਿੱਛੇ ਰਹਿੰਦੇ ਹਨ ਤੇ ਰੋ-ਪਿੱਟ ਕੇ ਉਹਦੇ ਕੋਲੋਂ ਪੈਸੇ ਲੈ ਜਾਂਦੇ ਹਨ। ਕਦੇ-ਕਦੇ ਕੋਈ ਭਤੀਜਾ ਬੈਠਕ ਵਿੱਚ ਆ ਕੇ ਉਹਤੋਂ ਕੋਈ ਨੇਕ-ਸਲਾਹ ਲੈਣ ਲੱਗਦਾ ਹੈ।

ਬਘੇਲੋ ਹੀ ਜਾਣਦੀ ਹੈ, ਰੰਡੇਪੇ ਜਿਹਾ ਸੁਹਾਗ ਉਹ ਕਿਵੇਂ ਹੰਢਾਇਆ। ਸ਼ੇਰਾਂ ਦੇ ਮੂੰਹ ਵਿੱਚ ਰਹਿ ਕੇ ਉਹ ਕਿਵੇਂ ਆਪਣੀ ਜਾਨ ਬਚਾਈ ਰੱਖਦੀ ਸੀ।

ਪਹਿਲਾਂ-ਪਹਿਲਾਂ ਤਾਂ ਇਹੀ ਦੁਰ-ਚਰਚਾ ਕਿ ਉਹ ਨੰਗੇ-ਮੂੰਹ ਰਹਿੰਦੀ ਹੈ, ਕਿਸੇ ਬੁੱਢੇ-ਠੇਰੇ ਦੀ ਕੋਈ ਸੰਗ-ਸ਼ਰਮ ਨਹੀਂ, ਪਸ਼ੂਆਂ ਨੂੰ ਬੰਦਿਆਂ ਵਾਂਗ ਗਾਲ੍ਹਾਂ ਕੱਢਦੀ ਹੈ।

ਫੇਰ ਉਹਨੂੰ ਸੁਣਾਅ-ਸੁਣਾਅ ਲੋਕ ਬੋਲੀਆਂ ਮਾਰਦੇ। ਕੋਈ ਆਖਦਾ- "ਕਾਣੇ ਨੇ ਆਵਦੀ ਜੂਠੀ ਬਾਟੀ ਐਥੇ ਵਗਾਹ ਮਾਰੀ। ਚੱਟੀ ਜਾਂਦੈ ਕਾਕੂ ਧੋਲ ਦਾੜ੍ਹੀਆ।"

"ਓਏ ਧੌਲ-ਦਾੜ੍ਹੀਆ ਤਾਂ ਘਰ-ਬਾਰੀ ਐ, ਬਸ। ਬਾਟੀ ਨੂੰ ਤਾਂ ਟੁੰਡਾ ਮਾਂਜਦੈ।"

"ਖੰਡ ਦੀ ਬੋਰੀ ਐ, ਤੈਨੂੰ ਕੀ ਡਰ ਐ ਕੋਈ, ਤੂੰ ਮਾਰ ਲੈ ਫੱਕਾ।" ਪਹਿਲਾ ਦੂਜੇ ਨੂੰ ਸਮਝੌਤੀ ਦਿੰਦਾ।

ਤੇ ਫੇਰ ਦੋਵੇਂ ਮੁਸਕੜੀਏਂ ਹੱਸਣ ਲੱਗਦੇ। ਬਘੇਲੋ ਕੁਝ ਨਾ ਬੋਲਦੀ, ਕੁਝ ਨਾ ਆਖਦੀ। ਜਿਵੇਂ ਉਹਨੂੰ ਕੋਈ ਗੱਲ ਸੁਣੀ ਹੀ ਨਾ ਹੋਵੇ।

ਕਦੇ ਉਹ ਖੇਤ ਨੂੰ ਜਾ ਰਹੀ ਹੁੰਦੀ, ਕਾਕਾ ਸਿਉਂ ਦਾ ਕੋਈ ਹਾਣੀ ਬੰਦਾ ਪੈਰ ਪੁੱਟ ਕੇ ਉਹਦੇ ਨਾਲ ਜਾ ਰਲਦਾ ਤੇ ਉਹਨੂੰ ਗੱਲੀਂ ਪਾ ਲੈਂਦਾ। ਏਧਰ-ਉਧਰ ਦੀਆਂ ਮਾਰ ਕੇ ਆਪਣੀ ਜਾਣ 'ਚ ਫੇਰ ਉਹ ਮਿੱਠੀ ਚਹੇਡ ਕਰਦਾ- "ਬਘੇਲ ਕੁਰੇ, ਭਾਈ ਤਾਂ ਸਾਡਾ ਹੁਣ ਹਾਰ ਗਿਆ ਲੱਗਦੈ।"

"ਐਵੇਂ ਲੱਗਦੈ, ਓਹਿਆ ਜ੍ਹਾ ਈ ਪਿਐ। ਡਾਲ ਨ੍ਹੀ ਵਿਗੜਿਆ ਉਹਦਾ ਤਾਂ।" ਅਗਲੇ ਵੱਲ ਉਹ ਕੌੜੀ ਅੱਖ ਨਾਲ ਝਾਕਦੀ ਤੇ ਫੇਰ ਉਹ ਅਗਲੀ ਗੱਲ ਕਹੇ ਬਗ਼ੈਰ ਉਹਦੇ ਕੋਲੋਂ ਪਾਸਾ ਵੱਟਣ ਦੀ ਕਰਦਾ। ਉਹ ਅੱਗੇ ਜਾਂਦੇ ਆਪਣੇ ਡੰਗਰ-ਪਸ਼ੂਆਂ ਨੂੰ ਤਿੱਖੀਆਂ ਗਾਲ੍ਹਾਂ ਕੱਢਣ ਲੱਗਦੀ।

ਇੱਕ ਦਿਨ ਅਗਵਾੜ ਦਾ ਕਰੜ-ਬਰੜੀ ਦਾੜ੍ਹੀ ਵਾਲਾ ਇੱਕ ਬੰਦਾ ਉਹਨੂੰ ਕਹਿੰਦਾ- "ਸਾਡਾ ਦੱਸ ਕੀ ਭੁੰਨ ਕੇ ਬੀਜਿਆ ਹੋਇਐ, ਸਾਡੇ ਨਾਲ ਤੂੰ ਗੱਲ ਈ ਨ੍ਹੀਂ ਕਰਦੀ, ਟੁੰਡਾ ਸਾਲ਼ਾ ਤੀਜੇ ਗਵਾੜੋਂ।"

ਬਘੇਲੋ ਸਾਧਣੀ

55